ਸਿੱਖ ਖਬਰਾਂ

ਦਿੱਲੀ ਕਮੇਟੀ ਨੇ ਸੱਜਣ ਕੁਮਾਰ ਦੇ ਕੇਸ ਦੀ ਸੁਣਵਾਈ ਕਿਸੇ ਹੋਰ ਜੱਜ ਕੋਲ ਤਬਦੀਲ ਕਰਨ ਦੀ ਕੀਤੀ ਮੰਗ

September 16, 2015 | By

ਨਵੀਂ ਦਿੱਲੀ (16 ਸਤੰਬਰ, 2015): 1984 ਸਿੱਖ ਕਤਲੇਆਮ ਕੇਸ ’ਚ  ਕੁਮਾਰ ਦੇ ਖਿਲਾਫ ਕੜਕੜਡੂਮਾ ਕੋਰਟ ’ਚ ਸੁਣਵਾਈ ਕਰ ਰਹੇ ਜੱਜ ਕਮਲੇਸ਼ ਕੁਮਾਰ ਤੋਂ ਉਕਤ ਕੇਸ ਨੂੰ ਲੈ ਕੇ ਕਿਸੇ ਹੋਰ ਜੱਜ ਕੋਲ ਤਬਦੀਲ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਗ ਕੀਤੀ ਗਈ ਹੈ। ਦਿੱਲੀ ਹਾਈ ਕੋਰਟ ਵਿੱਖੇ ਕਲ ਅਦਾਲਤ ਬਦਲਣ ਦੀ ਦਾਇਰ ਕੀਤੀ ਗਈ ਪਟੀਸ਼ਨ ਤੇ ਅੱਜ ਸੁਣਵਾਈ ਕਰਦੇ ਹੋਏ ਜਸਟਿਸ਼ ਸਿਧਾਰਥ ਮ੍ਰਿਦੁਲ ਨੇ ਹੇਠਲੀ ਅਦਾਲਤ ਦੇ ਇਸ ਮਸਲੇ ਤੇ ਸੁਣਵਾਈ ਕਰਨ ਦੇ ਅਧਿਕਾਰ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।

Sajjan Kumar

ਸੱਜਣ ਕੁਮਾਰ

ਅਦਾਲਤ ’ਚ ਮੌਜ਼ੂਦ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬਾਹਰ ਆ ਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਮੇਟੀ ਵੱਲੋਂ ਇਸ ਪਟੀਸ਼ਨ ਨੂੰ ਦਾਖਿਲ ਕਰਨ ਦੇ ਕਾਰਨਾਂ ਦਾ ਖੁਲਾਸਾ ਕੀਤਾ। ਸਿਰਸਾ ਨੇ ਬੀਤੇ 10 ਸਤੰਬਰ ਨੂੰ ਇਸ ਕੇਸ ਦੀ ਗਵਾਹ ਸ਼ੀਲਾ ਕੌਰ ਦੀ ਗਵਾਹੀ ਵੇਲੇ ਜੱਜ਼ ਕਮਲੇਸ਼ ਕੁਮਾਰ ਵੱਲੋਂ ਗਵਾਹ ਦੇ ਬਿਆਨਾਂ ਨੂੰ ਰਿਕਾਰਡ ਤੇ ਲੈਣ ਵੇਲੇ ਗਵਾਹ ਦੇ ਕਾਨੂੰਨੀ ਅਧਿਕਾਰਾਂ ਦੀ ਪਾਲਨਾਂ ਨਾ ਹੋਣ ਦਾ ਵੀ ਦਾਅਵਾ ਕੀਤਾ।

ਸਿਰਸਾ ਨੇ ਦਲੀਲ ਦਿੱਤੀ ਕਿ 31 ਸਾਲਾਂ ਬਾਅਦ ਡਰੇ ਤੇ ਘਬਰਾਏ ਹੋਏ ਗਵਾਹਾਂ ਨੂੰ ਅਦਾਲਤਾਂ ਵੱਲੋਂ ਪੂਰਣ ਸਹਿਯੋਗ ਮਿਲਣਾ ਚਾਹੀਦਾ ਸੀ ਪਰ ਸ਼ੀਲਾ ਕੌਰ ਜੋ ਕਿ ਅਨਪੜ੍ਹ ਹੋਣ ਦੇ ਨਾਲ ਹੀ ਹਿੰਦੀ ਅਤੇ ਪੰਜਾਬੀ ਬੋਲੀ ਨੂੰ ਮਿਲਾ ਕੇ ਬੋਲ ਰਹੀ ਸੀ ਉਸਦੀ ਗਲ ਨੂੰ ਉਸੇ ਤਰੀਕੇ ਨਾਲ ਅਦਾਲਤ ਵੱਲੋਂ ਰਿਕਾਰਡ ਕਰਨ ਦੀ ਬਜਾਏ ਸਾਰੇ ਨਿਅਮ ਕਾਇਦੀਆਂ ਨੂੰ ਛਿੱਕੇ ਤੇ ਟੰਗ ਕੇ ਸੀ.ਬੀ.ਆਈ. ਅਤੇ ਪੀੜਿਤ ਦੇ ਵਕੀਲਾਂ ਵੱਲੋਂ ਚੁੱਕੇ ਗਏ ਇਤਰਾਜਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ ਗਿਆ ਸੀ।

ਗਵਾਹੀ ਨੂੰ ਅੰਗਰੇਜੀ ਵਿਚ ਰਿਕਾਰਡ ਕਰਨ ਕਰਕੇ ਗਵਾਹ ਦੀ ਗਵਾਹੀ ਬਦਲਣ ਦਾ ਵੀ ਸਿਰਸਾ ਨੇ ਖਦਸ਼ਾ ਜਤਾਇਆ।ਸਿਰਸਾ ਨੇ ਸਾਫ ਕੀਤਾ ਕਿ ਦਿੱਲੀ ਕਮੇਟੀ ਕੌਮ ਦੇ ਕਾਤਿਲਾਂ ਨੂੰ ਸਜਾਵਾਂ ਦਿਵਾਉਣ ਪ੍ਰਤੀ ਪੂਰਨ ਤੌਰ ਤੇ ਗੰਭੀਰ ਹੋਣ ਦੇ ਨਾਲ ਹੀ ਭਾਰਤੀ ਨਿਆਪਾਲਿਕਾ ਦਾ ਸਨਮਾਨ ਕਰਦੀ ਹੈ ਪਰ ਗਵਾਹਾਂ ਨੂੰ ਪੈਸੇ, ਕਾਨੂੰਨੀ ਸਹਾਇਤਾ, ਭਾਸ਼ਾ ਅਤੇ ਸਿਖਿਆ ਦੀ ਕਮਜੋਰੀ ਕਰਕੇ ਖੱਜਲ ਖੁਆਰ ਵੀ ਨਹੀਂ ਹੋਣ ਦੇਵੇਗੀ। ਕੇਸ ਦੀ ਅਗਲੀ ਸੁਣਵਾਈ 12 ਅਕਤੂਬਰ ਨੂੰ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,