ਸਿੱਖ ਖਬਰਾਂ

ਅਮਰੀਕੀ ਫੌਜ ਵਿੱਚ ਸਿੱਖਾਂ ਨੇ ਜਿੱਤੀ ਧਰਮ ਦੀ ਜੰਗ

April 3, 2016 | By

ਵਾਸ਼ਿੰਗਟਨ (2 ਅਪਰੈਲ, 2016): ਅਮਰੀਕੀ ਫੌਜ ਵਿੱਚ ਸਿੱਖੀ ਸਰੂਪ ਵਿੱਚ ਰਹਿ ਕੇ ਸੇਵਾਵਾਂ ਨਿਭਾਉਣ ਦੀ ਲੜਾਈ ਸਿੱਖ ਕੈਪਟਨ ਸਿਰਮਤਪਾਲ ਸਿੰਘ ਨੇ ਆਖਰਕਾਰ ਜਿੱਤ ਲਈ ਹੈ। ਇੱਕ ਇਤਿਹਾਸਕ ਫੈਸਲੇ ਅਨੁਸਾਰ ਅਮਰੀਕੀ ਫ਼ੌਜ ਨੇ  ਸਿਮਰਤਪਾਲ ਸਿੰਘ ਨੂੰ ਨੌਕਰੀ ਦੌਰਾਨ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ।

ਸਿੱਖਾਂ ਵੱਲੋਂ ਲੰਬੇ ਸਮੇਂ ਤੋਂ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖ ਕੇ ਫ਼ੌਜ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅਮਰੀਕੀ ਫ਼ੌਜ ਦੇ ਇਸ ਫ਼ੈਸਲੇ ਨਾਲ ਕੈਪਟਨ ਸਿਮਰਤਪਾਲ ਸਿੰਘ (28) ਪਹਿਲੇ ਸਿੱਖ ਜਵਾਨ ਬਣ ਗਏ ਹਨ ਜੋ ਡਿਊਟੀ ’ਤੇ ਤਾਇਨਾਤੀ ਦੌਰਾਨ ਦਸਤਾਰ ਅਤੇ ਦਾੜ੍ਹੀ ’ਚ ਸਜੇ ਰਹਿਣਗੇ।

 ਕੈਪਟਨ ਸਿਰਮਤਪਾਲ ਸਿੰਘ

ਕੈਪਟਨ ਸਿਰਮਤਪਾਲ ਸਿੰਘ

ਕੈਪਟਨ ਸਿਮਰਤਪਾਲ ਸਿੰਘ ਪਿਛਲੇ ਮਹੀਨੇ ਆਪਣੀ ਕਿਸਮ ਦਾ ਪਹਿਲਾਂ ਕੇਸ ਰੱਖਿਆ ਵਿਭਾਗ ਦੇ ਖਿਲਾਫ ਦਾਇਰ ਕਰਦਿਆਂ ਕਿਹਾ ਸੀ ਕਿ ਉਸ ਨਾਲ ਦਸਤਾਰ ਅਤੇ ਦਾੜ੍ਹੀ ਕਾਰਨ ਵਿਤਕਰਾ ਕੀਤਾ ਜਾ ਰਿਹਾ ਹੈ । ਉਸ ਨੇ ਕਿਹਾ ਕਿ ਉਸ ਨੂੰ ਹੈਲਮੈਟ ਅਤੇ ਗੈਸ ਮਾਸਕ ਲਈ ਵਾਧੂ ਟੈਸਟ ਲਈ ਕਿਹਾ ਜਾ ਰਿਹਾ ਹੈ । ਉਂਜ ਉਸ ਨੂੰ ਅਸਥਾਈ ਤੌਰ ‘ਤੇ ਕੇਸ ਤੇ ਦਾੜ੍ਹੀ ਰੱਖਣ ਦੀ 31 ਮਾਰਚ ਤਕ ਇਜਾਜ਼ਤ ਮਿਲੀ ਹੋਈ ਸੀ । ਹੁਣ 31 ਮਾਰਚ ਨੂੰ ਕੀਤੇ ਫ਼ੈਸਲੇ ਵਿਚ ਅਮਰੀਕੀ ਫ਼ੌਜ ਨੇ ਉਸ ਨੂੰ ਫ਼ੌਜ ਵਿਚ ਡਿਊਟੀ ਨਿਭਾਉਂਦੇ ਸਮੇਂ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ ।

ਅਦਾਲਤੀ ਦਸਤਾਵੇਜ਼ ਵਿਚ ਫ਼ੌਜ ਨੇ ਉਸ ਨੂੰ ਆਪਣੇ ਸਿੱਖੀ ਸਰੂਪ ਵਿਚ ਪੱਕੇ ਤੌਰ ‘ਤੇ ਸੇਵਾ ਨਿਭਾਉਣ ਦਾ ਇਜਾਜ਼ਤ ਦਿੰਦਿਆਂ ਕਿਹਾ ਕਿ ਜੇਕਰ ਦਾੜ੍ਹੀ ਅਤੇ ਦਸਤਾਰ ਨਾਲ ਯੂਨਿਟ ਦੀ ਇਕਜੁਟਤਾ ਅਤੇ ਮਨੋਬਲ, ਅਨੁਸ਼ਾਸਨ, ਸਿਹਤ ਅਤੇ ਸੁਰੱਖਿਆ ਪ੍ਰਭਾਵਤ ਹੁੰਦੀ ਹੋਈ ਤਾਂ ਹੀ ਇਸ ਦਿੱਤੀ ਪ੍ਰਵਾਨਗੀ ਨੂੰ ਰੱਦ ਕੀਤਾ ਜਾਵੇਗਾ ।

ਅਮਰੀਕੀ ਫ਼ੌਜ ਤੋਂ ਇਹ ਫ਼ੈਸਲਾ ਪ੍ਰਾਪਤ ਹੋਣ ਪਿੱਛੋਂ ਕੈਪਟਨ ਸਿਮਰਤਪਾਲ ਸਿੰਘ ਨੇ ਕਿਹਾ ਕਿ ਉਸ ਦਾ ਫ਼ੌਜ ਵਿਚ ਸੇਵਾ ਨਿਭਾਉਣ ਦਾ ਸੁਪਨਾ ਪੂਰਾ ਹੋ ਗਿਆ ਹੈ । ਉਸ ਨੇ ਕਿਹਾ ਕਿ ਉਸ ਨੂੰ ਧਰਮ ਤੇ ਦੇਸ਼ ਦੀ ਸੇਵਾ ਵਿਚ ਇਕ ਦੀ ਚੋਣ ਨਹੀਂ ਕਰਨੀ ਪਈ । 2010 ਵਿਚ ਭਰਤੀ ਹੋਏ ਕੈਪਟਨ ਸਿਮਰਤਪਾਲ ਸਿੰਘ ਨੂੰ ਫ਼ੌਜ ਵਲੋਂ ਧਰਮ ਤੇ ਕੈਰੀਅਰ ਵਿਚੋਂ ਇਕ ਦੀ ਚੋਣ ਕਰਨ ਲਈ ਆਖਿਆ ਸੀ । ਉਸ ਨੇ ਮਜਬੂਰ ਹੋ ਕੇ ਆਪਣੇ ਕੇਸ ਤੇ ਦਾੜ੍ਹੀ ਕਟਵਾ ਦਿੱਤੀ ਸੀ ।

ਸਿੱਖ ਕੁਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਹਰਸਿਮਰਨ ਕੌਰ ਨੇ ਕਿਹਾ ਕਿ ਕੈਪਟਨ ਸਿੰਘ ਨੇ ਸਾਡੀ ਫ਼ੌਜ ਨੂੰ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਫਲਤਾਪੂਰਵਕ ਸੇਵਾ ਨਿਭਾਉਂਦੇ ਸਮੇ ਦਸਤਾਰ ਅਤੇ ਦਾੜ੍ਹੀ ਨਾਲ ਕੋਈ ਰੁਕਾਵਟ ਨਹੀਂ ਪੈਂਦੀ । ਕੈਪਟਨ ਸਿਮਰਤਪਾਲ ਨੇ ਮੁਢਲੀ ਸਿੱਖਿਆ ਸਿਆਟਲ ਤੋਂ ਹੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਦਾ ਪਰਿਵਾਰ ਧਾਰਮਿਕ ਖਿਆਲਾਂ ‘ਚ ਵਿਸ਼ਵਾਸ਼ ਰੱਖਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,