ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ » ਸਿੱਖ ਖਬਰਾਂ

ਚੰਦ ਵੋਟਾਂ ਖਾਤਰ ਬਾਦਲ ਖਾਲਿਸਤਾਨ ਦੇ ਸੰਕਲਪ ਨੂੰ ਬਦਨਾਮ ਕਰ ਰਹੇ ਹਨ: ਦਲ ਖ਼ਾਲਸਾ

February 1, 2017 | By

ਚੰਡੀਗੜ੍ਹ: ਆਜ਼ਾਦ ਸਿੱਖ ਰਾਜ ਦੀ ਕਾਇਮੀ ਨੂੰ ਸਿੱਖਾਂ ਦਾ ਜਨਮ ਸਿੱਧ ਅਧਿਕਾਰ ਦੱਸਦਿਆਂ ਦਲ ਖ਼ਾਲਸਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਚੰਦ ਵੋਟਾਂ ਖਾਤਰ ਖ਼ਾਲਸਾ ਰਾਜ ਦੇ ਸੰਕਲਪ ਨੂੰ ਢਾਹ ਲਾਉਣ ਤੋਂ ਬਾਜ਼ ਆਉਣ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੂੰਘ ਬਾਦਲ ਅਤੇ ਸੁਖਬੀਰ ਬਾਦਲ ਵਲੋਂ ਕੇਜਰੀਵਾਲ ਦੇ ਗਰਮ ਖਿਆਲੀਆਂ ਨਾਲ ਸਬੰਧ ਹੋਣ ਅਤੇ ਵਿਧਾਨ ਸਭਾ ਚੋਣਾਂ ਵਿਚ ਖ਼ਾਲਿਸਤਾਨੀਆਂ ਵਲੋਂ ਕੇਜਰੀਵਾਲ ਦੀ ਮਦਦ ਕੀਤੇ ਜਾਣ ਦੇ ਲਾਏ ਦੋਸ਼ਾਂ ਤੋਂ ਬਾਅਦ ਨਵਾਂ ਮਸਲਾ ਖੜ੍ਹਾ ਹੋ ਗਿਆ ਹੈ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ 31 ਜਨਵਰੀ ਨੂੰ ਇਕ ਧਾਰਮਿਕ ਸਮਾਗਮ ਵਿਚ ਬੋਲਦਿਆਂ ਖ਼ਾਲਿਸਤਾਨ ਦੀ ਮੰਗ ਨੂੰ ਵਾਜਬ ਦੱਸਿਆ ਅਤੇ ਦਾਅਵਾ ਕੀਤਾ ਕਿ ਕਿਸੇ ਸਮੇਂ ਬਾਦਲ ਸਮੇਤ ਕੌਮ ਦਾ ਵੱਡਾ ਹਿੱਸਾ ਇਸ ਨਿਸ਼ਾਨੇ ਨਾਲ ਖੜ੍ਹਾ ਸੀ।

harpal singh cheema Dal Khalsa 01

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ

ਉਨ੍ਹਾਂ ਵੱਡੇ ਬਾਦਲ ਨੂੰ ਝੰਜੋੜਦਿਆਂ ਯਾਦ ਕਰਵਾਇਆ ਕਿ 1992 ਵਿਚ ਉਨ੍ਹਾਂ ਨੇ ਸਵੈ ਨਿਰਣੈ ਦੇ ਹੱਕ ਵਿਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬੁਤਰਸ ਘਾਲੀ ਨੂੰ ਦਿੱਤੇ ਯਾਦ-ਪੱਤਰ ਉੱਤੇ ਦਸਤਖਤ ਕੀਤੇ ਸਨ। ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਸਿੱਖ ਸੰਘਰਸ਼ ਦੇ ਮੱਧਮ ਪੈਣ ਨਾਲ ਬਾਦਲ ਵਰਗੇ ਮੌਕਾਪ੍ਰਸਤ ਸਿਆਸਤਦਾਨ ਉਸ ਨਿਸ਼ਾਨੇ ਨੂੰ ਪਿੱਠ ਦਿਕਾ ਕੇ ਦਿੱਲੀ ਦੇ ਪਿੱਠੂ ਬਣ ਗਏ ਹਨ। ਉਨ੍ਹਾਂ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਬਾਦਲਕੇ ਸਿੱਖ ਸੰਘਰਸ਼ ਵਿਰੁੱਧ ਜੋ ਬੋਲੀ ਬੋਲ ਰਹੇ ਹਨ ਉਹ ਕਾਂਗਰਸੀ ਆਗੂ ਸਾਬਕਾ ਮੁੱਖ ਮੰਤਰੀ ਬੇਅੰਤ ਨਾਲ ਮੇਲ ਖਾਂਦੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਹੁਣ ‘ਆਪ’ ਦੇ ਹੱਕ ਵਿਚ ਲਹਿਰ ਉੱਠੀ ਹੈ ਤਾਂ ਇਸ ਲਈ ਆਪਣੇ ਮੂਲ ਸਿਧਾਂਤਾਂ ਅਤੇ ਨਿਸ਼ਾਨੇ ਤੋਂ ਥਿੜਕ ਚੁੱਕਾ ਅਕਾਲੀ ਦਲ (ਬਾਦਲ) ਹੀ ਜ਼ਿੰਮੇਵਾਰ ਹੈ। ਉਹਨਾਂ ਸਪੱਸ਼ਟ ਕੀਤਾ ਕਿ ਦਲ ਖ਼ਾਲਸਾ ਚੋਣਾਂ ਵਿਚ ਹਿੱਸਾ ਨਹੀਂ ਲਵੇਗਾ ਅਤੇ ਨਾ ਹੀ ‘ਆਪ’ ਨੂੰ ਇਸ ਵਿਚ ਕੋਈ ਹਮਾਇਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਵਿਚ ਕੋਈ ਦਿਲਚਸਪੀ ਨਹੀਂ ਕਿ ਚੋਣਾਂ ਕੋਣ ਜਿੱਤਦਾ ਹੈ ਅਤੇ ਪੰਜਾਬ ਦਾ ਚਿਹਰਾ 11 ਮਾਰਚ ਤੋਂ ਬਾਅਦ ਕੋਣ ਬਣਦਾ ਹੈ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਬਾਦਲਾਂ ਨੂੰ ਉਨ੍ਹਾਂ ਦੇ ਕੁਸ਼ਾਸਨ ਬੇਅਦਬੀ ਦੀਆਂ ਘਟਨਾਵਾਂ, ਧਾਰਮਿਕ ਸੰਸਥਾਵਾਂ ਦੀ ਦੁਰਵਰਤੋਂ ਅਤੇ ਬਰਗਾੜੀ ਵਿਖੇ ਦੋ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਪੁਸ਼ਤਪਨਾਹੀ ਕਰਨ ਬਦਲੇ ਸਬਕ ਸਿਖਾਇਆ ਜਾਵੇ। ਉਨ੍ਹਾਂ ਬਾਦਲਾਂ ਨੂੰ ਖ਼ਾਲਿਸਤਾਨ ਦੇ ਨਿਸ਼ਾਨੇ ਅਤੇ ਸਿਧਾਂਤ ਨੂੰ ਨੀਵਾਂ ਦਿਖਾਉਣ ਵਿਰੁੱਧ ਬੁਰੀ ਤਰ੍ਹਾਂ ਫਿਟਕਾਰ ਪਾਉਂਦਿਆਂ ਕਿਹਾ ਕਿ ਸਿੱਖ ਰਾਮ ਦਾ ਸੁਪਨਾ ਸਾਡੇ ਦਿਲਾਂ ਵਿਚ ਵਸਦਾ ਹੈ ਕਿਉਂਕਿ ਸਾਡੇ ਸੈਂਕੜੇ ਵੀਰਾਂ ਨੇ ਇਸ ਦੀ ਪ੍ਰਾਪਤੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਅਤੇ ਅਸੀਂ ਕਿਸੇ ਵੀ ਸਿਆਸੀ ਆਗੂ ਨੂੰ ਇਸ ਪਵਿੱਤਰ ਸੰਕਲਪ ਨੂੰ ਆਪਣੇ ਵਿਰੋਧੀਆਂ ਖਿਲਾਫ ਦੂਸਣਬਾਜ਼ੀ ਲਈ ਇਕ ਹਥਿਆਰ ਵਜੋਂ ਵਰਤਣ ਨਹੀਂ ਦੇਵਾਂਗੇ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Sikh Body Warns Badals Against Maligning the Concept of Khalistan to garner votes …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,