ਚੋਣਵੀਆਂ ਲਿਖਤਾਂ » ਲੇਖ

ਕਰਤਾਰਪੁਰ ਲਾਂਘਾ ਸਮਾਗਮਾਂ ਵਿੱਚ ਸ਼੍ਰੋਮਣੀ ਕਮੇਟੀ ਦੀ ਅਣਗੌਲ: ਸੰਸਥਾ ਦੇ ਡਿੱਗ ਚੁੱਕੇ ਵੱਕਾਰ ਦਾ ਸਿੱਟਾ

November 30, 2018 | By

ਨਰਿੰਦਰ ਪਾਲ ਸਿੰਘ

ਪਾਕਿਸਤਾਨ ਸਰਕਾਰ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਨਾਰੋਵਾਲ, ਕਰਤਾਰਪੁਰ ਸਾਹਿਬ ਲਈ ਐਲਾਨੇ ਲਾਂਘੇ ਦੇ ਸਬੰਧ ਵਿੱਚ ਭਾਰਤ ਸਰਕਾਰ ਵਲੋਂ ਇੱਕ ਸਮਾਗਮ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਅਤੇ ਉਸ ਤੋਂ ਇੱਕ ਦਿਨ ਬਾਅਦ ਪਾਕਿਸਤਾਨ ਸਰਕਾਰ ਵਲੋਂ 28 ਨਵੰਬਰ ਨੂੰ ਗੁ.ਕਰਤਾਰਪੁਰ ਸਾਹਿਬ ਵਿਖੇ ਕਰਵਾਇਆ ਜਾ ਚੁੱਕਾ ਹੈ ।ਇਨ੍ਹਾਂ ਦੋਹਾਂ ਸਮਾਗਮਾਂ ਦਾ ਸਬੰਧ ਗੁਰੂ ਨਾਨਕ ਪਾਤਸ਼ਾਹ ਦੇ ਸਾਲ 2019 ਵਿੱਚ ਆ ਰਹੇ 550 ਸਾਲਾ ਪ੍ਰਕਾਸ਼ ਦਿਹਾੜੇ ਨਾਲ ਜੁੜਿਆ ਹੋਣ ਕਰਕੇ ਇਨ੍ਹਾਂ ਦੀ ਵਿੳਂਤਬੰਦੀ ਤੋਂ ਲੈ ਕੇ ਸੰਪੂਰਨਤਾ ਤੀਕ ਸ਼੍ਰੋਮਣੀ ਕਮੇਟੀ ਦੀ ਸ਼ਮੂਲੀਅਤ ਯਕੀਨੀ ਸਮਝੀ ਜਾ ਰਹੀ ਸੀ।

ਪਰ ਮੁੱਢਲੇ ਪੜਾਅ ਵਿਚ ਹੀ ਵਿਸ਼ਵ ਭਰ ਦੇ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਸੰਸਥਾ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਤੌਰ ‘ਤੇ ਇਸ ਚੁਗਿਰਦੇ ਵਿੱਚੋਂ ਬਾਹਰ ਹੀ ਨਜਰ ਆਈ।
26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਾਂ ਇਸਦੇ ਕਿਸੇ ਵੀ ਅਹੁਦੇਦਾਰ ਨੂੰ ਮੰਚ ਤੇ ਨੁਮਾਇੰਦਗੀ ਨਹੀਂ ਦਿੱਤੀ ਗਈ ਤੇ ਨਾ ਹੀ ਕਿਸੇ ਨੇ ਇਸ ਲਾਂਘੇ ਲਈ ਸ਼੍ਰੋਮਣੀ ਕਮੇਟੀ ਦੇ ਕਿਸੇ ਸਹਿਯੋਗ ਦੀ ਗੱਲ ਕਰਨੀ ਹੀ ਜਰੂਰੀ ਸਮਝੀ। ਹਾਲਾਂਕਿ ਸਮਾਗਮ ਵਿੱਚ ਸ਼ਾਮਿਲ ਹੋਣ ਪੁੱਜੇ ਲੋਕਾਂ ਲਈ ਗੁਰੂ ਕੇ ਲੰਗਰ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵਲੋਂ ਹੀ ਸੀ।

ਦੂਸਰੇ ਪਾਸੇ ਪਾਕਿਸਤਾਨ ਸਰਕਾਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ 28 ਨਵੰਬਰ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਮੂਲੀਅਤ ਲਈ ਸੱਦਾ ਜਰੂਰ ਦਿੱਤਾ ਪਰ ਮੰਚ ਤੋਂ ਨਾਮ ਦਾ ਐਲਾਨ ਕਰਦਿਆਂ ਲੋਂਗੋਵਾਲ ਨੂੰ ‘ਪੰਜਾਬ ਤੋਂ ਆਏ’ ਵਜੋਂ ਹੀ ਦੱਸਿਆ ਗਿਆ। ਉਹਨਾਂ ਦੇ ਨਾਂ ਦਾ ਨਾਲ ਉਹਨਾਂ ਦੇ ਰੁਤਬੇ ਜਾਂ ਅਹੁਦੇ ਦਾ ਜਿਕਰ ਨਹੀਂ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਵਲੋਂ ਹੁਣ ਤੀਕ ਸਿੱਖ ਧਰਮ ਇਤਿਹਾਸ ਨਾਲ ਜੁੜੀਆਂ ਸ਼ਤਾਬਦੀਆਂ ਮਨਾਏ ਜਾਣ ਦਾ ਲੇਖਾ ਕਰਦਿਆਂ ਝਾਤ ਮਾਰੀ ਜਾਏ ਤਾਂ ਸਾਲ 1969 ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 500 ਸਾਲ ਪ੍ਰਕਾਸ਼ ਦਿਵਸ ਮਨਾਉਂਦਿਆਂ ਜੋ ਸ਼੍ਰੋਮਣੀ ਕਮੇਟੀ ਦਾ ਰੁਤਬਾ ਸੀ ਉਹ ਮਹਿਜ 50 ਸਾਲ ਵਿੱਚ ਹੀ ਅਰਸ਼ ਤੋਂ ਫਰਸ਼ ਤੀਕ ਆ ਗਿਆ ਹੈ। ਆਖਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਏਨੇ ਨੀਵੇਂ ਪੱਧਰ ਉੱਤੇ ਪਹੁੰਚ ਚੁੱਕੇ ਵੱਕਾਰ ਲਈ ਜਿੰਮੇਵਾਰ ਕੌਣ ਹੈ? ਇਹ ਸਵਾਲ 26 ਨਵੰਬਰ ਨੂੰ ਹੀ ਪੰਥਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ ਜੋ ਕਿ 28 ਨਵੰਬਰ ਤੋਂ ਬਾਅਦ ਹੋਰ ਵੀ ਜਿਆਦਾ ਗੰਭੀਰ ਹੋ ਚੁੱਕਿਆ ਐ।

ਸਿਆਸੀ ਮਾਹਿਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਸਾਲ 1969 ਤੋਂ ਲੈ ਕੇ 2016 ਤੀਕ ਮਨਾਈਆਂ ਗਈਆਂ, ਸਿੱਖ ਧਰਮ ਇਤਿਹਾਸ ਨਾਲ ਜੁੜੀਆਂ ਸਮੁੱਚੀਆਂ ਸ਼ਤਾਬਦੀਆਂ ਦੇ ਮੌਕੇ ਕੋਈ ਵੀ ਸ਼੍ਰੋਮਣੀ ਕਮੇਟੀ ਦੀ ਸਟੇਜ ਐਸੀ ਨਹੀ ਰਹੀ ਜਿਥੇ ਕੇਂਦਰ ਤੇ ਸੂਬਾ ਸਰਕਾਰ ਨੂੰ ਕੋਈ ਨੁਮਾਇੰਦਗੀ ਜਾਂ ਬਣਦਾ ਮਾਣ ਸਨਮਾਨ ਨਹੀ ਦਿੱਤਾ ਗਿਆ। ਜੂਨ 1984 ਵਿੱਚ ਦਰਬਾਰ ਉੱਤੇ ਹੋਏ ਫੌਜੀ ਹਮਲੇ ਕਾਰਨ ਸ਼੍ਰੋਮਣੀ ਕਮੇਟੀ ਆਰਥਿਕ ਤੌਰ ਤੇ ਵੀ ਕਮਜੋਰ ਹੋਈ ਪਰ 1995 ਵਿੱਚ ਕਰਵਾਏ ਵਿਸ਼ਵ ਸਿੱਖ ਸੰਮੇਲਨ ਮੌਕੇ ਦਿੱਲੀ ਵਿੱਚ ਬੈਠੇ ਸਿੱਖ ਹਿਤੈਸ਼ੀ ਵਿਦਵਾਨਾਂ ,ਖਿਡਾਰੀਆਂ ਤੇ ਸਿਆਸਤਦਾਨਾਂ ਨੂੰ ਵੀ ਮਾਣ ਸਤਿਕਾਰ ਜਰੂਰ ਦਿੱਤਾ। ਸਾਲ 1999 ਵਿੱਚ ਜਿਉਂ ਹੀ ਅਕਾਲੀ ਦਲ ਉੱਪਰ ਬਾਦਲ ਪਰਿਵਾਰ ਦਾ ਕਬਜਾ ਹੋਇਆ ਤਾਂ ਕਮੇਟੀ ਦੁਆਰਾ ਗੁਰੂ ਦੀ ਗੋਲਕ ਨਾਲ ਲਗਾਈ ਹਰ ਸਟੇਜ ਤੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ ਨੁਮਾਇੰਦਗੀ ਸਾਫ ਵੇਖਣ ਨੂੰ ਮਿਲੀ ।ਸਿੱਖਾਂ ਵਲੋਂ ਹਰ ਵਾਰ ਇਸਦਾ ਵਿਰੋਧ ਕੀਤਾ ਗਿਆ ਪਰ ਸ਼੍ਰੌਮਣੀ ਕਮੇਟੀ ਵਲੋਂ ਇਸ ਨੂੰ ਹਮੇਸ਼ਾ ਹਲਕੇ ਤੌਰ ਉੱਤੇ ਹੀ ਲਿਆ ਗਿਆ।

ਸਾਲ 2019 ਵਿੱਚ ਆ ਰਹੀ ਗੁਰੂ ਨਾਕ ਪਾਤਸ਼ਾਹ ਦੀ 550 ਸਾਲਾ ਸ਼ਤਾਬਦੀ ਪਹਿਲਾ ਐਸਾ ਸਮਾਗਮ ਹੋਵੇਗਾ ਜੋ ਸ਼੍ਰੋਮਣੀ ਕਮੇਟੀ ਦੇ ਸਿਆਸੀ ਮਾਲਕਾਂ ਦੀ ਸੂਬੇ ਦੀ ਖੁੱਸੀ ਸਰਦਾਰੀ ਤੋਂ ਬਾਅਦ ਵਾਲਾ ਹੋਵੇਗਾ।ਇਸਦੇ ਬਾਵਜੂਦ ਵੀ 26 ਨਵੰਬਰ ਦੇ ਕਰਤਾਰਪੁਰ ਲਾਂਘੇ ਵਾਲੇ ਸਰਕਾਰੀ ਸਮਾਗਮ ਵਿੱਚ ਸੂਬੇ ਦੇ ਸਾਬਕਾ ਮੁਖ ਮੰਤਰੀ ਤੇ ਸਾਬਕਾ ਉੱਪ ਮੁੱਖ ਮੰਤਰੀ ਵਜੋਂ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਮਾਨਤਾ ਮਿਲੀ ।ਪਰ ਜਿਸ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਹੋਣ ਵਜੋਂ ਇਨ੍ਹਾਂ ਸ਼ਤਾਬਦੀ ਸਮਾਗਮਾਂ ਨੂੰ ਅੱਗੇ ਤੋਰਨਾ ਅਤੇ ਨੇਪਰੇ ਚਾੜ੍ਹਨਾ ਹੈ ਉਸਦਾ ਕਿਸੇ ਨੇ ਜਿਕਰ ਕਰਨਾ ਤੀਕ ਜਰੂਰੀ ਨਹੀ ਸਮਝਿਆ।ਸਪੱਸ਼ਟ ਹੈ ਕਿ ਜਾਗਰੁਕ ਸਿੱਖਾਂ ਤੋਂ ਬਾਅਦ ਹੁਣ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਵੀ ਇਹ ਮਹਿਸੂਸ ਕਰ ਚੁੱਕੀ ਹੈ ਕਿ ਬਾਦਲ ਦਲ ਹੀ ਹੁਣ ਸ਼੍ਰੋਮਣੀ ਕਮੇਟੀ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਕੋਈ ਵੱਖਰਾ ਵਜੂਦ ਨਹੀ ਹੈ।

ਦੂਸਰੇ ਪਾਸੇ ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਪਾਕਿਸਤਾਨ ਸਰਕਾਰ ਵਲੋਂ ਭੇਜੇ ਸੱਦੇ ‘ਤੇ ਲੋਂਗੋਵਾਲ ਦੇ ਪਾਕਿਸਤਾਨ ਜਾਣ ਦੀ ਯੋਜਨਾਬੰਦੀ ਵੱਲ੍ਹ ਵੇਖਿਆ ਜਾਵੇ ਤਾਂ ਇਹ ਮਹਿਸੂਸ ਹੀ ਨਹੀ ਕੀਤਾ ਗਿਆ ਕਿ ਕਮੇਟੀ ਪ੍ਰਧਾਨ ਦੀ ਫੇਰੀ ਲਈ ਰਾਜਦੂਤਕ ਸਹਾਇਤਾ ਲਈ ਜਾਵੇ।ਹਾਲਾਂਕਿ ਕਮੇਟੀ ਕੋਲ ਸਰਕਾਰੀ ਅਦਾਰਿਆਂ ਅਤੇ ਵਿਦੇਸ਼ੀ ਸਫਾਰਤਖਾਨਿਆਂ ਨਾਲ ਤਾਲਮੇਲ ਰੱਖਣ ਵਾਲੇ ਕਮੇਟੀ ਮੁਲਾਜਮਾਂ ਦੀ ਘਾਟ ਨਹੀ ਹੈ ਪਰ ਪ੍ਰਧਾਨ ਜੀ ਦਾ ਸਾਥ ਦੇਣ ਲਈ ਇੱਕ ਅਜਿਹੇ ਮੁਲਾਜਮ ਦੀ ਚੋਣ ਕੀਤੀ ਗਈ ਜੋ ਰਾਜਨੀਤਕ ਮਾਮਲਿਆਂ ਵਿੱਚ ਚਾਟੀਵਿੰਡ ਤੋਂ ਅੱਗੇ ਅਨਪੜ੍ਹ ਸੀ ਸ਼੍ਰੋਮਣੀ ਕਮੇਟੀ ਪ੍ਰਧਾਨ ਉੱੇਥੇ ਬਾਦਲ ਪਰਿਵਾਰ ਦੀ ਨੂੰਹ ਦੇ ਸਹਾਇਕ ਵਜੋਂ ਵਿਚਰਦੇ ਨਜਰ ਆਏ।ਇਸ ਸਬੰਧ ਵਿੱਚ ਜਦੋਂ ਕੁਝ ਕਮੇਟੀ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਹਰੇਕ ਨੇ ਹੱਸ ਕੇ ਟਾਲ ਦਿੱਤਾ ‘ਸਿਆਸੀਕਰਨ ਤਾਂ ਪਹਿਲਾਂ ਹੀ ਸੀ ਹੁਣ ਕਮੇਟੀ ਨਿੱਜੀਕਰਨ ਵੱਲ ਵਧ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,