July 31, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੇਘਾਲਿਆ ਦੇ ਸ਼ਿਲੌਂਗ ਵਿੱਖੇ ਹਾਲ ਹੀ ਵਿੱਚ ਹੋਈ ਹਿੰਸਾ ਦੇ ਕਾਰਨ ਨੁਕਸਾਨੇ ਗਏ ਗੁਰੂ ਨਾਨਕ ਸਕੂਲ ਅਤੇ ਗੁਰਦਆਰਾ ਸਾਹਿਬ ਦੇ ਨਿਰਮਾਣ ਲਈ 50 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਆਏ ਸਿੱਖ ਸੰਗਤ ਦੇ ਵਫਦ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਸ਼ਿਲੌਂਗ ਵਿੱਚ ਬਸੇ ਸਿੱਖ ਭਾਈਚਾਰੇ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਇਹ ਵਫ਼ਦ ਇਥੇ ਮੁੱਖ ਮੰਤਰੀ ਨੂੰ ਮਿਲਿਆ। ਦੌਰੇ ‘ਤੇ ਆਏ ਵਫਦ ਨੇ ਸ਼ਿਲੌਂਗ ਵਿਖੇ ਕੁੱਝ ਸਮਾਜ ਵਿਰੋਧੀ ਤੱਤਾਂ ਵਲੋਂ ਸਿੱਖ ਭਾਈਚਾਰੇ ਨਾਲ ਸਬੰਧਤ ਜ਼ਾਇਦਾਦ ਨੂੰ ਤਬਾਹ ਕਰਨ ਅਤੇ ਸਾੜਫੂਕ ਦੇ ਕਾਰਨ ਪੈਦਾ ਹੋਈ ਸਥਿਤੀ ਦਾ ਪਤਾ ਲਾਉਣ ਲਈ ਇਕ ਉੱਚ ਪੱਧਰੀ ਵਫਦ ਉੱਥੇ ਭੇਜਣ ਵਾਸਤੇ ਮੁੱਖ ਮੰਤਰੀ ਵਲੋਂ ਕੀਤੀਆ ਨਿੱਜੀ ਪਹਿਲਕਦਮੀਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਗੁਰਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਨ੍ਹਾਂ ਯਤਨਾਂ ਨਾਲ ਮੇਘਾਲਿਆ ਵਿੱਚ ਰਹਿ ਰਹੀ ਘੱਟ ਗਿਣਤੀ ਵਿੱਚ ਆਪਣੇਪਨ ਅਤੇ ਵਿਸ਼ਵਾਸ਼ ਦੀ ਭਾਵਨਾ ਪੈਦਾ ਕਰਨ ਵਿੱਚ ਮਦਦ ਮਿਲੀ ਹੈ।
ਵਫਦ ਵਲੋਂ ਚੁੱਕੇ ਗਏ ਮੁਦਿਆਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਨੂੰ ਮੇਘਾਲਆ ਦੇ ਹਮ ਰੁਤਬਾ ਨਾਲ ਛੇਤੀ ਹੀ ਸਾਂਝਾ ਕਰਨਗੇ ਤਾਂ ਜੋ ਸਿੱਖਾਂ ਦੀ ਸੁੱਰਖਿਆ ਨੂੰ ਯਕੀਨੀ ਬਨਾਉਣ ਦੇ ਨਾਲ-ਨਾਲ ਧਾਰਮਿਕ ਸਥਾਨਾ ਦੀ ਮਰਿਆਦਾ ਨੂੰ ਬਣਾਈ ਰੱਖਿਆ ਜਾ ਸਕੇ।
Related Topics: Captain Amrinder Singh Government, Punjab Government, Shillong Violence Against Sikhs