ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬਰਤਾਨੀਆਂ ਵਿੱਚ ਸਿੱਖ ‘ਤੇ ਹੋਏ ਨਸਲੀ ਹਮਲੇ ਦੀ ਕੀਤੀ ਨਿਖੇਧੀ

April 2, 2015 | By

ਅੰਮ੍ਰਿਤਸਰ (1 ਅਪ੍ਰੈਲ, 2015): ਬਰਮਿੰਘਮ ਸ਼ਹਿਰ ਦੀ ਬ੍ਰੋਡ ਸਟਰੀਟ ਵਿਖੇ ਇਕ ਸਿੱਖ ਤੇ ਹੋਏ ਨਸਲੀ ਹਮਲੇ ਦੀ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬ੍ਰਿਟਿਸ਼ ਦੂਤ ਘਰ ਨੂੰ ਇਸ ਸਬੰਧੀ ਪੱਤਰ ਲਿਖ ਕੇ ਸਿੱਖਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਉਚੇਚੇ ਯਤਨ ਕਰਨ ਲਈ ਮੰਗ ਕੀਤੀ ਹੈ।

ਸਿੱਖ ਵਿਅਕਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਨੂੰ ਦਰਸਾਉਂਦੀ ਇਕ ਵੀਡੀਓ ਇੰਟਰਨੈੱਟ ’ਤੇ ਦਿਖਾਈ ਜਾ ਰਹੀ ਹੈ

ਸਿੱਖ ਵਿਅਕਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਨੂੰ ਦਰਸਾਉਂਦੀ ਇਕ ਵੀਡੀਓ ਇੰਟਰਨੈੱਟ ’ਤੇ ਦਿਖਾਈ ਜਾ ਰਹੀ ਹੈ

ਇਥੋਂ ਜਾਰੀ ਪ੍ਰੈਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੁਪਰੀਮ ਸੰਸਥਾ ਹੈ । ਦੇਸ਼ ਵਿਦੇਸ਼ਾਂ ਵਿੱਚ ਜੇਕਰ ਕਿਸੇ ਸਿੱਖ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਸੰਸਥਾ ਉਸ ਨਾਲ ਚਟਾਨ ਵਾਂਗ ਖੜੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਵਿਦੇਸ਼ਾਂ ਦੀਆਂ ਸਰਕਾਰਾਂ ਸਿੱਖਾਂ ਨੂੰ ਹਰ ਥਾਂ ਪੁਰ ਕਕਾਰ ਪਹਿਨਣ ਤੇ ਦਸਤਾਰ ਸਜਾਉਣ ਦੀ ਇਜਾਜਤ ਦੇ ਰਹੀਆਂ ਹਨ ਤੇ ਦੂਸਰੇ ਪਾਸੇ ਕੁਝ ਸ਼ਰਾਰਤੀ ਅਨਸਰ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ ਉਹ ਨਕਸਲੀ ਵਿਤਕਰੇ ਦਾ ਬੀਜ ਬੋ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਖ ਅਮਨ ਪਸੰਦ ਕੌਮ ਹੈ । ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾਂ ਹੀ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸਿੱਖ ਧਰਮ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਤੇ ਨਾ ਹੀ ਧਰਮ, ਜਾਤ ਅਤੇ ਨਸਲ ਦਾ ਭਿੰਨ ਭੇਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਜਿਸ ਦੇਸ਼ ਵਿੱਚ ਵੀ ਗਏ ਹਨ ਉਸ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਸਿੱਖਾਂ ਦਾ ਮਹੱਤਵਪੂਰਨ ਯੋਗਦਾਨ ਹੈ।

ਪਰ ਅਫਸੋਸ ਕਿ ਗਲਤ ਪਹਿਚਾਣ ਕਰਕੇ ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਵਿੱਚ ਸਿੱਖਾਂ ਤੇ ਨਸਲੀ ਹਮਲੇ ਹੋਏ ਹਨ ਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਬਰਮਿੰਘਮ ਵਿਖੇ ਵਾਪਰੀ ਇਸ ਘਟਨਾ ਨੇ ਜਿੱਥੇ ਇੰਗਲੈਂਡ ਦੀ ਸਕਿਉਰਟੀ ਨੂੰ ਕਟਿਹਰੇ ‘ਚ ਖੜਾ ਕੀਤਾ ਹੈ ਓਥੇ ਸਮੁੱਚੇ ਸਿੱਖਾਂ ਵਿੱਚ ਵੀ ਇਸ ਹਮਲੇ ਪ੍ਰਤੀ ਰੋਸ ਹੈ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਵਿਦੇਸ਼ੀ ਸਰਕਾਰਾਂ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਰਹੀਆਂ ਹਨ ਦੂਜੇ ਪਾਸੇ ਸਿੱਖਾਂ ਤੇ ਨਸਲੀ ਹਮਲੇ ਹੋ ਰਹੇ ਹਨ ਜੋ ਅਤਿ ਨਿੰਦਣਯੋਗ ਹਨ।ਉਨ੍ਹਾਂ ਇੰਗਲੈਂਡ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਿਹਰੇ ‘ਚ ਖੜਾ ਕੀਤਾ ਜਾਵੇ ਤੇ ਅੱਗੇ ਤੋਂ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,