ਸਿਆਸੀ ਖਬਰਾਂ » ਸਿੱਖ ਖਬਰਾਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 11 ਅਰਬ 6 ਕਰੋੜ ਦਾ ਸਾਲਾਨਾ ਬਜਟ ਪਾਸ

March 29, 2017 | By

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ ਅੱਜ ਇਤਿਹਾਸਿਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਬਜਟ ਇਜਲਾਸ ਵਿੱਚ ਸ਼੍ਰੋਮਣੀ ਕਮੇਟੀ ਦਾ ਸਾਲ 2017-18 ਦਾ ਸਾਲਾਨਾ ਬਜਟ 11 ਅਰਬ 6 ਕਰੋੜ 59 ਲੱਖ 98 ਹਜ਼ਾਰ 434 ਰੁਪਏ (11,06,59,98,434/-ਰੁਪਏ) ਪਾਸ ਕਰ ਦਿੱਤਾ ਗਿਆ। ਇਹ ਬਜਟ ਪਿਛਲੇ ਸਾਲ ਨਾਲੋਂ 88 ਕਰੋੜ 10 ਲੱਖ 6 ਹਜ਼ਾਰ ਰੁਪਏ ਵੱਧ ਹੈ ਜੋ 8.65 ਫੀਸਦੀ ਬਣਦਾ ਹੈ। ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰ ਮੈਬਰਾਂ ਨੇ ਪ੍ਰਵਾਨਗੀ ਦਿੱਤੀ।

ਬਜਟ ਇਜਲਾਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅਤੇ ਹੋਰ ਅਹੁਦੇਦਾਰ

ਬਜਟ ਇਜਲਾਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅਤੇ ਹੋਰ ਅਹੁਦੇਦਾਰ

ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਜਲਾਸ ਦੀ ਆਰੰਭਤਾ ਲਈ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ ਅਤੇ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਦਰਬਾਰ ਸਾਹਿਬ ਨੇ ਹੁਕਮਨਾਮਾ ਲਿਆ। ਅੱਜ ਪਾਸ ਕੀਤੇ ਗਏ ਬਜਟ ਵਿੱਚ ਜਨਰਲ, ਟਰੱਸਟ ਤੇ ਵਿਦਿਆ ਫੰਡ ਲਈ 1 ਅਰਬ 48 ਕਰੋੜ 69 ਲੱਖ ਰੁਪਏ, ਧਰਮ ਪ੍ਰਚਾਰ ਕਮੇਟੀ ਲਈ 73 ਕਰੋੜ ਰੁਪਏ, ਸੈਕਸ਼ਨ 85 ਵਾਲੇ ਗੁਰਦੁਆਰਾ ਸਾਹਿਬਾਨ ਲਈ 6 ਅਰਬ 49 ਕਰੋੜ 48 ਲੱਖ 15 ਹਜ਼ਾਰ ਰੁਪਏ, ਵਿਦਿਅਕ ਅਦਾਰਿਆਂ (ਸਕੂਲਾਂ/ਕਾਲਜਾਂ) ਲਈ 2 ਅਰਬ 27 ਕਰੋੜ 37 ਲੱਖ 83 ਹਜ਼ਾਰ 850 ਰੁਪਏ, ਪ੍ਰਿੰਟਿੰਗ ਪ੍ਰੈਸਾਂ ਲਈ 8 ਕਰੋੜ 5 ਲੱਖ ਰੁਪਏ ਰੱਖੇ ਗਏ ਹਨ।

ਇਸ ਤਰ੍ਹਾਂ ਕੁੱਲ ਬਜਟ 11 ਅਰਬ, 6 ਕਰੋੜ, 59 ਲੱਖ, 98 ਹਜ਼ਾਰ, 434 ਰੁਪਏ ਰੱਖਿਆ ਗਿਆ ਹੈ।

ਇਜਲਾਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਜਟ ਵਿੱਚ ਕੈਂਸਰ ਪੀੜਤਾਂ ਲਈ ਇਸ ਵਾਰ 9 ਕਰੋੜ ਰੁਪਏ, ਸਿਕਲੀਗਰ ਵਣਜਾਰਿਆਂ ਲਈ 80 ਲੱਖ ਰੁਪਏ, ਸ਼ਤਾਬਦੀ ਸਮਾਗਮਾਂ ਲਈ 1 ਕਰੋੜ, 50 ਲੱਖ ਰੁਪਏ, ਖ਼ਾਲਸਾਈ ਖੇਡਾਂ ਅਤੇ ਗੁਰਮਤਿ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ 78 ਲੱਖ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਲਈ 63 ਲੱਖ ਰੁਪਏ, ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੋਰ ਲੋੜਵੰਦਾਂ ਦੀ ਮਦਦ ਲਈ 1 ਕਰੋੜ, 63 ਲੱਖ ਰੁਪਏ, ਸਿੱਖ ਇਤਿਹਾਸ ਦੀ ਖੋਜ ਅਤੇ ਛਪਾਈ ਲਈ 63 ਲੱਖ ਰੁਪਏ ਰੱਖੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਦਰਬਾਰ ਸਾਹਿਬ ਵਿਖੇ ਸੰਗਤ ਦੀ ਵੱਧ ਰਹੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲੀ ਮਾਰਕੀਟ ਵਿਖੇ 1 ਹਜ਼ਾਰ ਕਮਰੇ ਦੀ ਸਰਾਂ ਬਣਾਈ ਜਾਵੇਗੀ। ਇਹ ਕਾਰਜ 4 ਪੜਾਵਾਂ ਵਿੱਚ ਮੁਕੰਮਲ ਕੀਤਾ ਜਾਵੇਗਾ। ਪਹਿਲੇ ਪੜਾਅ ਲਈ ਇਸ ਸਾਲ ਦੇ ਬਜਟ ਵਿੱਚ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਏ.ਐਸ., ਆਈ.ਪੀ.ਐਸ. ਦਾ ਇਮਤਿਹਾਨ ਪਾਸ ਕਰਕੇ ਚੁਣੇ ਜਾਣ ਵਾਲੇ ਸਾਬਤ ਸੂਰਤ ਸਿੱਖਾਂ ਨੂੰ 1 ਲੱਖ ਰੁਪਏ ਅਤੇ ਪੀ.ਸੀ.ਐਸ. ਦਾ ਇਮਤਿਹਾਨ ਪਾਸ ਕਰਨ ਵਾਲੇ ਸਾਬਤ ਸੂਰਤ ਸਿੱਖਾਂ ਨੂੰ 75 ਹਜ਼ਾਰ ਰੁਪਏ ਦਾ ਵਿਸ਼ੇਸ਼ ਨਗਦ ਇਨਾਮ ਦਿੱਤਾ ਜਾਇਆ ਕਰੇਗਾ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਨੂੰ ਵਿਸ਼ੇਸ਼ ਵਜ਼ੀਫੇ ਦੇਣ ਤੋਂ ਇਲਾਵਾ ਸਿੱਖਿਆ ਬੋਰਡਾਂ ਦੀ ਪ੍ਰੀਖਿਆ ਵਿਚੋਂ ਪਹਿਲੀਆਂ 20 ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 51-51 ਹਜ਼ਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ। ਇਸ ਦੇ ਨਾਲ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਤੀ, ਸਾਇੰਸ ਅਤੇ ਹੋਰ ਖੋਜ ਕਾਰਜਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਸਾਬਤ ਸੂਰਤ ਸਿੱਖ ਵਿਗਿਆਨੀਆਂ ਨੂੰ ਇਕ-ਇਕ ਲੱਖ ਰੁਪਏ ਦੀ ਰਾਸ਼ੀ ਤੇ ਪ੍ਰਸ਼ੰਸਾ ਪੱਤਰ ਵਿਸ਼ੇਸ਼ ਸਮਾਗਮ ਆਯੋਜਿਤ ਕਰਕੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਾਤਾਵਰਣ ਦੀ ਸਾਂਭ-ਸੰਭਾਲ ਲਈ ਸੰਗਤਾਂ ਨੂੰ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,