ਪੰਜਾਬ ਦੇ ਜਲ ਸੰਕਟ ਦੀ ਗੰਭੀਰ ਸਥਿਤੀ
August 27, 2022 | By ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ
ਸਾਨੂੰ ਮੁਸ਼ਕਿਲ ਉਦੋਂ ਹੀ ਮਹਿਸੂਸ ਹੁੰਦੀ ਹੈ ਜਦੋਂ ਸਾਨੂੰ ਸਾਹਮਣੇ ਦਿਸਦੀ ਹੋਵੇ। ਪੰਜਾਬ ਦੇ ਜਲ ਸੰਕਟ ਦੀ ਗੰਭੀਰ ਸਥਿਤੀ ਨੂੰ ਅਕਸਰ ਬਰਸਾਤ ਦੇ ਮੌਸਮ ਵਿਚ ਅਣਗੌਲਿਆ ਕੀਤਾ ਜਾਂਦਾ ਹੈ। ਪਰ ਇਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਅੱਖਾਂ ਮੀਟਣ ਦੇ ਨਾਲ ਖ਼ਤਰਾ ਟਲ ਨਹੀਂ ਜਾਂਦਾ। ਪੰਜਾਬ ਇਸ ਸਮੇਂ ਜਲ ਸੰਕਟ ਦੀ ਜੋ ਚਿੰਤਾਜਨਕ ਸਥਿਤੀ ਵਿੱਚੋਂ ਲੰਘ ਰਿਹਾ ਹੈ ਉਸ ਲਈ ਲਗਾਤਾਰ ਵਿਚਾਰ-ਚਰਚਾ ਜ਼ਰੂਰੀ ਹੈ। ਇਸ ਸਬੰਧੀ ਅੰਕੜਿਆਂ ਨੂੰ ਅਧਾਰ ਬਣਾ ਕੇ ਅੱਜ ਅਸੀਂ ਗੱਲ ਕਰਦੇ ਹਾਂ ਤਰਨਤਾਰਨ ਜ਼ਿਲ੍ਹੇ ਦੇ 8 ਬਲਾਕਾਂ ਦੀ ਜੋ ਅਤਿ ਸ਼ੋਸ਼ਿਤ ਸਥਿਤੀ ਵਿਚ ਹਨ। ਇਨ੍ਹਾਂ ਵਿੱਚੋਂ ਬਹੁਤੇ ਬਲਾਕ 2017 ਦੇ ਮੁਕਾਬਲੇ 2020 ਦੇ ਵਿਚ ਜ਼ਿਆਦਾ ਸ਼ੋਸ਼ਿਤ ਹੋ ਚੁੱਕੇ ਹਨ।
ਜਿਵੇਂ ਕਿ ਅਸੀਂ ਪਹਿਲਾਂ ਵੀ ਮਾਝੇ ਦੇ ਸੰਦਰਭ ਚ ਗੱਲ ਕੀਤੀ ਸੀ ਕਿ ਮਾਝੇ ਦੇ ਪਹਿਲੇ ਪੱਤਣ ਵਿੱਚ ਹੀ ਪਾਣੀ ਹੈ। ਤਰਨਤਾਰਨ ਦੀ ਸਥਿਤੀ ਵੀ ਕੁਝ ਏਦਾਂ ਦੀ ਹੀ ਹੈ।
2018 ਦੀ ਰਿਪੋਰਟ ਦੇ ਮੁਤਾਬਿਕ ਤਰਨਤਾਰਨ ਦੇ ਪਹਿਲੇ ਪੱਤਣ ਵਿੱਚ 78%, ਦੂਜੇ ਅਤੇ ਤੀਜੇ ਪੱਤਣ ਵਿੱਚ ਪਾਣੀ16.5% ਅਤੇ 5.5% ਹੈ।
ਇਹ ਅੰਕੜੇ ਸਾਨੂੰ ਦੱਸਦੇ ਹਨ ਕਿ ਜ਼ਮੀਨੀ ਪਾਣੀ ਦੇ ਕੁਲ ਭੰਡਾਰ ਵਿਚੋਂ 78% ਹੀ ਪਹਿਲੇ ਪੱਤਣ ਵਿੱਚ ਹੈ।
ਕੇਂਦਰ ਸਰਕਾਰਾਂ ਬਾਰ ਬਾਰ ਪੰਜਾਬ ਨੂੰ ਵੱਧ ਤੋਂ ਵੱਧ ਝੋਨਾ ਲਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ, ਜਿਸ ਨਾਲ ਪਾਣੀ ਦੀ ਖਪਤ ਹੋਰ ਜ਼ਿਆਦਾ ਹੋ ਰਹੀ ਹੈ। ਤਰਨਤਾਰਨ ਵਿੱਚ ਝੋਨੇ ਹੇਠ 85% ਰਕਬੇ ਨੇ ਜ਼ਮੀਨੀ ਪਾਣੀ ਦੀ ਸਥਿਤੀ ਹੋਰ ਨਾਜ਼ੁਕ ਬਣਾ ਦਿੱਤਾ ਹੈ।
ਤਰਨਤਾਰਨ ਵਿੱਚ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਪਾਣੀ ਦੀ ਜਮੀਨ ਹੇਠੋੰ ਕੱਢਣ ਦੀ ਦਰ 2017 ਅਤੇ 2020 ਦੇ ਅੰਕੜਿਆਂ ਮੁਤਾਬਿਕ ਇਸ ਪ੍ਰਕਾਰ ਹੈ।
ਇਹਨਾਂ ਬਲਾਕਾਂ ਵਿੱਚ ਪਾਣੀ ਕੱਢਣ ਦੀ ਦਰ 2017 ਨਾਲੋਂ 2020 ਵਿੱਚ ਵਧੀ ਹੈ:
ਭਿੱਖੀਵਿੰਡ
2017-139% 2020-194%
ਚੋਹਲਾ ਸਾਹਿਬ
2017-141% 2020-218%
ਖਡੂਰ ਸਾਹਿਬ
2017-164% 2020-212%
ਨੌਸ਼ਹਿਰਾ ਪਨੂੰਆਂ
2017-177% 2020-215%
ਤਰਨਤਾਰਨ
2017 -147% 2020-225%
ਇਨ੍ਹਾਂ ਦੋ ਬਲਾਕਾਂ ਵਿੱਚ ਪਾਣੀ ਕੱਢਣ ਦੀ ਦਰ ਘਟੀ ਹੈ।
ਵਲਟੋਹਾ
2017-163% 2020-159%
ਗੰਡੀਵਿੰਡ
2017-134% 2020-118%
ਜ਼ਿਕਰਯੋਗ ਹੈ ਕਿ ਤਰਨਤਾਰਨ ਵਿੱਚ ਸਿਰਫ 0.74% ਰਕਬਾ ਹੀ ਰੁੱਖਾਂ ਹੇਠ ਹੈ। ਕਿਸੇ ਵੀ ਖਿੱਤੇ ਵਿੱਚ ਰੁੱਖਾਂ ਦੀ ਛੱਤਰੀ ਹੇਠ ਰਕਬਾ 33% ਹੋਣਾ ਚਾਹੀਦਾ ਹੈ।
ਤਰਨਤਾਰਨ ਦੇ ਜ਼ਮੀਨੀ ਪਾਣੀ ਦੇ ਵਿੱਚ ਪਾਣੀ ਦੀ ਗੁਣਵੱਤਾ ਵੀ ਘਟ ਰਹੀ ਹੈ। ਜ਼ਮੀਨੀ ਪਾਣੀ ਵਿਚ ਯੂਰੇਨੀਅਮ ਅਤੇਆਰਸੈਨਿਕ ਦੀ ਮਾਤਰਾ ਵੱਧ ਪਾਈ ਗਈ ਹੈ, ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਹੈ।
ਜਮੀਨੀ ਪਾਣੀ ਦੇ ਤੇਜੀ ਨਾਲ ਥੱਲੇ ਡਿੱਗਣ ਦੇ ਕਾਰਨ ਬੇਸ਼ੱਕ ਬਹੁਭਾਂਤੀ ਹਨ ਅਤੇ ਇਹਨਾਂ ਦੇ ਹੱਲ ਵੀ ਵੱਡੇ ਪੱਧਰ ਤੇ ਹੋਣ ਵਾਲੇ ਹਨ।
ਪਰ ਕੁੱਝ ਕਾਰਜ ਅਸੀਂ ਨਿੱਜੀ ਪੱਧਰ ਤੇ ਵੀ ਕਰ ਸਕਦੇ ਹਾਂ। ਜਿਵੇਂ ਕਿ ਘਰਾਂ, ਗੁਰਦੁਆਰਿਆਂ ਦੀਆਂ ਛਤਾਂ ਦੇ ਬਰਸਾਤੀ ਪਾਣੀ ਨੂੰ ਜ਼ਮੀਨਦੋਜ਼ ਕਰਨਾ ਅਤੇ ਰੁੱਖਾਂ ਦੀ ਛੱਤਰੀ ਹੇਠ ਰਕਬਾ ਵਧਾਉਣ ਲਈ ਛੋਟੇ ਜੰਗਲ ਜਾਂ ਝਿੜੀਆਂ ਲਾਉਣਾ।
ਪਾਣੀ ਨੂੰ ਜ਼ਮੀਨਦੋਜ਼ ਕਰਨ ਅਤੇ ਝਿੜੀਆਂ ਲਾਉਣ ਦੇ ਸੰਬੰਧ ਚ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸੱਕਦੇ ਹੋ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Ground Water of Punjab, Punjab Water Crisis, Punjab Water Issue, Tarn Taran