ਸੰਵਾਦ’ ਵਲੋਂ ‘ਨੈਸ਼ਨਲਇਜ਼ਮ: ਮੌਜੂਦਾ ਸੰਦਰਭ ਵਿਚ’ ਵਿਸ਼ੇ ਉਪਰ ਸੈਮੀਨਾਰ ਨੇ ਨਵੀਂ ਚਰਚਾ ਛੇੜੀ
April 12, 2016 | By ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜਿਲ੍ਹਾ ਕਚਹਿਰੀਆਂ, ਲੁਧਿਆਣਾ।
98554-01843
ਲੁਧਿਆਣਾ ਦੇ ਪੰਜਾਬੀ ਭਵਨ ਵਿਚ 9 ਅਪਰੈਲ, 2016 ਨੂੰ ਵਿਚਾਰਕ ਜਥੇਬੰਦੀ “ਸੰਵਾਦ” ਵਲੋਂ ‘ਨੈਸ਼ਨਲਇਜ਼ਮ: ਮੌਜੂਦਾ ਸੰਦਰਭ ਵਿਚ’ ਵਿਸ਼ੇ ਉਪਰ ਸੈਮੀਨਾਰ ਨੇ ਪੰਜਾਬ ਤੇ ਖਾਸ ਕਰਕੇ ਸਿੱਖ ਹਲਕਿਆਂ ਵਿਚ ਵਿਚਾਰਕ ਖੜੋਤ ਨੂੰ ਤੋੜਦਿਆਂ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਇਸ ਸੈਮੀਨਾਰ ਨੇ ਲੰਬੇ ਸਮੇਂ ਤੋਂ ਸੁਹਿਰਦ ਤੇ ਗੰਭੀਰ ਯਤਨਾਂ ਦੀ ਕੀਤੀ ਜਾ ਰਹੀ ਉਡੀਕ ਨੂੰ ਵਿਰਾਮ ਲਗਾਇਆ ਹੈ।
ਭਾਈ ਮਨਧੀਰ ਸਿੰਘ ਸੈਮੀਨਾਰ ਦਾ ਆਰੰਭ ਕਰਦੁ ਹੋਏ
ਸੈਮੀਨਾਰ ਦੀ ਆਰੰਭਤਾ ਭਾਈ ਮਨਧੀਰ ਸਿੰਘ ਵਲੋਂ ਕਰਦਿਆਂ ਕਿਹਾ ਗਿਆ ਕਿ ਸਾਡੇ ਵਲੋਂ ਇਹ ਨਾਮਣਾ ਜਿਹਾ ਯਤਨ ਹੈ ਕਿ ਅਸੀਂ ਗੁਰੂ ਪਾਤਸ਼ਾਹ ਵਲੋਂ ਸ਼ੁਰੂ ਕੀਤੀ ਗੋਸ਼ਟ ਪਰੰਪਰਾ ਨੂੰ ਅੱਗੇ ਤੋਰਦਿਆਂ ਪੰਥ, ਪੰਜਾਬ ਤੇ ਸੰਸਾਰ ਵਿਚਲੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਸਮਝ ਕੇ ਉਹਨਾਂ ਦੇ ਹੱਲ ਕਰਨ ਲਈ ਲਗਾਤਾਰ ਇਕੱਤਰਤਾਵਾਂ ਕਰੀਏ ਤਾਂ ਜੋ ਸਰਬਤ ਦੇ ਭਲੇ ਦੀ ਪਰਾਪਤੀ ਵੱਲ ਵਧਿਆ ਜਾ ਸਕੇ। ਉਹਨਾਂ ਕਿਹਾ ਕਿ ਸਾਡੀਆਂ ਵਿਚਾਰ-ਚਰਚਾਵਾਂ ਦਾ ਕੇਂਦਰ ਦੁਨੀਆਂ ਵਿਚਲੀਆਂ ਹਰੇਕ ਪੱਖ ਦੀਆਂ ਸਮੱਸਿਆਂਵਾਂ ਨੂੰ ਸਮਝ ਕੇ ਗੁਰੂ ਗਰੰਥ ਤੇ ਗੁਰੂ ਪੰਥ ਦੇ ਸਿਧਾਤਾਂ ਮੁਤਾਬਕ ਉਹਨਾਂ ਦੇ ਹੱਲ ਉਜਾਗਰ ਕਰਨ ਦਾ ਯਤਨ ਕਰਨਾ ਹੈ ਅਤੇ ਜਿਸ ਤਹਿਤ ਅੱਜ ਅਸੀਂ ਮੌਜੂਦਾ ਸਮੇਂ ਵਿਚ ਇਸ ਖਿੱਤੇ ਵਿਚ ਕੇਂਦਰ ਬਣੇ ਨੈਸ਼ਨਲਇਜ਼ਮ ਦੇ ਮੁੱਦੇ ਨੂੰ ਚੁਣਿਆ ਹੈ ਅਤੇ ਅੱਜ ਅਸੀਂ ਇਸ ਦੇ ਖਾਸੇ ਅਤੇ ਪਿਛੋਕੜ ਬਾਰੇ ਵਿਚਾਰ ਚਰਚਾ ਕਰਾਂਗੇ। ਇਸ ਤਹਿਤ ਪਹਿਲਾਂ ਉਹਨਾਂ ਨੈਸ਼ਨਲਇਜ਼ਮ ਦੇ ਰਿਸਰਚ ਸਕਾਲਰ ਸ. ਜਗਪਾਲ ਸਿੰਘ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ।
ਸੈਮੀਨਾਰ ਦੇ ਮੁੱਖ ਬੁਲਾਰੇ ਸ. ਅਜਮੇਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ
ਸ. ਜਗਪਾਲ ਸਿੰੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਨੈਸ਼ਨਲਇਜ਼ਮ ਦੀਆਂ ਪਰਿਭਾਸ਼ਾਵਾਂ, ਇਸ ਦੇ ਸ਼ੁਰੂਆਤੀ ਦੌਰ ਅਤੇ ਵੱਖ-ਵੱਖ ਕਿਸਮਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਦਰਸਾਇਆ ਕਿ ਮੌਜੂਦਾ ਸਮੇਂ ਵਿਚ ਭਾਰਤ ਵਿਚ ਜੋ ਨੈਸ਼ਨਲਇਜ਼ਮ ਦੀ ਗੱਲ ਚੱਲ ਰਹੀ ਹੈ ਇਹ ਅਸਲ ਵਿਚ ਨੈਸ਼ਨਲਇਜ਼ਮ ਦਾ ਕਰੂਪ ਰੂਪ ਹੈ ਅਤੇ ਇਸ ਕਿਸਮ ਦੇ ਨੈਸ਼ਨਲਇਜ਼ਮ ਨਾਲ ਵਿਕਾਸ ਨਹੀਂ ਸਗੋਂ ਵਿਨਾਸ਼ ਹੀ ਸੰਭਵ ਹੈ। ਉਹਨਾਂ ਕਿਹਾ ਕਿ ਭਾਰਤ ਇਕ ਨੇਸ਼ਨ ਨਹੀਂ ਸਗੋਂ ਕਈ ਨੇਸ਼ਨਾਂ ਦਾ ਸਮੂਹ ਹੈ ਅਤੇ ਬਹੁਗਿਣਤੀ ਵਲੋਂ ਆਪਣੇ ਸੱਭਿਆਚਾਰ ਮੁਤਾਬਕ ਘੱਟਗਿਣਤੀਆਂ ਨੂੰ ਬਦਲਣ ਦੀ ਗੱਲ ਜਾਂ ਕੋਸ਼ਿਸ਼ ਕਰਨ ਨੂੰ ਕਦੇ ਵੀ ਸਹੀ ਨੈਸ਼ਨਲਇਜ਼ਮ ਨਹੀਂ ਕਿਹਾ ਜਾ ਸਕਦਾ ਸਗੋਂ ਇਹ ਤਾਂ ਥੋਪਿਆ ਹੋਇਆ ਨੈਸ਼ਨਲਇਜ਼ਮ ਹੀ ਕਿਹਾ ਜਾ ਸਕਦਾ ਹੈ।ਉਹਨਾਂ ਕਨੱਈਆ ਕੁਮਾਰ ਮੁੱਦੇ ਨੂੰ ਨਵੇਂ ਤਰ੍ਹਾਂ ਦਾ ਨੈਸ਼ਨਲਇਜ਼ਮ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਨੱਈਆ ਕੁਮਾਰ ਤਾਂ ਚੱਲ ਰਹੇ ਬਹੁਗਿਣਤੀ ਦੇ ਨੈਸ਼ਨਲਇਜ਼ਮ ਵਿਚ ਜੀਵਨ ਪੱਧਰ ਉੱਪਰ ਚੁੱਕਣ ਦੀਆਂ ਹੀ ਗੱਲਾਂ ਕਰ ਰਿਹਾ ਹੈ ਅਤੇ ਇਹਨਾਂ ਗੱਲਾਂ ਦਾ ਬਹੁਗਿਣਤੀ ਦੇ ਨੈਸ਼ਨਲਇਜ਼ਮ ਉਪਰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਭਾਰਤ ਵਿਚ ਆਜ਼ਾਦੀ ਦੀ ਗੱਲ ਬੇ-ਮਾਅਨੇ ਹੈ।
ਸ. ਜਗਪਾਲ ਸਿੰੰਘ ਆਪਣੇ ਵਿਚਾਰ ਪੇਸ਼ ਕਰਦਿਆਂ
ਇਸ ਮੌਕੇ ਸੈਮੀਨਾਰ ਦੇ ਮੁੱਖ ਬੁਲਾਰੇ ਸ. ਅਜਮੇਰ ਸਿੰਘ ਨੇ ਆਪਣੇ ਵਿਚਾਰਾਂ ਦਾ ਕੇਂਦਰੀ ਧੁਰਾ ਮੌਜੂਦਾ ਸਮੇਂ ਵਿਚ ਉੱਠ ਰਹੇ ਨੈਸ਼ਨਲਇਜ਼ਮ ਦੀਆਂ ਜੜ੍ਹਾਂ ਵਿਚ ਹੀ ਰੱਖਿਆ। ਉਹਨਾਂ ਕਿਹਾ ਕਿ ਨੈਸ਼ਨਲਇਜ਼ਮ ਨੇ ਆਪਣੇ ਚਿੰਨ੍ਹ, ਨਾਹਰੇ ਆਦਿ ਘੜ੍ਹੇ ਹੁੰਦੇ ਹਨ ਜਿਵੇ ਮੌਜੂਦਾ ਭਾਰਤੀ ਨੈਸ਼ਨਲਇਜ਼ਮ ਵਿਚ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ, ਗਾਂ, ਦੇਸ਼-ਭਗਤੀ ਆਦਿ ਹਨ ਅਤੇ ਇਹਨਾਂ ਦਾ ਵਿਰੋਧ ਕਰਨ ਵਾਲਿਆਂ ਲਈ ਗੱਦਾਰ, ਦੇਸ਼ ਵਿਰੋਧੀ, ਰਾਸ਼ਟਰ ਵਿਰੋਧੀ ਆਦਿ ਲਕਬ ਵਰਤੇ ਜਾਂਦੇ ਹਨ।
ਸ. ਅਜਮੇਰ ਸਿੰਘ ਨੇ ਕਿਹਾ ਕਿ 1757 ਈ. ਦੀ ਪਲਾਸੀ ਦੀ ਲੜਾਈ ਸਮੇਂ ਹੀ ਮੌਜੂਦਾ ਨੈਸ਼ਨਲਇਜ਼ਮ ਦਾ ਮੁੱਢ ਬੰਨ ਦਿੱਤਾ ਗਿਆ ਸੀ ਜਦੋਂ ਅੰਗਰੇਜ਼ਾਂ ਦੀ 3000 ਸੈਨਾ ਨੇ ਆਪਣੇ ਕੇਵਲ 22 ਸੈਨਿਕ ਹੀ ਮਰਵਾ ਕੇ ਨਵਾਬ ਸਿਰਾਜ-ਉਦ-ਦੌਲਾ ਦੀ 56000 ਸੈਨਾ ਨੂੰ ਹਰਾ ਦਿੱਤਾ ਸੀ ਅਤੇ ਇਸ ਹਾਰ ਪਿੱਛੋਂ ਕਿਵੇ ਅੰਗਰੇਜ਼ਾਂ ਨੇ ਬੰਗਾਲ ਨੂੰ ਬ੍ਰਾਹਮਣ-ਬਾਣੀਆਂ ਦੇ ਹੱਥਾਂ ਵਿਚ ਸੌਂਪ ਕੇ ਢਾਕੇ ਨੂੰ ਬਰਬਾਦ ਕਰਕੇ ਕਲਕੱਤੇ ਨੂੰ ਆਬਾਦ ਕੀਤਾ ਅਤੇ ਅੰਗਰੇਜ਼ ਨੇ ਬ੍ਰਾਹਮਣ ਨਾਲ ਮਿਲ ਕੇ ਸਿੱਖਿਆ ਦੀ ਲਹਿਰ ਚਲਾ ਕੇ ਬ੍ਰਾਹਮਣਾਂ ਨੂੰ ਆਪਣੇ ਨੌਕਰਸ਼ਾਹ ਬਣਾਇਆ ਅਤੇ ਹੌਲੀ-ਹੌਲੀ ਇਸ ਉਪ-ਮਹਾਂਦੀਪ ਦੇ ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕਰਕੇ ਆਪਣੇ ਨੌਕਰਸ਼ਾਹਾਂ ਬ੍ਰਾਹਮਣ-ਬਾਣੀਆ ਦੇ ਹੱਥ ਵਿਚ ਇਸ ਖਿੱਤੇ ਨੂੰ ਸੌਂਪ ਦਿੱਤਾ। ਭਾਰਤੀ ਉਪ-ਮਹਾਂਦੀਪ ਦੀਆਂ ਬਾਕੀਆਂ ਜਮਾਤਾਂ ਨੂੰ ਇਹਨਾਂ ਤੋਂ ਕਰੀਬ 100 ਸਾਲ ਬਾਅਦ ਇਸ ਪਰਬੰਧ ਦੀ ਵਿੱਦਿਆ ਹਾਸਲ ਹੋਣ ਲੱਗੀ ਪਰ ਉਦੋਂ ਤੱਕ ਬ੍ਰਾਹਮਣ-ਬਾਣੀਆ ਸਮੁੱਚੇ ਪ੍ਰਬੰਧ ਉਪਰ ਕਾਬਜ ਹੋ ਚੁੱਕਾ ਸੀ ਅਤੇ ਇਹ ਤਰਾਸਦੀ ਰਹੀ ਕਿ ਜੋ ਫੌਜ ਤੇ ਨੌਕਰਸ਼ਾਹੀ 14 ਅਗਸਤ 1947ਨੂੰ ਅੰਗਰੇਜ਼ੀ ਰਾਜ ਪ੍ਰਬੰਧ ਅਧੀਨ ਚੱਲ ਰਹੀ ਸੀ ਉਹ ਉਸੇ ਤਰ੍ਹਾਂ ਤੇ ਉਹੀ ਕਾਨੂੰਨਾਂ ਤਹਿਤ ਰਾਤੋਂ-ਰਾਤ ਕੇਵਲ ਦਸਤਖਤਾਂ ਰਾਹੀਂ ਬਦਲ ਕੇ 15 ਅਗਸਤ1947 ਨੂੰ ਭਾਰਤੀ ਰਾਜ-ਪ੍ਰਬੰਧ ਦਾ ਹਿੱਸਾ ਕਹਾਉਂਣ ਲੱਗ ਪਈ। ਉਹਨਾਂ ਕਿਹਾ ਕਿ ਵੰਦੇ ਮਾਤਰਮ ਕਹਿਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਦੇਵੀ ਦੀ ਉਸਤਤੀ ਵਿਚ ਲਿਖਿਆ ਗਿਆ ਭਜਨ ਸੀ ਜਿਸਨੂੰ ਇਸਦੇ ਲੇਖਕ ਬੰਕਿਮ ਚੰਦਰ ਨੇ ਇਸਦੇ ਲਿਖਣ ਤੋਂ 10 ਸਾਲਾਂ ਬਾਅਦ ਲਿਖੇ ਨਾਵਲ ਅਨੰਦ ਮੱਠ ਵਿਚ ਸ਼ਾਮਲ ਕਰ ਦਿੱਤਾ ਸੀ।ਉਹਨਾਂ ਦੱਸਿਆ ਕਿ ਕਿਵੇ ਬ੍ਰਾਹਮਣ ਨੇ ਪਹਿਲਾਂ ਅੰਗਰੇਜ਼ਾਂ ਨਾਲ ਭਿਆਲੀ ਪਾ ਕੇ ਅੰਗਰੇਜ਼ ਨੂੰ ਇਸ ਖਿੱਤੇ ਦਾ ਰਾਜ ਪ੍ਰਬੰਧ ਦਿਵਾਇਆ ਅਤੇ ਆਪਣੀ ਨਸਲ ਨੂੰ ਅੰਗਰੇਜ਼ਾਂ ਰਾਹੀਂ ਸਿੱਖਿਅਤ ਕਰਕੇ ਇਸ ਖਿੱਤੇ ਦੇ ਰਾਜ ਪ੍ਰਬੰਧ ਉਪਰ ਕਾਬਜ ਹੋਣਾ ਕੀਤਾ।
ਸੈਮੀਨਾਰ ਦੌਰਾਨ ਹਾਜ਼ਰ ਸਰੋਤੇ
ਸੈਮੀਨਾਰ ਦੇ ਅੰਤ ਵਿਚ ਦੋਹਾਂ ਵਿਦਵਾਨਾਂ ਵਲੋਂ ਕੀਤੀ ਵਿਚਾਰਾਂ ਉਪਰ ਬਹਿਸ ਹੋਈ ਜਿਸ ਵਿਚ ਸ. ਰਾਜਵਿੰਦਰ ਸਿੰਘ ਰਾਹੀ, ਬਬਲਜੀਤ ਸਿੰਘ ਮੂਮ, ਬਲ਼ਕੌਰ ਸਿੰਘ ਗਿੱਲ, ਹਰਪਾਲ ਸਿੰਘ ਚੀਮਾ, ਚਰਨਜੀਤ ਸਿੰਘ ਤੇਜਾ, ਕਮਲਜੀਤ ਸਿੰਘ ਛੱਜਲਵੱਢੀ ਤੇ ਹੋਰਨਾਂ ਸਰੋਤਿਆਂ ਨੇ ਆਪਣੇ ਵਿਚਾਰ ਰੱਖੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਦਲਜੀਤ ਸਿੰਘ ਬਿੱਟੂ, ਰਾਜਪਾਲ ਸਿੰਘ ਹਰਦਿਆਲੇਆਣਾ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਡਾ. ਸੇਵਕ ਸਿੰਘ, ਪਰਮਜੀਤ ਸਿੰਘ ਗਾਜ਼ੀ, ਹਰਜੀਤ ਸਿੰਘ ਬਟਾਲਾ, ਸਿਕੰਦਰ ਸਿੰਘ, ਅਮਨਦੀਪ ਸਿੰਘ ਮਲੇਰਕੋਟਲਾ, ਹੁਸ਼ਿਆਰ ਸਿੰਘ ਰਾਣੂ, ਗੁਰਪ੍ਰੀਤ ਸਿੰਘ ਨੂਰਮਹਿਲ, ਮੱਖਣ ਸਿੰਘ ਗੰਢੂਆ, ਸ਼ਿਵਜੀਤ ਸਿੰਘ ਸੰਘਾ, ਸੁਰਿੰਦਰਪਾਲ ਸਿੰਘ ਕੋਟਕਪੂਰਾ, ਤੇਜਵੰਤ ਸਿੰਘ ਗਰੇਵਾਲ, ਦਰਬਾਰਾ ਸਿੰਘ ਗਿੱਲ, ਅਮਰੀਕ ਸਿੰਘ ਈਸੜੂ, ਕਮਿੱਕਰ ਸਿੰਘ, ਜਸਵੀਰ ਸਿੰਘ ਖੰਡੂਰ, ਗੁਰਪ੍ਰੀਤ ਸਿੰਘ ਮੰਡਿਆਣੀ, ਪ੍ਰਭਜੋਤ ਸਿੰਘ ਨਵਾਂਸ਼ਹਿਰ, ਰਣਬੀਰ ਸਿੰਘ ਗੀਗਨੋਵਾਲ, ਨੋਬਲਜੀਤ ਸਿੰਘ, ਮਨਵਿੰਦਰ ਸਿੰਘ ਗਿਆਸਪੁਰਾ, ਰਾਜ ਸਿੰਘ ਸ਼ਹਿਣਾ, ਇੰਦਰਪ੍ਰੀਤ ਸਿੰਘ ਸੰਗਰੂਰ, ਸੁਖਵਿੰਦਰ ਸਿੰਘ ਫੌਜੀ, ਪਰਮਿੰਦਰਪਾਲ ਕੌਰ, ਅੰਮ੍ਰਿਤ ਕੌਰ, ਸਿਮਰਜੀਤ ਕੌਰ ਯੂ.ਕੇ, ਬਲਜਿੰਦਰ ਸਿੰਘ ਧਰੌੜ, ਹਰਜੀਤ ਸਿੰਘ ਤਲਵੰਡੀ ਸਾਬੋ ਕੀ, ਸਰਬਜੀਤ ਸਿੰਘ, ਹਰਮਿੰਦਰ ਸਿੰਘ ਲੁਧਿਆਣਾ ਤੇ ਗੁਰਦੀਪ ਸਿੰਘ ਰਾਜੂ ਸਮੇਤ ਹੋਰਨਾਂ ਨੇ ਸਰੋਤਿਆ ਵਜ਼ੋ ਸ਼ਿਰਕਤ ਕੀਤੀ।
ਅੰਤ ਵਿਚ ਭਾਈ ਮਨਧੀਰ ਸਿੰਘ ਨੇ ਦੱਸਿਆ ਕਿ ਇਸ ਲੜੀ ਨੂੰ ਅੱਗੇ ਜਾਰੀ ਰੱਖਦਿਆਂ ਛੇਤੀ ਹੀ ਹੋਰ ਸੈਮੀਨਾਰ ਦਾ ਐਲਾਨ ਕੀਤਾ ਜਾਵੇਗਾ। ਉਪਰੰਤ ਸਭ ਸਰੋਤੇ ਪਰਸ਼ਾਦਾ-ਪਾਣੀ ਛਕ ਕੇ ਨਵੀਆਂ ਵਿਚਾਰਾਂ ਨਾਲ ਲੈੱਸ ਹੋ ਕੇ ਆਪੋ-ਆਪਣੇ ਘਰਾਂ ਨੂੰ ਇਹ ਵਾਅਦਾ ਕਰਕੇ ਰੁਖ਼ਸਤ ਹੋਏ ਕਿ ਅਜਿਹੀਆਂ ਸੁਹਿਰਦ ਤੇ ਗੰਭੀਰ ਵਿਚਾਰ ਚਰਚਾਵਾਂ ਹੀ ਸਾਨੂੰ ਸੁਨਹਿਰੀ ਭਵਿੱਖ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕਰਨਗੀਆਂ।ਇਸ ਸਾਰੇ ਸੈਮੀਨਾਰ ਦੀ ਰਿਕਾਰਡਿੰਗ ਸਿੱਖ ਸਿਆਸਤ ਵਲੋਂ ਕੀਤੀ ਗਈ ਸੀ ਜਿਸਦੀ ਵੀਡਿਓ ਛੇਤੀ ਹੀ ਉਹ ਆਪਣੀ ਵੈੱਬ-ਸਾਈਟ ਰਾਹੀਂ ਦਰਸ਼ਕਾਂ ਦੇ ਰੂ-ਬ-ਰੂ ਕਰਨਗੇ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Ajmer Singh, Bhai Mandhir Singh, Indian Nationalism, Jagpal Singh, Nationalism, S. Rajwinder Singh Rahi