July 29, 2022 | By ਸਿੱਖ ਸਿਆਸਤ ਬਿਊਰੋ
ਲੁਧਿਆਣਾ – ਪੰਜਾਬ ਦੇ ਪਾਣੀਆਂ ਦੀਆਂ ਸਮੱਸਿਆਵਾਂ ਬਹੁਭਾਂਤੀ ਹਨ। ਜਿੱਥੇ ਧਰਤੀ ਹੇਠਲੇ ਪਾਣੀ ਦੇ ਘਟਣ ਅਤੇ ਦਰਿਆਈ ਪਾਣੀਆਂ ਦੀ ਕਾਣੀ ਵੰਡ ਦੀਆਂ ਸਮੱਸਿਆਵਾਂ ਸੂਬੇ ਦੇ ਦਰਪੇਸ਼ ਹਨ, ਓਥੇ ਹੀ ਦਰਿਆਈ ਅਤੇ ਧਰਤੀ ਹੇਠਲੇ ਪਾਣੀ ਦੇਪਰਦੂਸ਼ਿਤ ਹੋ ਜਾਣਾ ਵੱਡੀ ਸਮੱਸਿਆ ਬਣ ਚੁੱਕੀ ਹੈ। ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਵਲੋਂ ਸੰਯੁਕਤ ਰਾਸ਼ਟਰ ਵੱਲੋਂ ਮਿੱਥੇ ਗਏ “ਕੁਦਰਤ ਸੰਭਾਲ ਦਿਹਾੜੇ” ਮੌਕੇ ਲੁਧਿਆਣਾ ਵਿਖੇ ‘ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ’ ਵਿਸ਼ੇ’ ਤੇ ਵਿਚਾਰ ਗੋਸ਼ਟੀ ਕਰਵਾਈ ਗਈ।
ਵਿਚਾਰ ਗੋਸ਼ਟੀ ਦੌਰਾਨ ਸਮੱਸਿਆ ਦੇ ਹੱਲ ਦੇ ਚਾਰ ਸੰਭਾਵੀ ਪੱਖ (ਰਾਜਨੀਤਿਕ, ਨੌਕਰਸ਼ਾਹੀ, ਕਾਨੂੰਨੀ ਅਤੇ ਸੰਘਰਸ਼) ਵਿਚਾਰੇ ਗਏ। ਮੱਤੇਵਾੜਾ ਮਸਲੇ ਤੇ ਸੰਘਰਸ਼ ਕਰ ਚੂੱਕੀ ਪੀ ਏ ਸੀ ਦੇ ਨੁਮਾਇੰਦੇ ਕਰਨਲ (ਰਿਟਾ.) ਚੰਦਰ ਮੋਹਨ ਲਖਨਪਾਲ ਅਤੇ ਡਾ.ਅਮਨਦੀਪ ਸਿੰਘ ਬੈਂਸ ਵੱਲੋਂ ਬੁੱਢੇ ਦਰਿਆ ਦੇ ਮਸਲੇ ਨਾਲ ਜੁੜੇ ਗੈਰ ਸਮਾਜਿਕ ਤੱਤਾਂ ਅਤੇ ਅਖੌਤੀ ਵਿਕਾਸ ਮਾਡਲ ਦੀ ਸਮਾਜਿਕ ਦੀਪੜਚੋਲ ਕੀਤੀ ਗਈ।
ਕਰਨਲ ਲਖਨਪਾਲ ਨੇ ਕਿਹਾ ਕਿ ਬੁੱਢੇ ਦਰਿਆ ਦੇ ਪ੍ਰਦੂਸ਼ਣ ਪ੍ਰਤੀ ਸਰਕਾਰ ਦੀ ਪਹੁੰਚ ਅਧੂਰੀ ਹੈ ਜਿਸ ਨਾਲ ਇਹ ਮਸਲਾ ਹੱਲ ਨਹੀਂ ਹੋ ਸਕਣਾ ਤੇ ਇਸ ਮਸਲੇ ਦੇ ਮੁਕੰਮਲ ਪੱਖਾਂ ਨੂੰ ਮੁਖਾਤਿਬ ਹੋਣ ਦੀ ਲੋੜ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਕਾਹਨ ਸਿੰਘ ਪੰਨੂ ਵੱਲੋਂ ਨੌਕਰਸ਼ਾਹੀ ਨੂੰ ਇਸ ਮਸਲੇ ਤੇ ਹਰਕਤ ਚ ਲਿਆਉਣ ਅਤੇ ਜਵਾਬਦੇਹ ਬਣਾਉਣ ਬਾਰੇ ਨੁਕਤੇ ਸਾਂਝੇ ਕੀਤੇ ਗਏ। ਰਾਜਨੀਤਿਕ ਪੱਖ ਵਿਚਾਰਨ ਲਈ ਪੰਜਾਬ ਦੀ ਸੱਤਾ ਤੇ ਰਹਿ ਚੁੱਕੀਆਂ ਰਾਜਸੀ ਧਿਰਾਂ – ਸ਼ੋਮ੍ਰਣੀ ਅਕਾਲੀ ਦਲ (ਬ) ਅਤੇ ਕਾਂਗਰਸ ਅਤੇ ਮੌਜੂਦਾ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਸੀ।
ਸ਼ੋ੍ ਅ.ਦ (ਬ) ਵੱਲੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਮਸਲੇ ਦੇ ਹੱਲ ਲਈ ਬਣਦਾ ਸਹਿਯੋਗ ਕਰਨ ਦੀ ਗੱਲ ਆਖੀ ਗਈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪੱਖ ਰੱਖਣ ਲਈ ਨੁਮਾਇੰਦੇ ਨਹੀਂ ਪਹੁੰਚੇ। ਇਸ ਮੌਕੇ ਧਰਤੀ ਹੇਠਲੇ ਪਾਣੀ ਨੂੰ ਕਾਰਖਾਨਿਆਂ ਵੱਲੋਂ ਗੰਧਲਾ ਕਰਨ ਬਾਰੇ ਮਹੀਆਂ ਵਾਲਾ (ਜ਼ੀਰਾ) ਦੀ ਘਟਨਾ ਦੇ ਹਵਾਲੇ ਨਾਲ ਵੀ ਗੱਲ ਹੋਈ।
ਇਸ ਮੌਕੇ ਪੰਥ ਸੇਵਕ ਜਥਾ, ਦੋਆਬਾ ਤੋਂ ਭਾਈ ਮਨਧੀਰ ਸਿੰਘ, ਨਦਰਿ ਫਾਉਂਡੇਸ਼ਨ ਤੋਂ ਜਸਵਿੰਦਰ ਸਿੰਘ, ਸਿੱਖ ਯੂਥ ਪਾਵਰ ਆਫ ਪੰਜਾਬ ਵੱਲੋਂ ਪਰਦੀਪ ਸਿੰਘ ਇਆਲੀ, ਸਿੱਖ ਯੂਥ ਆਫ ਪੰਜਾਬ ਵੱਲੋਂ ਗੁਰਪ੍ਰੀਤ ਸਿੰਘ ਖੁੱਡਾ, ਮਿਸਲ ਸਤਲੁਜ ਵੱਲੋਂ ਦਵਿੰਦਰ ਸਿੰਘ ਸੇਖੋੰ ਤੇ ਬੱਬੂ ਖੋਸਾ, ਲੁਧਿਆਣੇ ਵਿਚ ਸਰਗਰਮ ਪੀ.ਏ.ਸੀ. ਦੇ ਮੈਂਬਰ ਅਤੇਅਕਾਦਮਿਕ ਸੰਸਥਾਵਾਂ ਖ਼ਾਲਸਾ ਕਾਲਜ ਫਾਰ ਵਿਮਨ, ਗੁਰੂ ਨਾਨਕ ਖਾਲਸਾ ਕਾਲਜ, ਸਰਕਾਰੀ ਕਾਲਜ ਲੜਕੀਆਂ, ਗੁਰੂਨਾਨਕ ਇੰਜੀਨੀਅਰਿੰਗ ਕਾਲਜ ਅਤੇ ਗੁਰੂ ਨਾਨਕ ਦੇਵ ਬਹੁਤਕਨੀਕੀ ਕਾਲਜ ਤੋਂ ਵਿਦਿਆਰਥੀ ਅਤੇ ਅਧਿਆਪਕ ਵੀ ਹਾਜ਼ਿਰ ਰਹੇ।
ਜ਼ਿਕਰਯੋਗ ਹੈ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਦੀ ਝੋਨਾ ਘਟਾਉਣ ਅਤੇ ਝਿੜੀਆਂ ਲਗਾਉਣ ਦੀ ਮੁਹਿੰਮ ਨੂੰ ਪਿਛਲੇ ਵਰ੍ਹੇ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਕੇਂਦਰ ਦੇ ਨੁਮਾਇੰਦੇ ਬੀਬੀ ਹਰਬੀਰ ਕੌਰ, ਮਲਕੀਤ ਸਿੰਘ ਬਸੰਤਕੋਟ, ਹਰਿੰਦਰਪਰੀਤ ਸਿੰਘ, ਪਰਮਜੀਤ ਸਿੰਘ ਗਾਜ਼ੀ ਅਤੇ ਸੁਖਜੀਤ ਸਿੰਘ ਹਾਜ਼ਿਰ ਰਹੇ।
Related Topics: Bhai Mandhir Singh, Budha Nala, Ludhaina, Manpreet Singh Iyali, Panth Sewak Jatha Doaba’s, Parmjeet Singh Gazi, S. Kahan Singh Pannu, Save Water Save Punjab