September 25, 2017 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਸ. ਸਿਮਰਨਜੀਤ ਸਿੰਘ ਮਾਨ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਗਿਆ ਹੈ ਕਿ ਅੰਗਰੇਜ਼ੀ ਟ੍ਰਿਬਿਊਨ ਵੱਲੋਂ ਪਤੰਜਲੀ ਦੇ ਉਤਪਾਦ ਇਸਤੇਮਾਲ ਕਰਨ ਲਈ ਲੋਕਾਂ ਪ੍ਰੇਰਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਪਾਰਟੀ ਦਫਤਰ ਤੋਂ ਜਾਰੀ ਬਿਆਨ ‘ਚ ਕਿਹਾ ਕਿ ਜਦਕਿ ਪੱਤਰਕਾਰੀ ਦੇ ਖੇਤਰ ‘ਚ ਇਕ ਸੰਪਾਦਕ ਜਾਂ ਟ੍ਰਿਬਿਊਨ ਅਦਾਰੇ ਨੂੰ ਚਾਹੀਦਾ ਸੀ ਕਿ ਉਹ ਇਥੋਂ ਦੇ ਨਿਵਾਸੀਆਂ ਨੂੰ ਹਰ ਪੱਖੋਂ ਸਹੀ ਜਾਣਕਾਰੀ ਦੇਵੇ ਅਤੇ ਤੱਥਾਂ ‘ਤੇ ਅਧਾਰਿਤ ਰਿਪੋਰਟਿੰਗ ਕਰਕੇ ਅਜਿਹੇ ਉਤਪਾਦਾਂ ਨੂੰ ਇਸਤੇਮਾਲ ਕਰਨ ਤੋਂ ਆਮ ਲੋਕਾਂ ਨੂੰ ਰੋਕੇ ਜਿਹੜੇ ਕਿ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਨੁਕਸਾਨ ਪਹੁੰਚਾਉਣ ਵਾਲੇ ਹਨ।
ਸ. ਮਾਨ ਨੇ ਪ੍ਰੈਸ ਬਿਆਨ ‘ਚ ਕਿਹਾ ਕਿ ਪਤੰਜਲੀ ਗਰੁੱਪ ਗਊ ਦੇ ਪੇਸ਼ਾਬ ਅਤੇ ਮਨੁੱਖੀ ਹੱਡੀਆਂ ਨੂੰ ਪੀਸਕੇ ਆਪਣੇ ਉਤਪਾਦਾਂ ਵਿਚ ਮਿਲਾਕੇ ਵੇਚਦਾ ਹੈ। ਟ੍ਰਿਬਿਊਨ ਅਜਿਹੇ ਉਤਪਾਦਾਂ ਦੀ ਇਸਤਿਹਾਰਬਾਜ਼ੀ ਕਰਕੇ ਲੋਕਾਂ ਨਾਲ ਵੱਡਾ ਧੋਖਾ ਕਰ ਰਿਹਾ ਹੈ। ਸ. ਮਾਨ ਨੇ ਕਿਹਾ ਕਿ ਮੈਂ ਬਹੁਤ ਵਾਰੀ ਅੰਗਰੇਜ਼ੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਹਰੀਸ਼ ਖਰੇ ਨੂੰ ਇਸ ਸੰਬੰਧੀ ਪੱਤਰ ਲਿਖ ਚੁੱਕਿਆ ਹਾਂ। ਪਰ ਉਨ੍ਹਾਂ ਵੱਲੋਂ ਸਾਡੇ ਪੱਤਰਾਂ ਦੇ ਜੁਆਬ ਤਾਂ ਕੀ ਦੇਣੇ ਹਨ, ਸਗੋਂ ਪਤੰਜਲੀ ਗਰੁੱਪ ਅਤੇ ਰਾਮਦੇਵ ਦੀ ਇਸਤਿਹਾਰਬਾਜ਼ੀ ਪਹਿਲਾਂ ਨਾਲੋਂ ਵੀ ਵਧ ਕੇ ਕੀਤੀ ਜਾ ਰਹੀ ਹੈ। ਬਿਆਨ ‘ਚ ਕਿਹਾ ਗਿਆ ਕਿ ਜੇਕਰ ਅੰਗ੍ਰੇਜ਼ੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਅਤੇ ਜ਼ਿੰਮੇਵਾਰ ਪੱਤਰਕਾਰ ਹੀ ਆਪਣੇ ਸੌੜੇ ਸਿਆਸੀ ਆਰਥਿਕ ਹਿੱਤਾਂ ਦੀ ਪੂਰਤੀ ਲਈ ਰਾਮਦੇਵ ਵਰਗੇ ਜਾਂ ਪਤੰਜਲੀ ਗਰੁੱਪ ਵਰਗੇ ਮਿਲਾਵਟੀ ਉਤਪਾਦਾਂ ਦੀ ਵਿਕਰੀ ਲਈ ਗੁੰਮਰਾਹਕੁੰਨ ਪ੍ਰਚਾਰ ਕਰਨਗੇ ਤਾਂ ਇਸ ਤੋਂ ਵੱਡੀ ਗੈਰ-ਜ਼ਿੰਮੇਵਾਰਾਨਾ ਕਾਰਵਾਈ ਮੀਡੀਏ ਲਈ ਹੋਰ ਕੀ ਹੋ ਸਕਦੀ ਹੈ?
ਸ. ਮਾਨ ਨੇ ਅੰਗ੍ਰੇਜ਼ੀ ਟ੍ਰਿਬਿਊਨ ਦੇ ਸੰਪਾਦਕ ਹਰੀਸ਼ ਖਾਰੇ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਗਰੁੱਪਾਂ ਦੀ ਪੁਸ਼ਤਪਨਾਹੀ ਕਰਨ ਦੀ ਬਜਾਏ ਲੋਕਾਂ ਨੂੰ ਸੁਚੇਤ ਕਰਨ ਦੀ ਜ਼ਿੰਮੇਵਾਰੀ ਨਿਭਾਉਣ। ਸ. ਮਾਨ ਨੇ ਭਾਜਪਾ ਵੱਲੋਂ ਗੁਰਦਾਸਪੁਰ ਲੋਕ ਸਭਾ ਸੀਟ ਲੜ ਰਹੇ ਉਮੀਦਵਾਰ ਸਵਰਨ ਸਲਾਰੀਆ ਬਾਰੇ ਦੱਸਿਆ ਕਿ ਇਹ ਪਤੰਜਲੀ ਗਰੁੱਪ ਅਤੇ ਰਾਮਦੇਵ ਦਾ ਹਿੱਸੇਦਾਰ ਹੈ। ਸ. ਮਾਨ ਨੇ ਕਿਹਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਕੇ ਅਰਬਾਂਪਤੀ ਬਣੇ ਅਜਿਹੇ ਲੋਕਾਂ ਨੂੰ ਪੰਜਾਬੀ ਅਤੇ ਸਿੱਖ ਕੌਮ ਭੁੱਲ ਕੇ ਵੀ ਲੋਕ ਸਭਾ ‘ਚ ਨਾ ਭੇਜੇ ਸਗੋਂ ਸੱਚ ਅਤੇ ਅਸੂਲਾਂ ਉਤੇ ਪਹਿਰਾ ਦੇਣ ਵਾਲੇ ਸ. ਕੁਲਵੰਤ ਸਿੰਘ ਮਝੈਲ ਨੂੰ ਲੋਕ ਸਭਾ ‘ਚ ਪੰਜਾਬੀਆਂ ਤੇ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਲਈ ਭੇਜੇ।
Related Topics: Patanjali, Ramdev, Shiromani Akali Dal Amritsar (Mann), Simranjeet Singh Mann, The Tribune