March 13, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮਾਝਾ-ਦੋਆਬਾ ਜੋਨ ਦੇ ਅੰਮ੍ਰਿਤਸਰ ਸਥਿਤ ਦਫਤਰ ਵਿਖੇ ਹੋਈ ਚੋਰੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੱਡੀ ਸਾਜਿਸ਼ ਦੱਸਿਆ ਹੈ। ਮੀਡੀਆ ਦੇ ਨਾਂ ਜਾਰੀ ਹੋਏ ਬਿਆਨ ਵਿਚ ਕਿਹਾ ਗਿਆ ਹੈ ਕਿ, “ਦਫ਼ਤਰ ਵਿਚੋਂ ਜਿੰਦਰੇ ਤੋੜਕੇ ਕੰਪਿਊਟਰ, ਸੀ.ਸੀ.ਟੀ.ਵੀ. ਕੈਮਰੇ, ਹਾਰਡ ਡਿਸਕਾਂ ਤੇ ਹੋਰ ਪਾਰਟੀ ਨਾਲ ਸੰਬੰਧਤ ਗੁਪਤ ਦਸਤਾਵੇਜ਼ ਚੋਰੀ ਕੀਤੇ ਗਏ ਹਨ, ਇਹ ਮਹਿਜ਼ ਚੋਰੀ ਦੀ ਘਟਨਾ ਨਹੀਂ, ਬਲਕਿ ਪਾਰਟੀ ਦੀਆਂ ਕੌਮਾਂਤਰੀ ਪੱਧਰ ਅਤੇ ਸੂਬਾ ਪੱਧਰ ਤੇ ਵੱਧ ਰਹੀਆ ਸਮਾਜ ਪੱਖੀ ਅਤੇ ਕੌਮ ਪੱਖੀ ਸਰਗਰਮੀਆਂ ਨੂੰ ਰੋਕਣ ਅਤੇ ਅਹੁਦੇਦਾਰਾਂ ਨੂੰ ਗੈਰ-ਕਾਨੂੰਨੀ ਢੰਗਾਂ ਰਾਹੀ ਡਰਾਉਣ-ਦਬਕਾਉਣ ਦੀ ਇਕ ਵੱਡੀ ਤੇ ਡੂੰਘੀ ਸਾਜਿ਼ਸ ਹੈ । ਜਿਸ ਤੋਂ ਹੁਕਮਰਾਨਾਂ, ਸੰਬੰਧਤ ਨਿਜਾਮ, ਅਫ਼ਸਰਸ਼ਾਹੀ ਅਤੇ ਖੂਫੀਆਂ ਏਜੰਸੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਝੇ-ਦੋਆਬੇ ਦੇ ਅੰਮ੍ਰਿਤਸਰ ਵਿਖੇ ਚੱਲ ਰਹੇ ਪਾਰਟੀ ਦੇ ਦਫ਼ਤਰ ਵਿਚ ਸਾਜ਼ਸੀ ਢੰਗ ਨਾਲ ਕੀਤੀ ਗਈ ਚੋਰੀ ਅਤੇ ਸਾਡੇ ਅਹਿਮ ਦਸਤਾਵੇਜ਼ ਅਤੇ ਸਮਾਨ ਨੂੰ ਮੰਦਭਾਵਨਾ ਅਧੀਨ ਨੁਕਸਾਨ ਪਹੁੰਚਾਉਣ ਦੇ ਹੋਏ ਅਮਲਾਂ ਲਈ ਹੁਕਮਰਾਨਾਂ, ਨਿਜਾਮ, ਅਫ਼ਸਰਸ਼ਾਹੀ, ਖੂਫੀਆਂ ਏਜੰਸੀਆਂ ਅਤੇ ਵਿਰੋਧੀ ਸਿਆਸਤਦਾਨਾਂ ਨੂੰ ਇਸ ਹੋਏ ਦੁੱਖਦਾਇਕ ਅਤੇ ਕੌਮ ਵਿਰੋਧੀ ਅਮਲ ਵਿਚ ਸ਼ੱਕ ਦੀ ਸੂਈ ਉਨ੍ਹਾਂ ਵੱਲ ਕਰਦੇ ਹੋਏ, ਇਕ ਡੂੰਘੀ ਸਾਜਿ਼ਸ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ ।
ਉਨ੍ਹਾਂ ਕਿਹਾ ਕਿ ਬੇਸ਼ੱਕ ਸਾਜਿ਼ਸਕਾਰਾਂ ਨੇ ਇਕ ਗਿਣੀਮਿਥੀ ਸਾਜਿ਼ਸ ਅਧੀਨ ਸਾਡੀ ਪਾਰਟੀ ਦੇ ਦਫ਼ਤਰ ਦੀਆਂ ਕੌਮਾਂਤਰੀ, ਸੂਬੇ ਪ੍ਰਤੀ ਅਤੇ ਦੂਸਰੇ ਸੂਬਿਆਂ ਦੇ ਵੱਸਣ ਵਾਲੇ ਦਲਿਤ, ਕਿਸਾਨ ਆਗੂਆਂ ਨਾਲ ਹੋਣ ਵਾਲੀਆ ਮੁਲਾਕਾਤਾਂ ਅਤੇ ਸਾਂਝੀਆ ਸਰਗਰਮੀਆਂ ਨੂੰ ਮੁੱਖ ਰੱਖਕੇ ਨਿਸ਼ਾਨਾਂ ਬਣਾਇਆ ਗਿਆ ਹੈ ਅਤੇ ਸਾਡੇ ਹੌਸਲੇ ਪਸਤ ਕਰਨ ਲਈ ਅਸਫ਼ਲ ਕੋਸਿ਼ਸ਼ਾਂ ਹੋਈਆ ਹਨ । ਪਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆ ਸਾਜਿ਼ਸਾਂ ਤੋਂ ਘਬਰਾਕੇ ਆਪਣੇ ਚੱਲ ਰਹੇ ਸੰਪੂਰਨ ਪ੍ਰਭੂਸਤਾ ਆਜ਼ਾਦ ਸਿੱਖ ਰਾਜ ਪ੍ਰਾਪਤ ਕਰਨ ਅਤੇ ਸਮੁੱਚੇ ਦਲਿਤ, ਕਿਸਾਨਾਂ, ਵਿਦਿਆਰਥੀਆਂ, ਖੇਤ-ਮਜ਼ਦੂਰਾਂ, ਮੁਲਾਜ਼ਮਾਂ, ਵਪਾਰੀਆਂ ਆਦਿ ਦੀ ਬਿਹਤਰੀ ਕਰਨ ਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਮਿਸ਼ਨ ਵਿਚ ਰਤੀਭਰ ਵੀ ਰੁਕਾਵਟ ਨਹੀਂ ਆਉਣ ਦੇਵੇਗਾ ।
ਉਨ੍ਹਾਂ ਸੰਬੰਧਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਇਸ ਵਿਸ਼ੇ ਤੇ ਉਹ ਨਿਰਪੱਖਤਾ ਤੇ ਦ੍ਰਿੜਤਾ ਨਾਲ ਸਮਾਬੰਧ ਜਾਂਚ-ਪੜਤਾਲ ਕਰਕੇ ਸਾਡੇ ਦਫ਼ਤਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਤੇ ਸਾਡੇ ਅਹਿਮ ਦਸਤਾਵੇਜ਼ ਅਤੇ ਡੀ.ਵੀ.ਆਰ. ਵਗੈਰਾਂ ਰਿਕਾਰਡ ਭਰਪੂਰ ਵਸਤਾਂ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਸਾਹਮਣੇ ਲਿਆਉਣ ਦੀ ਆਪਣੀ ਜਿੰਮੇਵਾਰੀ ਪੂਰਨ ਕਰਨ ਤਾਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਸ ਵਿਸ਼ੇ ਤੇ ਅੰਮ੍ਰਿਤਸਰ ਦੇ ਨਿਜਾਮ ਵਿਰੁੱਧ ਕੋਈ ਸੰਘਰਸ਼ ਉਲੀਕਣ ਲਈ ਮਜ਼ਬੂਰ ਨਾ ਹੋਣਾ ਪਵੇ ।
Related Topics: Shiromani Akali Dal Amritsar (Mann), Simranjeet Singh Mann