ਪੰਜਾਬ ਦੀ ਰਾਜਨੀਤੀ » ਵੀਡੀਓ » ਸਿਆਸੀ ਖਬਰਾਂ

‘ਆਪ’ ਦੇ ਬਾਗੀ ਹੋਏ ਇਕ ਮੰਚ ‘ਤੇ ਇਕੱਠੇ; ਚੋਣਾਂ ਲੜਨ ਦਾ ਐਲਾਨ

August 24, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀਆਂ ਨੇ ਮੰਗਲਵਾਰ ‘ਆਪ’ ਵਿੱਚੋਂ ਬਰਖ਼ਾਸਤ ਕੀਤੇ ਸੰਸਦ ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਵੱਖਰਾ ਸਿਆਸੀ ਫਰੰਟ ਬਣਾ ਕੇ ਚੋਣਾਂ ਵਿੱਚ ਕੁੱਦਣ ਦਾ ਐਲਾਨ ਕੀਤਾ ਹੈ। ਬਾਗੀਆਂ ਦੇ ਇਸ ਐਲਾਨ ਤੋਂ ਬਾਅਦ ਹੁਣ ‘ਆਪ’ ਨੂੰ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸ ਤੋਂ ਇਲਾਵਾ ‘ਆਪਣਿਆਂ’ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪਵੇਗਾ।

ਡਾਕਟਰ ਧਰਮਵੀਰ ਗਾਂਧੀ ਪਾਰਟੀ ਦੇ ਹੋਰ ਬਾਗੀਆਂ ਸਮੇਤ ਸਿਆਸੀ ਫਰੰਟ ਬਣਾਉਣ ਦਾ ਐਲਾਨ ਕਰਦੇ ਹੋਏ

ਡਾਕਟਰ ਧਰਮਵੀਰ ਗਾਂਧੀ ਪਾਰਟੀ ਦੇ ਹੋਰ ਬਾਗੀਆਂ ਸਮੇਤ ਸਿਆਸੀ ਫਰੰਟ ਬਣਾਉਣ ਦਾ ਐਲਾਨ ਕਰਦੇ ਹੋਏ

ਸੰਸਦ ਡਾਕਟਰ ਗਾਂਧੀ ਨੇ ‘ਆਪ’ ਦੇ ਵੱਡੀ ਗਿਣਤੀ ਵਿੱਚ ਪੁੱਜੇ ਬਾਗੀਆਂ ਦੀ ਮੌਜੂਦਗੀ ਵਿੱਚ ਵੱਖਰਾ ਸਿਆਸੀ ਫਰੰਟ ਬਣਾਉਣ ਦਾ ਐਲਾਨ ਕਰਦਿਆਂ ਦਾਅਵਾ ਕੀਤਾ ਕਿ ਸਵਰਾਜ ਅਭਿਆਨ ਦੇ ਮੁਖੀ ਯੋਗੇਂਦਰ ਯਾਦਵ ਨੇ ਵੀ ਇਸ ਨਵੇਂ ਫਰੰਟ ਨੂੰ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਡਾਕਟਰ ਗਾਂਧੀ ਨਾਲ ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ ਤੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ, ‘ਆਪ’ ਵਿੱਚੋਂ ਨਿਕਲ ਕੇ ਪੰਜਾਬ ਪਾਰਟੀ ਬਣਾਉਣ ਵਾਲੇ ਸਾਬਕਾ ਆਈਏਐਸ ਅਧਿਕਾਰੀ ਕਰਮਜੀਤ ਸਿੰਘ ਸਰਾਂ ਅਤੇ ‘ਆਪ’ ਛੱਡ ਚੁੱਕੇ ਹਰਦੀਪ ਕਿੰਗਰਾ ਵੀ ਮੌਜੂਦ ਸਨ। ਇਸ ਮੌਕੇ ‘ਜੈ ਜਵਾਨ ਜੈ ਕਿਸਾਨ ਪਾਰਟੀ’ ਦੇ ਆਗੂ ਵੀ ਮੌਜੂਦ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਗਾਂਧੀ ਨੇ ਕਿਹਾ ਕਿ ਉਹ ਹੋਰ ਪੰਜਾਬ ਹਿਤੈਸ਼ੀ ਸੰਸਥਾਵਾਂ ਨੂੰ ਸ਼ਾਮਲ ਕਰਕੇ 10-15 ਦਿਨਾਂ ਵਿਚ ਸਿਆਸੀ ਮੋਰਚੇ ਦਾ ਐਲਾਨ ਕਰ ਦੇਣਗੇ। ਇਸ ਤੋਂ ਬਾਅਦ ਉਹ ਕਨਵੈਨਸ਼ਨ ਕਰ ਕੇ ਫਰੰਟ ਨੂੰ ਸਿਆਸੀ ਪਾਰਟੀ ਦਾ ਰੂਪ ਦੇ ਕੇ ਚੋਣ ਮੈਦਾਨ ਵਿੱਚ ਨਿੱਤਰ ਕੇ ਆਪਣੀ ਸਮਰੱਥਾ ਮੁਤਾਬਕ ਉਮੀਦਵਾਰ ਮੈਦਾਨ ਵਿੱਚ ਉਤਾਰਨਗੇ।

ਉਨ੍ਹਾਂ ਕਿਹਾ ਕਿ ‘ਆਪ’ ਵੀ ਪੂਰੀ ਤਰ੍ਹਾਂ ਦਿੱਲੀ ਨਾਲ ਕੇਂਦਰਿਤ ਹੋ ਚੁੱਕੀ ਹੈ ਅਤੇ ਦਿੱਲੀ ਦੇ ਆਗੂ ਪੰਜਾਬੀਆਂ ਨੂੰ ਆਪਣੇ ਇਸ਼ਾਰਿਆਂ ’ਤੇ ਨਚਾ ਰਹੇ ਹਨ। ਇਹ ਪਾਰਟੀ ਵੀ ਮੁੱਦਿਆਂ ਦੀ ਥਾਂ ਸ਼ਖ਼ਸੀਅਤ ਅਧਾਰਿਤ ਬਣ ਚੁੱਕੀ ਹੈ ਅਤੇ ਇਸ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਪੂਰੀ ਤਰ੍ਹਾਂ ਤਾਨਾਸ਼ਾਹ ਦਾ ਰੂਪ ਧਾਰਨ ਕਰ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਪਾਰਟੀ ਦੀਆਂ ਟਿਕਟਾਂ ਦੇ ਫੈਸਲੇ ਵੀ ਦਿੱਲੀ ਵਿੱਚ ਹੀ ਹੋ ਰਹੇ ਹਨ। ਉਨ੍ਹਾਂ ‘ਆਪ’ ਤੋਂ ਖੁਦ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਅਖੀਰ ਤੱਕ ਲੋਕਾਂ ਵਲੋਂ ਲਾਈ ਜ਼ਿੰਮੇਵਾਰੀ ਅਨੁਸਾਰ ਸੰਸਦ ਮੈਂਬਰ ਦੀ ਭੂਮਿਕਾ ਨਿਭਾਉਂਦੇ ਰਹਿਣਗੇ। ਦੱਸਣਯੋਗ ਹੈ ਕਿ ਡਾਕਟਰ ਗਾਂਧੀ ਤਕਨੀਕੀ ਤੌਰ ’ਤੇ ‘ਆਪ’ ਤੋਂ ਅਸਤੀਫ਼ਾ ਦਿੱਤੇ ਬਿਨਾਂ ਕਿਸੇ ਹੋਰ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਸਕਦੇ, ਜਿਸ ਕਰਕੇ ਉਨ੍ਹਾਂ ਫਿਲਹਾਲ ਪਾਰਟੀ ਦੀ ਥਾਂ ਸਿਆਸੀ ਫਰੰਟ ਬਣਾਉਣ ਦੀ ਰਣਨੀਤੀ ਬਣਾਈ ਹੈ।

ਵੀਡੀਓ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,