ਖਾਸ ਖਬਰਾਂ

ਕੁਰਾਨ ਬੇਅਦਬੀ ਮਾਮਲਾ: ਪਠਾਨਕੋਟ ਦੇ ਮੁਖ ਦੋਸ਼ੀ ਸਣੇ ਤਿੰਨ ਹਿੰਦੂ ਗ੍ਰਿਫਤਾਰ

June 29, 2016 | By

ਸੰਗਰੂਰ: ਬੀਤੇ ਦਿਨੀਂ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤਰ ਸਣੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈ.ਜੀ. ਪਟਿਆਲਾ ਜ਼ੋਨ ਪਰਮਰਾਜ ਸਿੰਘ ਉਮਰਾਨੰਗਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਪੁਲਿਸ ਪਾਰਟੀਆਂ ‘ਚੋਂ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦ ਉਨ੍ਹਾਂ ਨਾਕਾਬੰਦੀ ਦੌਰਾਨ ਪੁਲ ਨਦੀ ਪਟਿਆਲਾ ਨੇੜੇ ਘਲੌੜੀ ਗੇਟ ਸ਼ਮਸ਼ਾਨਘਾਟ ਵਿਖੇ ਤਿੰਨੇ ਦੋਸ਼ੀਆਂ ਨੂੰ ਥਾਰ ਜੀਪ ਸਮੇਤ ਗ੍ਰਿਫਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਮਾਮਲੇ ਦਾ ਮੁੱਖ ਦੋਸ਼ੀ ਵਿਜੈ ਕੁਮਾਰ ਵਾਸੀ ਜੀਂਦ ਜੋ ਅੱਜ-ਕੱਲ੍ਹ ਦਿੱਲੀ ਦੀ ਪਾਲਮ ਕਾਲੋਨੀ ਵਿਖੇ ਰਹਿ ਰਿਹਾ ਹੈ, ਨੇ ਇਹ ਸਾਜ਼ਿਸ਼ ਪਿਓ-ਪੁੱਤ ਨੰਦ ਕਿਸ਼ੋਰ ਅਤੇ ਗੌਰਵ ਵਾਸੀ ਬੇਗੋਵਾਲ (ਤਾਰਾਗੜ੍ਹ) ਜ਼ਿਲ੍ਹਾ ਪਠਾਨਕੋਟ ਨਾਲ ਮਿਲ ਕੇ ਰਚੀ ਸੀ। 24 ਜੂਨ ਦੀ ਰਾਤ ਨੂੰ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਤੋਂ ਪਹਿਲਾਂ ਦੋਸ਼ੀਆਂ ਨੇ ਸਲੀਮ ਪਾਰਕਿੰਗ ਮਲੇਰਕੋਟਲਾ ਵਿਖੇ ਆਪਣੀ ਮਹਿੰਦਰਾ ਥਾਰ ਗੱਡੀ ਨੂੰ ਪਾਰਕ ਕੀਤਾ ਅਤੇ ਫਿਰ ਪੈਦਲ ਰੇਕੀ ਕਰਦਿਆਂ ਥਾਂ ਦਾ ਜਾਇਜ਼ਾ ਲਿਆ।

ਸੰਗਰੂਰ ਵਿਖੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਫੜ੍ਹੇ ਗਏ ਦੋਸ਼ੀਆਂ ਬਾਰੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਨਾਲ ਹਨ ਬਲਕਾਰ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਥਿੰਦ, ਗੁਰਪ੍ਰੀਤ ਸਿੰਘ ਤੂਰ ਅਤੇ ਗੁਰਮੀਤ ਸਿੰਘ ਚੌਹਾਨ

ਸੰਗਰੂਰ ਵਿਖੇ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਫੜ੍ਹੇ ਗਏ ਦੋਸ਼ੀਆਂ ਬਾਰੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਨਾਲ ਹਨ ਬਲਕਾਰ ਸਿੰਘ ਸਿੱਧੂ, ਪ੍ਰਿਤਪਾਲ ਸਿੰਘ ਥਿੰਦ, ਗੁਰਪ੍ਰੀਤ ਸਿੰਘ ਤੂਰ ਅਤੇ ਗੁਰਮੀਤ ਸਿੰਘ ਚੌਹਾਨ

ਬੇਅਦਬੀ ਕਰਨ ਦੇ ਮਕਸਦ ਬਾਰੇ ਉਮਰਾਨੰਗਲ ਨੇ ਦੱਸਿਆ ਕਿ ਭਾਵੇਂ ਤਫ਼ਤੀਸ਼ ਅਜੇ ਜਾਰੀ ਹੈ ਪਰ ਤਾਰਾਗੜ੍ਹ ਉਹ ਥਾਂ ਹੈ ਜਿੱਥੋਂ ਕੁਝ ਮਹੀਨੇ ਪਹਿਲਾਂ ਪਠਾਨਕੋਟ ਹਵਾਈ ਸੈਨਾ ਦੇ ਅੱਡੇ ‘ਤੇ ਹਮਲਾ ਹੋਇਆ ਸੀ। ਉਨ੍ਹਾਂ ਕਿਹਾ ਕਿ ਤਿੰਨਾਂ ਵਿਅਕਤੀਆਂ ਦੇ ਮਨ ‘ਚ ਇਹ ਰੰਜਿਸ਼ ਸੀ ਕਿ ਸਰਹੱਦੋਂ ਪਾਰ ਹਮਲਾਵਰ ਹਮਲਾ ਕਰਦੇ ਰਹਿੰਦੇ ਹਨ ਅਤੇ ਇਸ ਜਨੂੰਨ ਵਿਚ ਉਨ੍ਹਾਂ ਮਲੇਰਕੋਟਲਾ ਵਿਖੇ ਘਟਨਾ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਕਿਹਾ ਕਿ ਫ਼ਸਾਦ ਭੜਕਾਉਣ ਅਤੇ ਦੋ ਮਜ਼ਹਬਾਂ ਦੇ ਆਪਸੀ ਟਕਰਾਓ ਕਰਵਾਉਣ ਪਿੱਛੇ ਵੀ ਇਨ੍ਹਾਂ ਹਮਲਾਵਰਾਂ ਦੀ ਸਾਜ਼ਿਸ਼ ਹੋ ਸਕਦੀ ਹੈ ਪਰ ਅਸਲੀ ਪੱਖ ਪੂਰੀ ਜਾਂਚ ਉਪਰੰਤ ਸਾਹਮਣੇ ਆਵੇਗਾ।

ਉਮਰਾਨੰਗਲ ਨੇ ਕਿਹਾ ਕਿ ਮੁਢਲੀ ਤਫ਼ਤੀਸ਼ ਦੌਰਾਨ ਵਿਜੈ ਨੇ ਅਜਿਹੀ ਘਟਨਾ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਵਿਖੇ ਵੀ ਅੰਜਾਮ ਦੇਣ ਦੀ ਗੱਲ ਮੰਨੀ ਹੈ ਜਿਸ ਸਬੰਧੀ ਪੰਜਾਬ ਪੁਲਿਸ ਉਥੋਂ ਦੀ ਪੁਲਿਸ ਨਾਲ ਸੰਪਰਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਜੈ ਨਕਲੀ ਬਾਇਓ ਖਾਧ ਦਾ ਗੁਜਰਾਤ ਵਿਖੇ ਕੰਮ ਕਰਦਾ ਰਿਹਾ ਹੈ ਅਤੇ ਅਮਰੀਕਾ-ਕੈਨੇਡਾ ਮੁਲਕਾਂ ਵਿਚ ਕਿਸੇ ਜੁਰਮ ਤਹਿਤ ਜੇਲ੍ਹ ਵਿਚ ਵੀ ਰਹਿ ਚੁੱਕਿਆ ਹੈ। ਵਿਜੈ ਦਾ ਨੰਦ ਕਿਸ਼ੋਰ ਅਤੇ ਗੌਰਵ ਨਾਲ ਸੰਪਰਕ ਵਿਚ ਆਉਣ ਬਾਬਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਪਠਾਨਕੋਟ ਰਿਹਾ ਸੀ ਅਤੇ ਉਥੋਂ ਹੀ ਇਸ ਦਾ ਸੰਪਰਕ ਦੋਵਾਂ ਪਿਓ-ਪੁੱਤ ਨਾਲ ਬਣਿਆ।

ਦੋਸ਼ੀਆਂ ਵਲੋਂ ਇਸਤੇਮਾਲ ਜੀਪ

ਦੋਸ਼ੀਆਂ ਵਲੋਂ ਇਸਤੇਮਾਲ ਜੀਪ

ਬਰਗਾੜੀ ‘ਚ ਹੋਈ ਬੇਅਦਬੀ ਸਬੰਧੀ ਵੀ ਹੋਵੇਗੀ ਪੁੱਛਗਿੱਛ

ਪੰਜਾਬ ‘ਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਹੋਈ ਘਟਨਾ ‘ਚ ਉਪਰੋਕਤ ਦੋਸ਼ੀਆਂ ਦਾ ਹੱਥ ਹੋਣ ਸਬੰਧੀ ਫ਼ਿਲਹਾਲ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਆਈ.ਜੀ. ਨੇ ਕਿਹਾ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈਣ ਉਪਰੰਤ ਇਸ ਮਾਮਲੇ ਸਬੰਧੀ ਵੀ ਪੁੱਛਗਿੱਛ ਕੀਤੀ ਜਾਵੇਗੀਙ ਦੋਸ਼ੀਆਂ ਤੋਂ ਪੁਲਿਸ ਨੇ ਇੱਕ ਲਾਈਟਰ (ਜਿਸ ਨਾਲ ਕੁਰਾਨ ਦੀਆਂ ਜਿਲਦਾਂ ਨੂੰ ਜਲਾਇਆ ਗਿਆ), ਤਿੰਨ ਸਰਜੀਕਲ ਦਸਤਾਨੇ, 50 ਗਰਾਮ ਸੋਨੇ ਦਾ ਸਿੱਕਾ, ਇਕ ਚਿੱਟੇ ਸੋਨੇ ਦੀ ਮਾਲਾ, ਟੋਲ ਪਲਾਜ਼ਾ ਦੀਆਂ ਪਰਚੀਆਂ ਅਤੇ ਮਲੇਰਕੋਟਲਾ ਦੀ ਸਲੀਮ ਪਾਰਕਿੰਗ ਦੇ ਸਟੈਂਡ ਦੀ ਪਰਚੀ ਬਰਾਮਦ ਕੀਤੀ ਹੈ। ਕੁਰਾਨ ਸ਼ਰੀਫ਼ ਦੋਸ਼ੀਆਂ ਨੇ ਕਿਥੋਂ ਹਾਸਲ ਕੀਤਾ ਸਬੰਧੀ ਪੁਲਿਸ ਤਫ਼ਤੀਸ਼ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,