ਸਿਆਸੀ ਖਬਰਾਂ

ਭਾਜਪਾ ਦੀ ਸੂਚੀ ਐਨ ਮੌਕੇ ‘ਤੇ ਰੁਕੀ; ਕਾਂਗਰਸ ਦੀ ਬਕਾਇਆ ਸੂਚੀ ਦਾ ਫੈਸਲਾ ਗਾਂਧੀ ਪਰਿਵਾਰ ‘ਤੇ ਛੱਡਿਆ ਗਿਆ

January 12, 2017 | By

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ 23 ਉਮੀਦਵਾਰਾਂ ਵਿੱਚੋਂ 17 ਦੇ ਨਾਮ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਸੰਸਦੀ ਬੋਰਡ ਦੀ ਹੋਈ ਮੀਟਿੰਗ ਦੌਰਾਨ ਅਹਿਮ ਗੱਲ ਇਹ ਸਾਹਮਣੇ ਆਈ ਕਿ 6 ਵੱਡੇ ਆਗੂਆਂ, ਜਿਨ੍ਹਾਂ ਵਿੱਚ 4 ਮੰਤਰੀ ਵੀ ਸ਼ਾਮਲ ਹਨ, ਦੇ ਸਿਆਸੀ ਭਵਿੱਖ ’ਤੇ ਤਲਵਾਰ ਲਟਕ ਗਈ ਹੈ। ਇਨ੍ਹਾਂ ਵਿੱਚ ਭਗਤ ਚੁੰਨੀ ਲਾਲ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ, ਸੁਰਜੀਤ ਕੁਮਾਰ ਜਿਆਣੀ, ਸੋਮ ਪ੍ਰਕਾਸ਼ ਅਤੇ ਮਨੋਰੰਜਨ ਕਾਲੀਆ ਸ਼ਾਮਲ ਹਨ।

BJP list 2017

ਸੰਭਾਵਤ ਭਾਜਪਾ ਉਮੀਦਵਾਰ: ਅਸ਼ਵਨੀ ਸ਼ਰਮਾ, ਦਿਨੇਸ਼ ਬੱਬੂ, ਹਰਜੀਤ ਗਰੇਵਾਲ, ਸੁਖਜੀਤ ਕੌਰ ਸਾਹੀ (ਫਾਈਲ ਫੋਟੋ)

ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਸੂਬਾ ਪ੍ਰਧਾਨ ਪ੍ਰੋ. ਰਾਜਿੰਦਰ ਭੰਡਾਰੀ, ਸਾਬਕਾ ਮੰਤਰੀ ਸਤਪਾਲ ਗੋਸਾਈਂ ਅਤੇ ਹੋਰ ਕਈਆਂ ਦਾ ਪੱਤਾ ਕੱਟ ਕੇ ਨਵੇਂ ਚਿਹਰਿਆਂ ਨੂੰ ਮੈਦਾਨ ’ਚ ਲਿਆਉਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਵੱਲੋਂ 11 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਉਮੀਦਵਾਰਾਂ ਦੇ ਐਲਾਨ ਦਾ ਫ਼ੈਸਲਾ ਵੀ ਕਰ ਲਿਆ ਸੀ ਪਰ ਆਖਰੀ ਮੌਕੇ ਸੂਚੀ ਰੋਕ ਲਈ ਗਈ। ਅਗਲੇ ਦੋ ਦਿਨਾਂ ਦੌਰਾਨ ਸੂਚੀ ਜਾਰੀ ਹੋਣ ਦੀ ਸੰਭਾਵਨਾ ਹੈ। ਸਿਆਸੀ ਹਲਕਿਆਂ ਦੇ ਅੰਦਾਜ਼ੇ ਮੁਤਾਬਕ ਜਲੰਧਰ (ਕੇਂਦਰੀ) ਵਿਧਾਨ ਸਭਾ ਹਲਕੇ ਤੋਂ ਕੇ ਡੀ ਭੰਡਾਰੀ, ਲੁਧਿਆਣਾ (ਕੇਂਦਰੀ) ਤੋਂ ਸੁਖਦੇਵ ਸ਼ਰਮਾ ਦੇਬੀ, ਲੁਧਿਆਣਾ (ਉੱਤਰੀ) ਤੋਂ ਪ੍ਰਵੀਨ ਬਾਂਸਲ, ਲੁਧਿਆਣਾ (ਪੱਛਮੀ) ਤੋਂ ਕਮਲ ਚੈਟਲੇ, ਫਿਰੋਜ਼ਪੁਰ ਸ਼ਹਿਰ ਤੋਂ ਸੁਖਪਾਲ ਸਿੰਘ ਨੰਨੂ, ਹੁਸ਼ਿਆਰਪੁਰ ਤੋਂ ਤੀਕਸ਼ਣ ਸੂਦ, ਅਬੋਹਰ ਤੋਂ ਅਰੁਣ ਨਾਰੰਗ, ਅੰਮ੍ਰਿਤਸਰ (ਪੂਰਬੀ) ਤੋਂ ਹਨੀ, ਅੰਮ੍ਰਿਤਸਰ (ਪੱਛਮੀ) ਤੋਂ ਰਾਕੇਸ਼ ਗਿੱਲ, ਭੋਆ ਤੋਂ ਸੀਮਾ ਕੁਮਾਰੀ, ਦਸੂਹਾ ਤੋਂ ਸੁਖਜੀਤ ਕੌਰ ਸਾਹੀ, ਦੀਨਾਨਗਰ ਤੋਂ ਬੀ ਡੀ ਧੁੱਪੜ, ਮੁਕੇਰੀਆਂ ਤੋਂ ਅਰੁਨੇਸ਼ ਸ਼ਾਕਰ, ਪਠਾਨਕੋਟ ਤੋਂ ਅਸ਼ਵਨੀ ਸ਼ਰਮਾ, ਰਾਜਪੁਰਾ ਤੋਂ ਹਰਜੀਤ ਸਿੰਘ ਗਰੇਵਾਲ ਅਤੇ ਦੀਨਾਨਗਰ ਤੋਂ ਦਿਨੇਸ਼ ਕੁਮਾਰ ਬੱਬੂ ਦੇ ਨਾਮ ਸ਼ਾਮਲ ਹਨ।

ਕੈਪਟਨ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ (ਫਾਈਲ ਫੋਟੋ)

ਕੈਪਟਨ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ (ਫਾਈਲ ਫੋਟੋ)

ਇਸੇ ਦੌਰਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀਆਂ ਬਕਾਇਆ 39 ਸੀਟਾਂ ਲਈ ਉਮੀਦਵਾਰਾਂ ਦੀ ਚੋਣ ਦਾ ਰੇੜਕਾ ਹਾਲੇ ਵੀ ਖ਼ਤਮ ਨਹੀਂ ਹੋ ਸਕਿਆ। ਕਰੀਬ 10 ਉਮੀਦਵਾਰਾਂ ਦਾ ਫ਼ੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ’ਤੇ ਛੱਡ ਦਿਤਾ ਗਿਆ ਹੈ। ਕੇਂਦਰੀ ਚੋਣ ਕਮੇਟੀ ਦੀ ਬੈਠਕ ’ਚ ਜਿਹੜੀਆਂ ਸੀਟਾਂ ’ਤੇ ਕੱਲ੍ਹ ਸਹਿਮਤੀ ਬਣੀ ਹੈ, ਉਹ ਸੂਚੀ ਅੱਜ ਜਾਰੀ ਹੋ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਸਾਰੇ ਉਮੀਦਵਾਰਾਂ ਦੀ ਸੂਚੀ ਰਾਹੁਲ ਗਾਂਧੀ ਕੋਲ ਹੈ ਅਤੇ ਉਹ ਹੀ ਬਕਾਇਆ ਰਹਿ ਗਏ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,