ਆਮ ਖਬਰਾਂ

ਡੇਢ ਮੀਟਰ ਹੋਰ ਡੂੰਘਾ ਹੋਇਆ ਪੰਜਾਬ ਦੇ 9 ਜ਼ਿਲਿ੍ਹਆਂ ‘ਚ ਧਰਤੀ ਹੇਠਲਾ ਪਾਣੀ

June 12, 2015 | By

ਪੰਜਾਬ ਸਰਕਾਰ ਦੀ ਰਿਪੋਰਟ ‘ਚ ਖੁਲਾਸਾ

ਚੰਡੀਗੜ੍ਹ  (11 ਜੂਨ, 2015): ਪੰਜਾਬ ਸਰਕਾਰ ਦੇ ‘ਜਲ ਸਰੋਤ ਸੈੱਲ’ ਨੇ ਪੰਜਾਬ ‘ਚ ਜ਼ਮੀਨਦੋਜ਼ ਪਾਣੀ ਨੂੰ ਲੈ ਕੇ ਚਿੰਤਾਜਨਕ ਰਿਪੋਰਟ ਪੇਸ਼ ਕੀਤੀ ਹੈ । ਇਸ ਤਾਜ਼ਾ ਰਿਪੋਰਟ ਅਨੁਸਾਰ ਸੂਬੇ ਦੇ 9 ਜ਼ਿਲਿ੍ਹਆਂ ਵਿਚ ਪਿਛਲੇ 1 ਸਾਲ ‘ਚ ਜ਼ਮੀਨ ਹੇਠਲਾ ਪਾਣੀ ਔਸਤਨ 0.77 ਮੀਟਰ ਤੋਂ 1.59 ਮੀਟਰ (ਡੇਢ ਮੀਟਰ) ਤੋਂ ਵੀ ਜ਼ਿਆਦਾ ਹੇਠਾਂ ਚਲਾ ਗਿਆ।

ਰਿਪੋਰਟ ‘ਚ ਸਭ ਤੋਂ ਗੰਭੀਰ ਸਥਿਤੀ ਬਰਨਾਲਾ, ਬਠਿੰਡਾ, ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਸੰਗਰੂਰ, ਪਟਿਆਲਾ, ਮੋਗਾ, ਜਲੰਧਰ ਅਤੇ ਫਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਦੀ ਵਿਖਾਈ ਗਈ ਹੈ, ਜਦਕਿ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿ੍ਹਆਂ ‘ਚ ਸੇਮ ਕਾਰਨ ਅਤੇ ਹੁਸ਼ਿਆਪੁਰ ਜ਼ਿਲ੍ਹੇ ‘ਚ ਵਧੇਰੇ ਬਾਰਿਸ਼ ਦੇ ਹਵਾਲੇ ਨਾਲ ਪਾਣੀ ਦਾ ਪੱਧਰ 0.16 ਮੀਟਰ ਤੋਂ 0.50 ਮੀਟਰ (ਔਸਤਨ) ਉੱਪਰ ਆਇਆ ਦਰਜ ਕੀਤਾ ਗਿਆ ਹੈ ।964896__14

ਰਿਪੋਰਟ ਅਨੁਸਾਰ ਜਿੱਥੇ ਮਾਰਚ 2014 ਵਿਚ ਬਰਨਾਲਾ ਜ਼ਿਲ੍ਹੇ ‘ਚ ਧਰਤੀ ਹੇਠਲਾ ਪਾਣੀ ਔਸਤਨ 19.33 ਮੀਟਰ ਡੂੰਘਾ ਸੀ, ਉਥੇ ਲੰਘੇ ਮਾਰਚ ਮਹੀਨੇ ਕੀਤੀ ਜਾਂਚ ਦੌਰਾਨ ਪਾਣੀ ਦਾ ਪੱਧਰ ਔਸਤਨ 1.59 ਮੀਟਰ ਹੋਰ ਹੇਠਾਂ ਚਲਾ ਗਿਆ । ਇਸ ਜ਼ਿਲ੍ਹੇ ‘ਚ ਹੁਣ ਜ਼ਮੀਨਦੋਜ਼ ਜਲ ਔਸਤਨ 20.92 ਮੀਟਰ ਡੂੰਘਾ ਚਲਾ ਗਿਆ ਹੈ ।

ਮਾਰਚ 2014 ‘ਚ ਬਠਿੰਡਾ ਜ਼ਿਲ੍ਹੇ ‘ਚ ਧਰਤੀ ਹੇਲਠਾ ਪਾਣੀ 15.45 ਮੀਟਰ ਡੂੰਘਾ ਸੀ, ਉਥੇ ਲੰਘੇ ਮਾਰਚ ਮਹੀਨੇ ਕੀਤੀ ਜਾਂਚ ਦੌਰਾਨ ਪਾਣੀ ਦਾ ਪੱਧਰ 1.18 ਮੀਟਰ ਹੇਠਾਂ ਡਿੱਗਾ ਦਰਜ ਕੀਤਾ ਗਿਆ, ਜਿਸ ਨਾਲ ਇਸ ਜ਼ਿਲ੍ਹੇ ‘ਚ ਹੁਣ ਜ਼ਮੀਨਦੋਜ਼ ਪਾਣੀ 1.18 ਮੀਟਰ ਡੂੰਘਾ ਚਲਾ ਗਿਆ ਹੈ । ਇਸੇ ਤਰ੍ਹਾਂ ਮਾਰਚ 2014 ‘ਚ ਲੁਧਿਆਣਾ ਜ਼ਿਲ੍ਹੇ ‘ਚ ਪਾਣੀ ਦਾ ਪੱਧਰ 19.86 ਮੀਟਰ ਡੂੰਘਾ ਸੀ, ਜੋ ਕਿ 1.36 ਮੀਟਰ ਹੇਠਾਂ ਡਿੱਗਣ ਕਾਰਨ ਹੁਣ 21.22 ਮੀਟਰ ਡੂੰਘਾ ਚਲਾ ਗਿਆ ਹੈ । ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ‘ਚ ਮਾਰਚ 2014 ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ 15.08 ਮੀਟਰ ਸੀ, ਜੋ ਕਿ 0.04 ਮੀਟਰ ਹੇਠਾਂ ਡਿੱਗਣ ਕਾਰਨ ਹੁਣ 15.12 ਮੀਟਰ ਡੂੰਘਾ ਚਲਾ ਗਿਆ ਹੈ ।

ਪਟਿਆਲਾ ਜ਼ਿਲ੍ਹੇ ‘ਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 26.22 ਮੀਟਰ ਡੂੰਘਾ ਸੀ, ਜੋ 1.31 ਮੀਟਰ ਹੇਠਾਂ ਡਿੱਗਣ ਕਾਰਨ ਹੁਣ 27.53 ਮੀਟਰ ਡੂੰਘਾ ਚਲਾ ਗਿਆ ਹੈ । ਸੰਗਰੂਰ ਜ਼ਿਲ੍ਹੇ ‘ਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ ਦਾ ਪੱਧਰ 27.22 ਮੀਟਰ ਸੀ, ਜੋ 1.25 ਮੀਟਰ ਹੇਠਾਂ ਡਿੱਗਣ ਕਾਰਨ ਹੁਣ 28.47 ਮੀਟਰ ਡੂੰਘਾ ਚਲਾ ਗਿਆ ਹੈ । ਮੋਗਾ ਜ਼ਿਲ੍ਹੇ ‘ਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 26.45 ਮੀਟਰ ਡੂੰਘਾ ਸੀ, ਜੋ 0.84 ਮੀਟਰ ਹੇਠਾਂ ਡਿੱਗਣ ਕਾਰਨ ਹੁਣ 27.29 ਮੀਟਰ ਡੂੰਘਾ ਚਲਾ ਗਿਆ ਹੈ । ਫਤਹਿਗੜ੍ਹ ਸਾਹਿਬ ਜ਼ਿਲ੍ਹੇ ‘ਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 20.22 ਮੀਟਰ ਡੂੰਘਾ ਸੀ, ਜੋ 0.99 ਮੀਟਰ ਹੇਠਾਂ ਡਿੱਗਣ ਕਾਰਨ ਹੁਣ 21.21 ਮੀਟਰ ਡੂੰਘਾ ਚਲਾ ਗਿਆ ਹੈ ।

ਜਲੰਧਰ ਜ਼ਿਲ੍ਹੇ ‘ਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 26.70 ਮੀਟਰ ਡੂੰਘਾ ਸੀ, ਜੋ 0.77 ਮੀਟਰ ਹੇਠਾਂ ਡਿੱਗਣ ਕਾਰਨ ਹੁਣ 27.47 ਮੀਟਰ ਡੂੰਘਾ ਚਲਾ ਗਿਆ ਹੈ । ਕਪੂਰਥਲਾ ਜ਼ਿਲ੍ਹੇ ‘ਚ ਪਿਛਲੇ ਸਾਲ ਧਰਤੇ ਹੇਠਲੇ ਪਾਣੀ ਦਾ ਪੱਧਰ 13.47 ਮੀਟਰ ਸੀ, ਜੋ 0.55 ਮੀਟਰ ਹੇਠਾਂ ਡਿੱਗਣ ਕਾਰਨ ਹੁਣ 14.02 ਮੀਟਰ ਹੋ ਗਿਆ ਹੈ । ਫਿਰੋਜ਼ਪੁਰ ਜ਼ਿਲ੍ਹੇ ‘ਚ ਪਿਛਲੇ ਸਾਲ ਧਰਤੀ ਹੇਲੇ ਪਾਣੀ ਦਾ ਪੱਧਰ 25.99 ਮੀਟਰ ਸੀ, ਜੋ 0.50 ਮੀਟਰ ਹੇਠਾਂ ਡਿੱਗਣ ਕੇ ਹੁਣ 26.49 ਮੀਟਰ ਹੋ ਗਿਆ ਹੈ । ਗੁਰਦਾਸਪੁਰ ਜ਼ਿਲ੍ਹੇ ‘ਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 9.04 ਮੀਟਰ ਡੂੰਘਾ ਸੀ, ਜੋ 0.42 ਮੀਟਰ ਹੇਠਾਂ ਡਿੱਗਣ ਕਾਰਨ ਹੁਣ 9.46 ਮੀਟਰ ਡੂੰਘਾ ਚਲਾ ਗਿਆ ਹੈ ।

ਪਿਛਲੇ ਸਾਲ ਫਰੀਦਕੋਟ ਜ਼ਿਲ੍ਹੇ ‘ਚ ਜ਼ਮੀਨਦੋਜ਼ ਪਾਣੀ ਦਾ ਪੱਧਰ 3.21 ਮੀਟਰ ‘ਤੇ ਸੀ, ਜੋ 0.34 ਮੀਟਰ ਹੇਠਾਂ ਡਿੱਗਣ ਕਾਰਨ ਹੁਣ 3.55 ਮੀਟਰ ‘ਤੇ ਚਲਾ ਗਿਆ ਹੈ । ਐਸ ਏ ਐਸ ਜ਼ਿਲ੍ਹੇ ‘ਚ ਪਿਛਲੇ ਸਾਲ ਜ਼ਮੀਨਦੋਜ਼ ਪਾਣੀ 12.55 ਮੀਟਰ ਡੂੰਘਾ ਸੀ, ਜੋ 0.52 ਮੀਟਰ ਹੇਠਾਂ ਡਿੱਗਣ ਕਾਰਨ ਹੁਣ 13.07 ਮੀਟਰ ਡੂੰਘਾ ਚਲਾ ਗਿਆ ਹੈ । ਤਰਨ ਤਾਰਨ ਜ਼ਿਲ੍ਹੇ ‘ਚ ਪਿਛਲੇ ਸਾਲ ਜ਼ਮੀਨਦੋਜ਼ ਜਲ ਔਸਤਨ 10.15 ਮੀਟਰ ਡੂੰਘਾ ਸੀ, ਜੋ 0.07 ਮੀਟਰ ਹੇਠਾਂ ਡਿੱਗਣ ਕਾਰਨ ਹੁਣ ਔਸਤਨ 10.22 ਮੀਟਰ ‘ਤੇ ਚਲਾ ਗਿਆ ਹੈ ।

ਕੀ ਕਹਿਣਾ ਹੈ ਸਿੰਚਾਈ ਸਕੱਤਰ ਦਾ:
ਇਸ ਬਾਰੇ ਪੰਜਾਬ ਸਿੰਚਾਈ ਵਿਭਾਗ ਦੇ ਸਕੱਤਰ ਤੇ ਉਪਰੋਕਤ ਸੈੱਲ ਦੇ ਮੁੱਖੀ ਸ. ਕਾਹਨ ਸਿੰਘ ਪੰਨੂੰ ਨਾਲ ਸੰਪਰਕ ਕੀਤੇ ਜਾਣ ‘ਤੇ ਉਨ੍ਹਾਂ ਕਿਹਾ ਕਿ ਇਹ ਵਾਕਿਆ ਹੀ ਚਿੰਤਾਜਨਕ ਸਥਿਤੀ ਹੈ, ਕਿਉਂਕਿ ਪਹਿਲਾਂ ਹਰ ਸਾਲ ਪਾਣੀ ਦਾ ਪੱਧਰ ਔਸਤਨ 1 ਮੀਟਰ ਤੱਕ ਹੇਠਾਂ ਡਿੱਗ ਰਿਹਾ ਸੀ, ਜੋ ਹੁਣ ਡੇਢ ਮੀਟਰ ਤੱਕ ਦਰਜ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਸਰਕਾਰ ਨੇ ਝੋਨਾ ਲਾਉਣ ਲਈ 15 ਜੂਨ ਅਤੇ ਬਾਸਮਤੀ 5 ਜੁਲਾਈ ਤੋਂ ਬਾਅਦ ਲਾਉਣ ਦੀਆਂ ਸ਼ਲਾਘਾਯੋਗ ਹਦਾਇਤਾਂ ਜਾਰੀ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਸਨਅਤਾਂ ਅਤੇ ਵਧੀ ਆਬਾਦੀ ਵੀ ਇਸਦਾ ਕਾਰਨ ਹਨ ।

ਧੰਨਵਾਦ ਪੰਜਾਬੀ ਅਖਬਾਰ “ਰੋਜ਼ਾਨਾ ਅਜ਼ੀਤ” ਵਿੱਚੋਂ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,