ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਬੇਅਦਬੀ ਮਾਮਲੇ: ਪੰਜਾਬ ਸਰਕਾਰ ਵੱਲੋਂ ਗੱਲੀਂ-ਬਾਤੀਂ ‘ਸਖਤ ਕਾਰਵਾਈ’ ਜਾਰੀ

September 7, 2018 | By

ਚੰਡੀਗੜ੍ਹ: ਪਿਛਲੀ ਬਾਦਲ-ਭਾਜਪਾ ਸਰਕਾਰ ਮੌਕੇ ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਗੱਲੀਂ ਬਾਤੀ ਬਹੁਤ ਕੁਝ ਹੋ ਰਿਹਾ ਹੈ ਜੋ ਨਿਤ ਦਿਨ ਅਖਬਾਰਾਂ ਦੀਆਂ ਸੁਰਖੀਆਂ ਵੀ ਬਣ ਰਿਹਾ ਹੈ ਪਰ ਗੱਲਾਂ ਬਾਤਾਂ ਵਾਲੀ ਸਖਤ ਕਾਰਵਾਈ ਹਕੀਕੀ ਰੂਪ ਵਿਚ ਨਜ਼ਰੀਂ ਨਹੀਂ ਪੈ ਰਹੀ। ਪੰਜਾਬ ਵਿਧਾਨ ਸਭਾ ਵਿਚ ਦੋਸ਼ੀਆਂ ਦੇ ਸ਼ਰੇਆਮ ਨਾਂ ਲੈ ਕੇ ਮੌਕੇ ਦੀ ਕਾਬਜ ਧਿਰ ਦੇ ਮੰਤਰੀਆਂ ਨੇ ਸਖਤ ਕਾਰਵਾਈ ਕਰਨ ਦੇ ਐਲਾਨ ਕੀਤੇ। ਪਰ ਹੁਣ ਤਕ ਕਾਰਵਾਈ ਕੋਈ ਨਹੀਂ , ਐਲਾਨ ਹਰ ਰੋਜ਼ ਨਵੇਂ ਤੋਂ ਨਵੇਂ ਹੋ ਰਹੇ ਹਨ। ਮੋਜੂਦਾ ਪੰਜਾਬ ਸਰਕਾਰ ਦੇ ਕਈ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਦਸਦਿਆਂ ਜੇਲ੍ਹ ਵਿਚ ਬੰਦ ਕਰਨ ਤਕ ਦੀਆਂ ਗੱਲਾਂ ਕਰਦੇ ਆ ਰਹੇ ਹਨ ਪਰ ਹਕੀਕੀ ਰੂਪ ਵਿਚ ਵਾਪਰੇ ਗੋਲੀਕਾਂਡਾਂ ਸਬੰਧੀ ਕਿਸੇ ਕਾਰਵਾਈ ਦਾ ਫਿਲਹਾਲ ਅਗਾਜ਼ ਵੀ ਨਹੀਂ ਹੋਇਆ ਹੈ।

ਦੂਜੇ ਪਾਸੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੋਟਕਪੂਰਾ ਘਟਨਾਵਾਂ ਦੇ ਦ੍ਰਿਸ਼ (ਸੀਸੀਟੀਵੀ ਵੀਡੀਓ) ਜਾਰੀ ਕਰਕੇ ਬੇਅਦਬੀ ਕਾਂਡ ਨਾਲ ਜੁੜੇ ਕਈ ਤੱਥ ਸਾਹਮਣੇ ਲਿਆਂਦੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਦ੍ਰਿਸ਼ਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਾਂਤਮਈ ਧਰਨੇ ’ਤੇ ਬੈਠੇ ਸਿੱਖਾਂ ਨਾਲ ਪੁਲਿਸ ਨੇ ਉੱਚ ਅਧਿਕਾਰੀਆਂ ਦੀ ਸ਼ਹਿ ਮਿਲਣ ਤੇ ਧੱਕੇਸ਼ਾਹੀ ਕੀਤੀ।

ਨਵਜੋਤ ਸਿੱਧੂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਬਣਾਏ ਗਏ ਜੱਜ (ਸੇਵਾਮੁਕਤ) ਜ਼ੋਰਾ ਸਿੰਘ ਕਮਿਸ਼ਨ ਨੂੰ ਪੁਲੀਸ ਨੇ ਕੋਟਕਪੂਰਾ ਦੇ ਚੌਂਕ ਵਿੱਚ ਲੱਗੇ ਚਾਰ ਸੀਸੀਟੀਵੀ ਕੈਮਰਿਆਂ ਦੇ ਦ੍ਰਿਸ਼ ਦੇਣ ਤੋਂ ਨਾਹ ਕਰ ਦਿੱਤੀ ਸੀ ਤੇ ਕੈਮਰੇ ਖਰਾਬ ਹੋਣ ਦੀ ਗੱਲ ਕਹੀ ਸੀ। ਜੱਜ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਹੁਣ ਇਹ ਦ੍ਰਿਸ਼ ਹਾਸਲ ਕਰਕੇ ਘਟਨਾਵਾਂ ਸਬੰਧੀ ਪੁਖ਼ਤਾ ਸਬੂਤ ਲੋਕਾਂ ਸਾਹਮਣੇ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦ੍ਰਿਸ਼ਾਂ ਤੋਂ ਸਾਫ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਤਕਾਲੀ ਡੀਜੀਪੀ ਸੁਮੇਧ ਸੈਣੀ ਨੂੰ ਦਿੱਤੇ ‘ਹੁਕਮਾਂ’ ਤੋਂ ਬਾਅਦ ਪੁਲਿਸ ਨੇ ਸਿੱਖ ਸੰਗਤਾਂ ਖਿਲਾਫ ਕਾਰਵਾਈ ਕੀਤੀ ਸੀ। ਉਹਨਾਂ ਕਿਹਾ ਕਿ ਹੁਣ ਸਥਿਤੀ ਬਿਲਕੁਲ ਸਾਫ਼ ਹੋ ਗਈ ਹੈ ਕਿ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡਾਂ ਨੂੰ ਬਾਦਲ ਸਰਕਾਰ ਨੇ ਗਿਣੀ ਮਿਥੀ ਸਾਜ਼ਿਸ਼ ਅਤੇ ਰਾਜਸੀ ਚਾਲ ਤਹਿਤ ਅੰਜਾਮ ਦਿੱਤਾ ਸੀ। ਸਿੱਧੂ ਨੇ ਕਿਹਾ ਕਿ ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ਼ ਤੁਰੰਤ ਫੌਜਦਾਰੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਕੋਟਕਪੂਰਾ ਦੇ ਸਰਕਾਰੀ ਹਸਪਤਾਲ ਵਿੱਚ ਸਾਲ 2015 ਦੌਰਾਨ ਘਟਨਾਵਾਂ ਵਾਪਰਨ ਦੇ ਦਿਨਾਂ ਦੌਰਾਨ ਤਾਇਨਾਤ ਡਾਕਟਰ ਨੂੰ ਤਿੰਨ ਵਜੇ ਡਾਕਟਰਾਂ ਦੀ ਟੀਮ ਸਮੇਤ ਚੌਕਸ ਰਹਿਣ ਦੀਆਂ ਹਦਾਇਤਾਂ ਮੁੱਖ ਮੰਤਰੀ ਵੱਲੋਂ ਡੀਜੀਪੀ ਨਾਲ ਗੱਲਬਾਤ ਕਰਨ ਤੋਂ ਬਾਅਦ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਬਾਦਲ ਵੱਲੋਂ ਸੈਣੀ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਡੀਜੀਪੀ ਨੇ ਇਸ਼ਾਰਾ ਕਰ ਦਿੱਤਾ ਸੀ ਕਿ ਸ਼ਹਿਰ (ਕੋਟਕਪੂਰਾ) ਨੂੰ 10 ਮਿੰਟਾਂ ਵਿੱਚ ਖਾਲ੍ਹੀ ਕਰਵਾ ਕੇ ਕੁੰਜੀਆਂ ਹੱਥ ਫੜ੍ਹਾ ਦਿਆਂਗੇ।

ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਜਿਹੜਾ ਜ਼ੁਰਮ ਸਪੱਸ਼ਟ ਤੌਰ ’ਤੇ ਦਿਖ ਰਿਹਾ ਹੋਵੇ, ਪੁਲੀਸ ਅਜਿਹੇ ਜ਼ੁਰਮ ਵਿੱਚ ਸ਼ਾਮਲ ਲੋਕਾਂ ਖਿਲਾਫ਼ ਕਾਰਵਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਦੋਸ਼ੀ ਪੁਲੀਸ ਅਫ਼ਸਰਾਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਸਬੂਤ ਮਿਟਾਉਣ ਦੇ ਯਤਨ ਕੀਤੇ ਗਏ।

ਸਿੱਧੂ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀਆਂ ਵੀਡੀਓਜ਼ ਤੋਂ ਵੀ ਸਪੱਸ਼ਟ ਹੁੰਦਾ ਹੈ ਕਿ ਸ਼ਾਂਤਮਈ ਅਤੇ ਪਾਠ ਕਰ ਰਹੇ ਸਿੱਖਾਂ ਨਾਲ ਪਹਿਲਾਂ ਪੁਲੀਸ ਨੇ ਧੱਕੇਸ਼ਾਹੀ ਕੀਤੀ ਅਤੇ ਮਗਰੋਂ ਪੰਥਕ ਆਗੂਆਂ ਨੂੰ ਜਬਰੀ ਚੁੱਕਣਾ ਸ਼ੁਰੂ ਕਰ ਦਿੱਤਾ। ਪੁਲੀਸ ਦੀ ਇਸ ਕਾਰਵਾਈ ਤੋਂ ਬਾਅਦ ਲੋਕ ਭੜਕ ਗਏ ਤੇ ਹਿੰਸਾ ਹੋਈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਤੋਂ ਮੌਕੇ ਦੇ ਹੁਕਮਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਕਿਸੇ ਵੀ ਸੂਰਤ ਵਿੱਚ ਭੱਜ ਨਹੀਂ ਸਕਦੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਦੇ ਕੁੱਝ ਮਾਮਲਿਆਂ ਵਿੱਚ ਆਈਐਸਆਈ ਦੀ ਸ਼ਮੂਲੀਅਤ ਹੋਣ ਦੇ ਬਿਆਨ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਦੀ ਪੜਤਾਲੀਆ ਰਿਪੋਰਟ ਵਿੱਚ ਆਈਐਸਆਈ ਦੀ ਸ਼ਮੂਲੀਅਤ ਦਾ ਕੋਈ ਜ਼ਿਕਰ ਨਹੀਂ ਆਉਂਦਾ, ਪਰ ਮੁੱਖ ਮੰਤਰੀ ਕੋਲ ਸੂਚਨਾ ਦੇ ਕਈ ਸਰੋਤ ਹੁੰਦੇ ਹਨ, ਕੀ ਪਤਾ ਕਿਹੜੇ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੋਵੇ, ਲਿਹਾਜ਼ਾ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ।

ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸੀਖਾਂ ਪਿੱਛੇ ਧੱਕਣ ਦਾ ਜੋ ਭਰੋਸਾ ਦਿਵਾਇਆ ਹੈ, ਉਮੀਦ ਹੈ ਇਹ ਮਾਮਲਾ ਜ਼ਰੂਰ ਸਿਰੇ ਲੱਗੇਗਾ। ਉਨ੍ਹਾਂ ਕਿਹਾ ਕਿ ਸਿੱਟ ਕਾਇਮ ਕਰਕੇ ਸਮਾਂਬੱਧ ਜਾਂਚ ਕਰਾਉਣ ਦਾ ਵੀ ਭਰੋਸਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,