March 28, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ (27 ਮਾਰਚ, 2016): ਜਿਉਂ ਜਿਊਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਪੰਜਾਬ ਦੇ ਵੱਖ-ਵੱਖ ਦਬਾਅ ਸਮੂਹ ਆਪੋ ਆਪਣੇ ਹਿੱਤਾਂ ਨੂੰ ਲੈਕੇ ਰਾਜਸੀ ਪਾਰਟੀਆਂ ਨਾਲ ਗੰਢਤੁੱਪ ਕਰਨ ਵਿੱਚ ਰੁੱਝੇ ਹੋਏ ਹਨ। ਅੱਜ ਆਪਣੇ ਭਾਈਚਾਰੇ ਦੇ ਹਿੱਤਾਂ ਨੂੰ ਲੈਕੇ ਪੰਜਾਬ ਕਰਿਸ਼ਚਿਅਨ ਯੂਨਾਇਟੇਡ ਫਰੰਟ ਨੇ ਅੱਜ ਇਕ ਅਹਿਮ ਫੈਸਲਾ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਦੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਹਿਮਾਇਤ ਕਰਨ ਦਾ ਐੈਲਾਨ ਕਰ ਦਿੱਤਾ ਹੈ।
ਪੰਜਾਬ ਕਰਿਸ਼ਚਿਅਨ ਯੂਨਾਇਟੇਡ ਫਰੰਟ ਦੇ ਪ੍ਰਧਾਨ ਜੌਰਜ ਸੋਨੀ ਨੇ ‘ਆਪ’ ਦੇ ਰਾਸ਼ਟਰੀ ਸਕੱਤਰ, ਦੁਰਗੇਸ਼ ਪਾਠਕ ਅਤੇ ਦਿੱਲੀ ਦੇ ਸਾਬਕਾ ਮੰਤਰੀ ਸੋਮਨਾਥ ਭਾਰਤੀ ਨਾਲ ਮੁਲਾਕਾਤ ਕਰਕੇ ਆਪ ਦੀ ਹਿਮਾਇਤ ਦਾ ਐਲਾਨ ਕੀਤਾ।
ਇਹ ਬੈਠਕ ‘ਪੰਜਾਬ ਡਾਇਲਗ’ ਪ੍ਰੋਗਰਾਮ ਦੇ ਅਧੀਨ ਕੀਤੀਆਂ ਜਾ ਰਹੀਆਂ ਬੈਠਕਾਂ ਵਿਚੋਂ ਇਕ ਸੀ, ਜਿਸਦੇ ਅਧੀਨ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਹੋਣਾ ਅਤੇ ਇਨਾਂ ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਨਾ ਹੈ।
ਪਾਰਟੀ ਨੇਤਾਵਾਂ ਨੂੰ ਮਿਲਦੀਆਂ ਸੋਨੀ ਨੇ ਦੱਸਿਆ ਕਿ ਕਿਸ ਤਰਾਂ ਹੁਣ ਤਕ ਕਾਂਗਰਸ ਅਤੇ ਅਕਾਲੀ-ਭਾਜਪਾ ਪੰਜਾਬ ਵਿਚ ਇਸਾਈ ਭਾਈਚਾਰੇ ਨੂੰ ਇਕ ਵੋਟ ਬੈਂਕ ਵਜੋਂ ਹੀ ਵੇਖਦੀ ਆਈ ਹੈ ਅਤੇ ਹਮੇਸ਼ਾ ਹੀ ਉਨ੍ਹਾਂ ਨਾਲ ਗਦਾਰੀ ਕੀਤੀ ਹੈ।
ਉਨ੍ਹਾਂਨੇ ਦੱਸਿਆ ਕਿ ਇਹਨਾਂ ਪਾਰਟੀਆਂ ਨੇ ਕਦੇ ਵੀ ਇਸਾਈ ਭਾਈਚਾਰੇ ਦੀਆਂ ਮੰਗਾਂ ਜਿਵੇਂ ਕਿ ਇਸਾਈਆਂ ਲਈ ਅਲਗ ਕਬਰਸਤਾਨ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸਮੇਂ ਸਮੇਂ ਤੇ ਲੀਡਰਾਂ ਨੇ ਭਾਈਚਾਰੇ ਨੂੰ ਭਰੋਸੇ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।
ਇਸਾਈ ਨੇਤਾਵਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਹੋਏ ਆਪ ਨੇਤਾਵਾਂ ਨੇ ਭਰੋਸਾ ਦਿਵਾਇਆ ਕੀ ਉਨ੍ਹਾਂ ਦੀਆਂ ਮੰਗਾਂ ਨੂੰ ਆਉਣ ਵਾਲੀ ਚੋਣਾਂ ਦੇ ਲਈ ਤਿਆਰ ਕੀਤੇ ਜਾ ਰਹੇ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤਾ ਜਾਵੇਗਾ ਅਤੇ ਸੱਤਾ ਵਿਚ ਆਉਣ ਤੋਂ ਬਾਅਦ ਇਸਾਈ ਭਾਈਚਾਰੇ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।
Related Topics: Aam Aadmi Party, Punjab Assembly Election 2017, Punjab Christian united front, Punjab Politics