January 11, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (ਤੇਜਿੰਦਰ ਸਿੰਘ): ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜਾਨਾ ਮੁਖਵਾਕ (ਹੁਕਮਨਾਮਾ ਸਾਹਿਬ) ਉੱਤੇ ਪੀ.ਟੀ.ਸੀ. ਚੈਨਲ ਵਲੋਂ ਆਪਣੀ ਅਜਾਰੇਦਾਰੀ ਦਰਸਾਉਣ ਦਾ ਮਸਲਾ ਭਖਦਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੀ.ਟੀ.ਸੀ. ਵਲੋਂ ਬੀਤੇ ਕੱਲ੍ਹ ‘ਸਿੱਖ ਸਿਆਸਤ’ ਨਾਮੀ ਅਦਾਰੇ ਨੂੰ ਫੇਸਬੁੱਕ ਰਾਹੀਂ ਨੋਟਿਸ ਭੇਜਿਆ ਸੀ ਕਿ ਉਹ ਦਰਬਾਰ ਸਾਹਿਬ ਦੇ ਹੁਕਮਨਾਮਾ ਸਾਹਿਬ ਦੀ ਆਵਾਜ਼ ਆਪਣੇ ਸਰੋਤਿਆਂ ਨਾਲ ਸਾਂਝੀ ਨਹੀਂ ਕਰ ਸਕਦੇ ਕਿਉਂਕਿ ਇਸ ਉੱਤੇ ਸਿਰਫ ਪੀ.ਟੀ.ਸੀ. ਦੇ ਹੀ ਅਜਾਰੇਦਾਰਾਨਾ ਹੱਕ ਹਨ ਅਤੇ ਹੋਰ ਕੋਈ ਵੀ ਇਸ ਨੂੰ ਆਪਣੇ ਬਿਜਲ-ਸੱਥ ਮੰਚਾਂ (ਸੋਸ਼ਲ ਮੀਡੀਆ ਚੈਨਲਾਂ) ਉੱਤੇ ਸਾਂਝਾ ਨਹੀਂ ਕਰ ਸਕਦਾ।
ਸਿੱਖ ਸਿਆਸਤ ਦੇ ਸੰਪਾਦਕ ਅਤੇ ਪ੍ਰਬੰਧਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸ਼ੁੱਕਰਵਾਰ ਨੂੰ ਸਵੇਰੇ ਫੇਸਬੁੱਕ ਵੱਲੋਂ ਭੇਜੇ ਨੋਟਿਸ ਤੋਂ ਪਤਾ ਮਿਲਿਆ ਸੀ ਕਿ ਪੀ.ਟੀ.ਸੀ. ਨੇ ਫੇਸਬੁੱਕ ਕੋਲ ਸ਼ਿਕਾਇਤ ਕਰਕੇ ਸਿੱਖ ਸਿਆਸਤ ਵਲੋਂ ਸਾਂਝਾ ਕੀਤਾ ਹੁਕਮਨਾਮਾ ਸਾਹਿਬ ਸਿੱਖ ਸਿਆਸਤ ਦੇ ਫੇਸਬੁੱਕ ਸਫੇ ਤੋਂ ਹਟਵਾ ਦਿੱਤਾ ਹੈ।
ਪਰਮਜੀਤ ਸਿੰਘ ਨੇ ਕਿਹਾ ਕਿ ਉਹਨਾਂ ਇਸ ਬਾਰੇ ਤੁਰੰਤ ਫੇਸਬੁੱਕ ਕੋਲ ਮੋੜਵਾਂ ਜਵਾਬ ਭੇਜਿਆ ਕਿ ਹੁਕਮਨਾਮਾ ਸਾਹਿਬ ਉੱਪਰ ਪੀ.ਟੀ.ਸੀ ਦਾ ਕੋਈ ਹੱਕ ਨਹੀਂ ਹੈ ਕਿਉਂਕਿ ਹੁਕਮਨਾਮਾ ਸਾਹਿਬ ਦੀ ਆਵਾਜ਼ ਅਤੇ ਲਿਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੀ ਵੈਬਸਾਈਟ ਉੱਤੇ ਪਾਈ ਜਾਂਦੀ ਹੈ ਅਤੇ ਉਹ ਇਸ ਆਵਾਜ ਅਤੇ ਲਿਖਤ ਨੂੰ ਸਤਿਕਾਰਤ ਤਰੀਕੇ ਨਾਲ ਮੇਲ ਕੇ ਪੇਸ਼ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਫੇਸਬੁੱਕ ਨੂੰ ਪੀ.ਟੀ.ਸੀ. ਦੀ ਝੂਠੀ ਸ਼ਿਕਾਇਤ ਰੱਦ ਕਰਨ ਅਤੇ ਹੁਕਮਨਾਮਾ ਸਾਹਿਬ ਮੁੜ ਸਿੱਖ ਸਿਆਸਤ ਦੇ ਸਫੇ ਉੱਤੇ ਬਹਾਲ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਫੇਸਬੁੱਕ ਵਲੋਂ ਅਗਲੀ ਕਾਰਵਾਈ ਲਈ 16 ਜਨਵਰੀ ਤੱਕ ਦਾ ਸਮਾਂ ਮਿੱਥਿਆ ਗਿਆ ਹੈ।
ਇਸ ਦੌਰਾਨ ਪਰਮਜੀਤ ਸਿੰਘ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਵੀ ਲਿਖੀ ਹੈ।
ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਉਨ੍ਹਾਂ ਸ਼੍ਰੋ.ਗੁ.ਪ੍ਰ.ਕ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਗੱਲਬਾਤ ਕੀਤੀ ਸੀ ਜਿਹਨਾਂ ਉਨ੍ਹਾਂ ਨੂੰ ਆਪਣੀ ਗੱਲ ਅਤੇ ਮਾਮਲੇ ਦੇ ਸਬੂਤਾਂ ਸਮੇਤ ਲਿਖ ਕੇ ਭੇਜਣ ਲਈ ਕਿਹਾ ਸੀ।
ਸਿੱਖ ਸਿਆਸਤ ਸੰਪਾਦਕ ਨੇ ਦਸਿਆ ਕਿ ਸ਼੍ਰੋ.ਗੁ.ਪ੍ਰ.ਕ. ਦੇ ਦਫਤਰ ਵਲੋਂ ਚਿੱਠੀ ਮਿਲਣੀ ਦੀ ਲਿਖਤੀ ਤਸਦੀਕ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਹ ਚਿੱਠੀ ਸੰਬੰਧਤ ਅਧਿਕਾਰੀਆਂ ਦੇ ਧਿਆਨ ਹਿਤ ਅੱਗੇ ਭੇਜ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਉਹ ਇਸ ਮਾਮਲੇ ਉੱਤੇ ਕਾਨੂੰਨੀ ਕਾਰਵਾਈ ਵਿੱਢਣ ਲਈ ਵਕੀਲਾਂ ਨਾਲ ਸਲਾਹ-ਮਸ਼ਵਰਾ ਵੀ ਕਰ ਰਹੇ ਹਨ।
ਪੂਰੀ ਚਿੱਠੀ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ:
ਧਿਆਨ ਹਿਤ,
ਸ. ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ੍ਰੀ ਅੰਮ੍ਰਿਤਸਰ ਸਾਹਿਬ
ਉਤਾਰਾ:
ਸ. ਰੂਪ ਸਿੰਘ
ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ੍ਰੀ ਅੰਮ੍ਰਿਤਸਰ।
ਵਿਸ਼ਾ: ਪੀ.ਟੀ.ਸੀ. ਪੰਜਾਬੀ ਵਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਹੁਕਮਨਾਮਾ ਸਾਹਿਬ ਦੀ ਆਵਾਜ਼ ਉੱਤੇ ਆਪਣੀ ਅਜਾਰੇਦਾਰੀ ਦਰਸਾਉਣ ਬਾਰੇ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਆਪ ਜੀ ਜਾਣਦੇ ਹੋ ਕਿ ਗੁਰਬਾਣੀ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਹਿਤ ਅਤੇ ਸਿੱਖ ਸੰਗਤਾਂ ਦੀ ਸ਼ਰਧਾ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜਾਨਾ ਮੁਖਵਾਕ (ਹੁਕਮਨਾਮਾ ਸਾਹਿਬ) ਦੀ ਆਵਾਜ਼ ਅਤੇ ਲਿਖਤ ਆਪਣੀ ਵੈਬਸਾਈਟ ਉੱਤੇ ਸਾਂਝੀ ਕਰਦੀ ਹੈ। ਬਹੁਤ ਸਾਰੇ ਅਦਾਰੇ, ਬਿਜਲ-ਸੱਥ ਮੰਚ (ਸੋਸ਼ਲ ਮੀਡੀਆ ਚੈਨਲ) ਨਿਸ਼ਕਾਮ ਤੌਰ ਉੱਤੇ ਇਹ ਆਵਾਜ਼ ਅਤੇ ਲਿਖਤ ਬੜੇ ਸਤਿਕਾਰਤ ਤਰੀਕੇ ਨਾਲ ਆਪਣੇ ਲੱਖਾਂ ਪਾਠਕਾਂ ਅਤੇ ਸਿੱਖ ਸੰਗਤਾਂ ਤੱਕ ਪਹੁੰਚਾ ਕੇ ਗੁਰਬਾਣੀ ਅਤੇ ਗੁਰਮਤਿ ਪ੍ਰਚਾਰ ਵਿਚ ਹਿੱਸਾ ਪਾਉਂਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਦਮ ਨੂੰ ਅੱਜ ਦੀ ਤਕਨੀਕ ਮੁਤਾਬਕ ਅਗਲੇ ਪੜਾਅ ’ਤੇ ਲਿਜਾ ਕੇ ਪੇਸ਼ ਕਰਦੇ ਹਨ।
ਬੜੇ ਅਫਸੋਸ ਦੀ ਗੱਲ ਹੈ ਕਿ ਇਕ ਪੀ.ਟੀ.ਸੀ. ਨਾਮੀ ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਵੈਬਸਾਈਟ ਰਾਹੀਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜਾਨਾ ਮੁਖਵਾਕ (ਹੁਕਮਨਾਮਾ ਸਾਹਿਬ) ਦੀ ਆਵਾਜ਼ ਉੱਪਰ ਆਪਣੀ ਅਜਾਰੇਦਾਰੀ ਦੱਸ ਕੇ ਬਿਜਲ-ਸੱਥ ਦੇ ਮੰਚਾਂ ਜਿਵੇਂ ਕਿ ਫੇਸਬੁੱਕ ਕੋਲ ਝੂਠੀਆਂ ਸ਼ਿਕਾਇਤਾਂ ਕਰਕੇ ਹੋਰਨਾਂ ਅਦਾਰਿਆਂ ਅਤੇ ਬਿਜਲ-ਸੱਥ ਮੰਚਾਂ ਵਲੋਂ ਸਾਂਝੇ ਕੀਤੇ ਜਾ ਰਹੇ ਹੁਕਮਨਾਮਾ ਸਾਹਿਬ ਨੂੰ ਵਧੇਰੇ ਸਿੱਖ ਸੰਗਤਾਂ ਤੱਕ ਪਹੁੰਚਾਉਣ ਦੇ ਉੱਦਮ ਨੂੰ ਬੰਦ ਕਰਵਾ ਰਿਹਾ ਹੈ।
ਪੀ.ਟੀ.ਸੀ. ਵਲੋਂ ਫੇਸਬੁੱਕ ਕੋਲ ਕੀਤੀਆਂ ਸ਼ਿਕਾਇਤਾਂ, ਜਿਨ੍ਹਾਂ ਵਿਚੋਂ ਇਕ ਦੇ ਵੇਰਵੇ ਅਤੇ ਸਬੂਤ ਇਸ ਪੱਤਰ ਨਾਲ ਨੱਥੀ ਕੀਤੇ ਜਾ ਰਹੇ ਹਨ, ਵਿਚ ਕਿਹਾ ਗਿਆ ਹੈ ਕਿ ਹੁਕਮਨਾਮਾ ਸਾਹਿਬ ਦੀ ਆਵਾਜ਼ ਉੱਤੇ ਪੂਰੇ ਸੰਸਾਰ ਵਿਚ ਸਿਰਫ ਪੀ.ਟੀ.ਸੀ. ਕੋਲ ਹੀ ਅਜਾਰੇਦਾਰਾਨਾ ਹੱਕ ਹਨ। ਅਜਿਹਾ ਕਰਕੇ ਪੀ.ਟੀ.ਸੀ. ਹੁਕਮਨਾਮਾ ਸਾਹਿਬ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣ ਤੋਂ ਰੋਕ ਰਿਹਾ ਹੈ।
ਇਸ ਸਬੰਧ ਵਿਚ ਇਹ ਗੱਲਾਂ ਵੀ ਧਿਆਨ ਦੇਣ ਵਾਲੀਆਂ ਹਨ: ਪਹਿਲੀ, ਕਿ ਪੀ.ਟੀ.ਸੀ. ਦਾ ਦਾਅਵਾ ਕਿਵੇਂ ਵੀ ਪ੍ਰਵਾਣ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਅਸਥਾਨ ਉੱਤੇ ਹੁਕਮਨਾਮਾ ਸਾਹਿਬ ਦਾ ਉਚਾਰਨ ਹੁੰਦਾ ਹੈ ਉਹ ਪੀਟੀਸੀ ਦਾ ਸਟੂਡੀਓ ਜਾਂ ਮਲਕੀਅਤ ਨਹੀਂ ਹੈ ਬਲਕਿ ਸੰਸਾਰ ਦਾ ਅਜੀਮ, ਪਵਿੱਤਰ, ਸਤਿਕਾਰਤ ਅਤੇ ਸਰਬ-ਸਾਂਝਾ ਅਸਥਾਨ- ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਹੈ। ਦੂਜੀ, ਕਿ ਜਿਹਨਾਂ ਸ਼ਬਦਾਂ ਦਾ ਉਚਾਰਨ ਹੋ ਰਿਹਾ ਹੈ ਉਹ ਪੀ.ਟੀ.ਸੀ. ਦੀ ਲਿਖਤ ਜਾਂ ਸਕਰਿਪਟ ਨਹੀਂ ਹੈ ਬਲਕਿ ਸਬਦੁ ਗੁਰੂ ਅਤੇ ਸਰਬ ਸਾਂਝੀ ਗੁਰਬਾਣੀ- ‘ਧੁਰਿ ਕੀ ਬਾਣੀ’ ਹੈ, ਜੋ ਕਿ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਕੁੱਲ ਕਾਇਨਾਤ ਲਈ ਸਾਂਝੀ ਹੈ। ਤੀਜੀ, ਕਿ ਜੋ ਸ਼ਖਸੀਅਤ ਇਹ ਉਚਾਰਨ ਕਰਦੀ ਹੈ ਉਹ ਕੋਈ ਪੀ.ਟੀ.ਸੀ. ਦਾ ਕਲਾਕਾਰ ਜਾਂ ਮੁਲਾਜਮ ਨਹੀਂ ਬਲਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਸਤਿਕਾਰਤ ਗ੍ਰੰਥੀ ਸਾਹਿਬਾਨ ਹਨ। ਚੌਥੀ, ਕਿ ਜਿਸ ਬਿਜਲ-ਮੰਚ ਤੋਂ ਹੁਕਮਨਾਮਾ ਸਾਹਿਬ ਦੀ ਆਵਾਜ਼ ਲਈ ਜਾਂਦੀ ਹੈ ਉਹ ਪੀ.ਟੀ.ਸੀ. ਦਾ ਕੋਈ ਬਿਜਲ-ਮੰਚ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਤਰ੍ਹਾਂ ਪੀ.ਟੀ.ਸੀ ਦੇ ਮਾਤਹਿਤ ਵਿਚਰਨ ਵਾਲਾ ਅਦਾਰਾ (ਸਬਸਿਡਰੀ) ਨਹੀਂ ਹੈ ਬਲਕਿ ਇਕ ਵੱਖਰੀ ਸੰਸਥਾ ਹੈ। ਪੰਜਵੀਂ, ਕਿ ਇਸ ਸਾਰੇ ਮਸਲੇ ਵਿਚ ਪੀ.ਟੀ.ਸੀ. ਦਾ ਤਾਂ ਨਾਂ-ਥੇਹ ਵੀ ਨਹੀਂ ਹੈ ਇਸ ਲਈ ਉਹਨਾਂ ਵਲੋਂ ਇਸ ਤਰ੍ਹਾਂ ਦਾ ਦਾਅਵਾ ਕਰਨਾ ਸਰਾਸਰ ਮੰਦਭਾਵੀ ਕੂੜ ਤੋਂ ਵਧੀਕ ਕੁਝ ਵੀ ਨਹੀਂ ਹੈ।
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਗੁਰਬਾਣੀ ਪ੍ਰਸਾਰਣ ਲਈ ਇਸ ਪਵਿੱਤਰ ਅਸਥਾਨ ਵਿਖੇ ਸੀਮਤ ਤਕਨੀਕੀ ਸਮਾਨ ਲਾਉਣਾ ਸਮਝ ਆਉਂਦਾ ਹੈ ਪਰ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਦੇ ਪ੍ਰਚਾਰ-ਪਸਾਰ ਉੱਤੇ ਰੋਕ ਲਾਉਣਾ, ਜਾਂ ਇਸ ਨੂੰ ਕਿਸੇ ਇਕ ਅਦਾਰੇ ਵਿਸ਼ੇਸ਼ ਤੱਕ ਸੀਮਤ ਕਰਨਾ ਸਿਧਾਂਤਿਕ ਅਤੇ ਵਿਹਾਰਕ, ਹਰੇਕ ਤਰੀਕੇ ਨਾਲ ਗਲਤ ਹੈ।
ਆਪ ਜੀ ਦੇ ਧਿਆਨ ਹਿਤ ਇਹ ਵੀ ਦੱਸਿਆ ਜਾਂਦਾ ਹੈ ਕਿ ਮਿਤੀ 10 ਜਨਵਰੀ 2020 ਨੂੰ ‘ਸਿੱਖ ਸਿਆਸਤ’ ਦੀ ਤਰਫੋਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨਾਲ ਫੋਨ ਉੱਤੇ ਇਸ ਬਾਰੇ ਗੱਲ ਕੀਤੀ ਸੀ। ਉਹਨਾਂ ਕਿਹਾ ਸੀ ਕਿ ਇਸ ਬਾਰੇ ਲਿਖਤੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਜਲ-ਪਤੇ (ਈ-ਮੇਲ) (ਿਨਡੋ੍ਸਗਪਚ.ਨੲਟ) ਉੱਤੇ ਭੇਜ ਦਿੱਤੀ ਜਾਵੇ। ਸੋ ਇਹ ਪੱਤਰ ਇਸੇ ਆਸ ਵਿਚ ਲਿਖਿਆ ਹੈ ਕਿ ਇੰਝ ਇਹ ਮਸਲਾ ਧਿਆਨ ਵਿਚ ਆਉਣ ਤੋਂ ਬਾਅਦ ਤੁਸੀਂ ਢੁਕਵੀਂ ਕਾਰਵਾਈ ਕਰਦਿਆਂ ਪੀ.ਟੀ.ਸੀ. ਦੀਆਂ ਤੱਥ-ਹੀਣ, ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਵਿਰੋਧੀ ਅਤੇ ਸਿੱਖ ਹਿਰਦਿਆਂ ਨੂੰ ਵਲੂੰਧਰਣ ਵਾਲੀਆਂ ਕਾਰਵਾਈਆਂ ਬੰਦ ਕਰਵਾਓਗੇ ਅਤੇ ਹੁਕਮਨਾਮਾ ਸਾਹਿਬ ਸਾਂਝਾ ਕਰਕੇ ਗੁਰਬਾਣੀ ਤੇ ਗੁਰਮਤਿ ਦੇ ਪ੍ਰਚਾਰ-ਪਸਾਰ ਵਿਚ ਸ਼ਰਧਾ ਭਾਵਨਾ ਨਾਲ ਅਤੇ ਨਿਸ਼ਕਾਮ ਤੌਰ ਉੱਤੇ ਹਿੱਸਾ ਪਾਉਣ ਦੇ ਨਿਮਾਣੇ ਯਤਨ ਕਰਨ ਵਾਲੇ ਵਿਅਕਤੀਆਂ ਅਤੇ ਅਦਾਰਿਆਂ ਨੂੰ ਉਤਸ਼ਾਹਿਤ ਕਰੋਗੇ ਤਾਂ ਕਿ ਗੁਰੂ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ ਲੋਕਾਈ ਤੱਕ ਪੁੱਜਦਾ ਰਹੇ।
ਆਸ ਹੈ ਕਿ ਤੁਸੀਂ ਸਮਾਂ ਰਹਿੰਦਿਆਂ ਢੁਕਵੀਂ ਕਾਰਵਾਈ ਕਰਕੇ ਬੇਲੋੜੇ ਵਿਵਾਦ ਅਤੇ ਸੰਭਾਵੀ ਕਾਨੂੰਨੀ ਕਾਰਵਾਈ, ਸਮੇਂ ਅਤੇ ਸਾਧਨਾਂ ਦੀ ਖੁਆਰੀ ਤੋਂ ਸਭਨਾਂ ਨੂੰ ਬਚਾਉਣ ਦਾ ਫੈਸਲਾ ਲਵੋਗੇ ਜੀ।
ਪਰਮਜੀਤ ਸਿੰਘ
ਸੰਪਾਦਕ
ਸਿੱਖ ਸਿਆਸਤ।
ਸੰਪਰਕ: 9888270651
(ਸ਼ਨਿਚਰਵਾਰ, ੨੭ ਪੋਹ (ਸੰਮਤ ੫੫੧ ਨਾਨਕਸ਼ਾਹੀ)
(11 ਜਨਵਰੀ 2020)
ਅੰਤਿਕਾ 1:
ਪੀ.ਟੀ.ਸੀ. ਦੀ ਸ਼ਿਕਾਇਤ ਦੇ ਵੇਰਵੇ, ਅਤੇ ਸਬੂਤਾਂ ਦੇ ਵੇਰਵੇ:
ਪੀ.ਟੀ.ਸੀ. ਨੇ ਫੇਸਬੁੱਕ ਕੋਲ ਸ਼ਿਕਾਇਤ ਕਰਕੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜਾਨਾ ਮੁਖਵਾਕ (ਹੁਕਮਨਾਮਾ ਸਾਹਿਬ) ਨੂੰ ‘ਸਿੱਖ ਸਿਆਸਤ’ ਦੇ ਫੇਸਬੁੱਕ ਸਫੇ ਤੋਂ ਹਟਵਾਇਆ ਹੈ।
ਪੀ.ਟੀ.ਸੀ. ਨੇ ਫੇਸਬੁੱਕ ਕੋਲ ਦਾਅਵਾ ਕੀਤਾ ਹੈ ਕਿ ਹੁਕਮਨਾਮਾ ਸਾਹਿਬ ਦੀ ਆਵਾਜ਼ ਉੱਤੇ ਸੰਸਾਰ ਪੱਧਰ ’ਤੇ ਸਿਰਫ ਪੀ.ਟੀ.ਸੀ. ਦਾ ਹੱਕ ਹੈ।
‘ਸਿੱਖ ਸਿਆਸਤ’ ਨੇ ਫੇਸਬੁੱਕ ਨੂੰ ਜਵਾਬ ਭੇਜਿਆ ਹੈ ਕਿ ਇਹ ਹੁਕਮਨਾਮਾ ਸਾਹਿਬ ਦੀ ਆਵਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਵੈਬਸਾਈਟ ਉੱਤੇ ਪ੍ਰਚਾਰ ਹਿਤ ਸਾਂਝੀ ਕਰਦੀ ਹੈ, ਅਤੇ ਇਸ ਉੱਤੇ ਪੀ.ਟੀ.ਸੀ. ਦਾ ਕੋਈ ਵੀ ਹੱਕ ਨਹੀਂ ਹੈ।
ਸਬੂਤ 1: ਉਕਤ ਮਸਲੇ ਦੇ ਸੂਬਤ ਦੇ ਤੌਰ ਉੱਤੇ ਪੀ.ਟੀ.ਸੀ. ਵਲੋਂ ਫੇਸਬੁੱਕ ਕੋਲ ਸ਼ਿਕਾਇਤ ਕਰਕੇ ਹੁਕਮਨਾਮਾ ਸਾਹਿਬ ਹਟਵਾਉਣ, ਅਤੇ ਇਸ ਬਾਰੇ ‘ਸਿੱਖ ਸਿਆਸਤ’ ਵਲੋਂ ਭੇਜੇ ਜਵਾਬ ਦੀ ਸਮੁੱਚੀ ਕਾਰਵਾਈ ਦੀ ਨਕਲ ਅੰਤਿਕਾ 2 ਵਜੋਂ ਨੱਥੀ ਹੈ।
ਸਬੂਤ 2: ਅੱਜ 11 ਜਨਵਰੀ 2020 ਨੂੰ ‘ਟਾਈਮਜ਼ ਆਫ ਇੰਡੀਆ’ ਅਖਬਾਰ ਵਿਚ ਛਪੀ ਖਬਰ ਵਿਚ ਪੀ.ਟੀ.ਸੀ. ਦੇ ਮੁਖੀ ਰਬਿੰਦਰਾ ਨਰਾਇਣ ਨੇ ਕਿਹਾ ਹੈ ਕਿ: “ਪੀ.ਟੀ.ਸੀ. ਕੋਲ ਹਰ ਢੰਗ ਤਰੀਕੇ ਨਾਲ ਗੁਰਬਾਣੀ ਪ੍ਰਸਾਰਣ, ਸਮੇਤ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹੁਕਮਨਾਮਾ ਸਾਹਿਬ, ਦੇ ਅਜਾਰੇਦਾਰਾਨਾ ਹੱਕ ਹਨ, ਅਤੇ ਪੀ.ਟੀ.ਸੀ. ਇਹਨਾਂ ਹੱਕਾਂ ਦੀ ਉਲੰਘਣਾ ਨੂੰ ਜਰੂਰ ਰੋਕੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਵੈਬਸਾਈਟ ਉੱਤੇ ਗੁਰਬਾਣੀ ਪ੍ਰਸਾਰਣ ਕਰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਕੋਈ ਵੀ ਇਸ ਨੂੰ ਲਾਹ ਕੇ ਅੱਗੇ ਪ੍ਰਸਾਰਤ ਕਰ ਸਕਦਾ ਹੈ। ਇਹ ਹੱਕ ਸਿਰਫ ਪੀ.ਟੀ.ਸੀ. ਕੋਲ ਹਨ” (ਮੂਲ ਅੰਗਰੇਜ਼ੀ ਤੋਂ ਪੰਜਾਬੀ ਉਲੱਥਾ)। ਇਹ ਖਬਰ ਪੀ.ਟੀ.ਸੀ. ਵਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਉੱਤੇ ਅਜਾਰੇਦਾਰੀ ਬਾਰੇ ਖੁੱਲੇਆਮ ਕੀਤੇ ਜਾ ਰਹੇ ਦਾਅਵੇ ਦਾ ਇਕ ਹੋਰ ਸਬੂਤ ਹੈ ਜੋ ਕਿ ਇਸ ਚਿੱਠੀ ਨਾਲ ਅੰਤਿਕਾ 3 ਵਜੋਂ ਨੱਥੀ ਹੈ।
ਅੰਤਿਕਾ 2
ਪੀ.ਟੀ.ਸੀ ਵਲੋਂ ਫੇਸਬੁੱਕ ਕੋਲ ਸ਼ਿਕਾਇਤ ਕਰਕੇ ਹੁਕਮਨਾਮਾ ਸਾਹਿਬ ਹਟਵਾਉਣ, ਅਤੇ ਇਸ ਬਾਰੇ ‘ਸਿੱਖ ਸਿਆਸਤ’ ਵਲੋਂ ਭੇਜੇ ਜਵਾਬ ਦੀ ਸਮੁੱਚੀ ਕਾਰਵਾਈ ਦੀ ਨਕਲ:
ਅੰਤਿਕਾ 3:
11 ਜਨਵਰੀ 2020 ਨੂੰ ‘ਟਾਈਮਜ਼ ਆਫ ਇੰਡੀਆ’ ਅਖਬਾਰ ਵਿਚ ਛਪੀ ਖਬਰ ਜਿਸ ਵਿਚ ਪੀ.ਟੀ.ਸੀ. ਮੁਖੀ ਵਲੋਂ ਗੁਰਬਾਣੀ ਅਤੇ ਹੁਕਮਨਾਮਾ ਸਾਹਿਬ ਉੱਤੇ ਅਜਾਰੇਦਾਰੀ ਦਾ ਦਾਅਵਾ ਕੀਤੇ ਜਾਣ ਦਾ ਸਬੂਤ ਹੈ (ਵੇਖੋ : ਖਬਰ ਦਾ ਲਾਲ ਲਕੀਰ ਵਾਲਾ ਹਿੱਸਾ):
Related Topics: Akal Takht Sahib, Gobind Singh Longowal, Gurbani, Parkash Singh Badal, PTC, PTC News, PTC Punjabi Channel