ਸਿੱਖ ਖਬਰਾਂ

ਸੌਦਾ ਸਾਧ ਦੀ ਫਿਲ਼ਮ ਦਾ ਦਿੱਲੀ, ਹਰਿਆਣਾ, ਚੰਡੀਗੜ੍ਹ, ਜੰਮੂ, ਰਾਂਚੀ ਤੇ ਹੋਰਾਂ ਥਾਵਾਂ ‘ਤੇ ਵਿਰੋਧ

February 14, 2015 | By

ਚੰਡੀਗੜ੍ਹ (13 ਫਰਵਰੀ, 2015) ਸੌਦਾ ਸਾਧ ਦੀ ਵਿਵਾਦਤ ਫਿਲਮ ਦੇ ਰਿਲੀਜ਼ ਹੋਣ ਨਾ ਵੱਖ-ਵੱਖ ਥਾਵਾਂ ‘ਤੇ ਸਿੱਖ ਜੱਥੇਬੰਦੀਆਂ ਵੱਲੋਂ ਭਰਵਾਂ ਵਿਰੋਧ ਕੀਤਾ ਗਿਆ ਅਤੇ ਕਈ ਜਗਾ ਇਸ ਵਿਰੋਧ ਦੇ ਕਾਰਣ ਫਿਮਮ ਰਿਲੀਜ਼ ਨਹੀਂ ਹੋ ਸਕੀ।

ਸਿੱਖ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਵਜ੍ਹਾ ਨਾਲ ਸਥਾਨਕ ਅਧਿਕਾਰੀ ਡਬਵਾਲੀ ਤੇ ਕਰਨਾਲ ‘ਚ ਫਿਲਮ ਦੀ ਸਕਰੀਨਿੰਗ ਵਿਚਾਲੇ ਰੁਕਵਾਉਣ ‘ਚ ਮਜ਼ਬੂਰ ਹੋ ਗਏ । ਉਧਰ ਸਿਰਸਾ, ਕੁਰੂਕਸ਼ੇਤਰ, ਹਿਸਾਰ ਤੇ ਗੁੜਗਾਂਓ ਵਰਗੀਆਂ ਥਾਵਾਂ ‘ਤੇ ਵੱਖ-ਵੱਖ ਸਿੱਖ ਸੰਗਠਨਾਂ ਤੇ ਵਿਰੋਧੀ ਦਲ ਇੰਡੀਅਨ ਨੈਸ਼ਨਲ ਲੋਕ ਦਲ ਸਮਰਥਕਾਂ ਨੇ ਫਿਲਮ ਦੀ ਰਿਲੀਜ਼ ਤੇ ਸਕਰੀਨਿੰਗ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ।

ਦਿੱਲੀ ‘ਚ ਤਿੰਨ ਸਿਨੇਮਾਘਰਾਂ ‘ਚ ਰੋਕ:
ਦਿੱਲੀ ‘ਚ ਵੀ ‘ਐਮ. ਐਸ. ਜੀ.’ ਅੱਜ ਭਾਰੀ ਸੁਰੱਖਿਆ ‘ਚ ਰਿਲੀਜ਼ ਹੋਈ । ਪਰ ਪੱਛਮੀ ਦਿੱਲੀ ਦੇ ਤਿੰਨ ਸਿਨੇਮਾਘਰਾਂ ‘ਚ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ । ਅਨੁਜ ਕੁਮਾਰ ਮੈਨੇਜਰ ਮੂਵੀ ਟਾਈਮ ਮਲਟੀਪਲੈਕਸ ਨੇ ਦੱਸਿਆ ਕਿ ਵੇਵ ਸਿਨੇਮਾ ਰਾਜਾ ਗਾਰਡਨ, ਮੂਵੀ ਟਾਈਮ ਸਿਨੇਮਾਸ ਰਾਜੋਰੀ ਗਾਰਡਨ ਤੇ ਪਿਤਮਪੁਰਾ ਥੀਏਟਰਾਂ ‘ਚ ਇਹ ਫਿਲਮ ਰਿਲੀਜ਼ ਨਹੀਂ ਕੀਤੀ ਜਾਵੇਗੀ ਤਾਂ ਜੋ ਉਹ ਵਿਰੋਧ ਪ੍ਰਦਰਸ਼ਨਾਂ ਤੋਂ ਬਚ ਸਕਣ।

ਦਿੱਲੀ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਸਿਰਸਾ ਮੁਖੀ ਦੀ ਫਿਲਮ ਦਿੱਲੀ ‘ਚ ਰਿਲੀਜ਼ ਹੋਣ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ । ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਮੁਖੀ ਪਰਮਜੀਤ ਸਿੰਘ ਰਾਣਾ, ਮੈਂਬਰ ਰਵਿੰਦਰ ਸਿੰਘ ਖੁਰਾਣਾ, ਉਂਕਾਰ ਸਿੰਘ ਥਾਪਰ, ਹਰਦੇਵ ਸਿੰਘ ਧਨੋਆ ਆਦਿ ਦੀ ਅਗਵਾਈ ਵਿਚ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਅਤੇ ਪਾਰਟੀ ਵਰਕਰਾਂ ਨੇ ਪੱਛਮੀ ਦਿੱਲੀ ਦੇ ਮੂਵੀ ਟਾਈਮ ਸਿਨੇਮਾ ਘਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ।

ਹਾਲਾਂਕਿ ਸਿੱਖ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਇਤਰਾਜ਼ਾਂ ਦੇ ਮੱਦੇਨਜ਼ਰ ਉਕਤ ਸਿਨੇਮਾਘਰ ਵੱਲੋਂ ਫਿਲਮ ਦਾ ਪ੍ਰਦਰਸ਼ਨ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ ।ਇਸ ਲਈ ਪ੍ਰਦਰਸ਼ਨਕਾਰੀ ਟੈਗੋਰ ਗਾਰਡਨ ਦੇ ਪੈਸੀਫਿਕ ਮਾਲ ਵਿਖੇ ਸਥਿਤ ਪੀ.ਵੀ.ਆਰ. ਸਿਨੇਮਾ ‘ਚ ਫਿਲਮ ਰੁਕਵਾਉਣ ਲਈ ਪਹੁੰਚ ਗਏ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸੈਂਸਰ ਬੋਰਡ ਦੇ ਅਧਿਕਾਰੀਆਂ ਨੇ ਇਸੇ ਫਿਲਮ ਦੇ ਰਿਲੀਜ਼ ਦੇ ਵਿਰੋਧ ‘ਚ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ । ਦਿੱਲੀ ਦੇ ਡਿਪਟੀ ਕਮਿਸ਼ਨਰ ਪੁਸ਼ਪਿੰਦਰ ਕੁਮਾਰ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਫਿਲਮ ਨੂੰ ਪੱਛਮੀ ਦਿੱਲੀ ਦੇ ਕਿਸੇ ਸਿਨੇਮਾਘਰ ਵਿਚ ਚਲਾਉਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

ਕੈਥਲ, ਭਿਵਾਨੀ ਤੇ ਕਰਨਾਲ ‘ਚ ਫਿਲਮ ਦਾ ਕੋਈ ਸ਼ੋਅ ਨਹੀਂ ਚਲਿਆ:
ਇੰਡੀਅਨ ਨੈਸ਼ਨਲ ਲੋਕ ਦਲ ਅਤੇ ਸਿੱਖ ਜਥੇਬੰਦੀਆਂ ਦੇ ਜਬਰਦਸਤ ਵਿਰੋਧ ਦੇ ਬਾਵਜੂਦ ਸੌਦਾ ਸਾਧਦੀ ਫਿਲਮ ਅੱਜ ਇਥੇ ਰਿਲੀਜ਼ ਹੋ ਗਈ ਅਤੇ ਵਿਰੋਧ ਕਾਰਨ ਕੈਥਲ, ਭਿਵਾਨੀ ਤੇ ਕਰਨਾਲ ‘ਚ ਫਿਲਮ ਦਾ ਕੋਈ ਸ਼ੋਅ ਨਹੀਂ ਚੱਲਿਆ । ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਅਤੇ ਧਾਰਾ 144 ਦੇ ਲਾਗੂ ਹੋਣ ਦੇ ਬਾਵਜੂਦ ਇਨੈਲੋ ਅਤੇ ਸਿੱਖ ਜਥੇਬੰਦੀਆਂ ਨੇ ਫਿਲਮ ਨੂੰ ਰਿਲੀਜ਼ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ।

ਇਸ ਦੌਰਾਨ ਪੁਲਿਸ ਨੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਦਿਆਰਥੀ ਵਿੰਗ ਦੇ ਰਾਸ਼ਟਰੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਲਜੀਤ ਸਿੰਘ ਦਾਦੂਵਾਲ ਸਮੇਤ ਅਨੇਕ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿੰਨ੍ਹਾਂ ਨੂੰ ਬਾਅਦ ‘ਚ ਰਿਹਾਅ ਕਰ ਦਿੱਤਾ ਗਿਆ।

ਸਿਰਸਾ ਵਿੱਚ ਅੱਜ ਸਾਰਾ ਦਿਨ ਹੀ ਸਥਿਤੀ ਤਣਾਅਪੂਰਨ ਬਣੀ ਰਹੀ ਅਤੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਹਿਸਾਰ ਰੋਡ ਸਥਿਤ ਓਮ ਸਿਨੇ ਗਾਰਡਨ ਦੇ ਸਿਨੇਮਾਘਰ ਵਿੱਚ ਫਿਲਮ ਰਿਲੀਜ਼ ਹੋਈ ।

ਇਨਸੋ ਦੇ ਰਾਸ਼ਟਰੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਦੀ ਅਗਵਾਈ ਵਿੱਚ ਸੈਂਕੜੇ ਇਨੈਲੋ ਵਰਕਰ ਫਿਲਮ ਦੇ ਵਿਰੋਧ ਵਿੱਚ ਕਾਲੀਆਂ ਪੱਟੀਆਂ ਬੰਨ ਕੇ ਪ੍ਰਦਰਸ਼ਨ ਕਰਦੇ ਹੋਏ ਹਿਸਾਰ ਰੋਡ ਸਥਿਤ ਸਿਨੇਮਾਘਰ ਓਮ ਸਿਨੇ ਗਾਰਡਨ ਨੂੰ ਰਵਾਨਾ ਹੋਏ, ਤਾਂ ਪੁਲਿਸ ਨੇ ਉਨ੍ਹਾਂ ਨੂੰ ਬਾਜੇਕਾਂ ਮੋੜ ‘ਤੇ ਰੋਕ ਲਿਆ । ਜਿੱਥੇ ਉਨ੍ਹਾਂ ਰੋਸ ਪ੍ਰਦਰਸ਼ਨ ਕੀਤਾ ਅਤੇ ਬਾਅਦ ਵਿੱਚ ਪੁਲਿਸ ਨੇ ਦਿਗਵਿਜੈ ਸਿੰਘ ਚੌਟਾਲਾ ਸਮੇਤ ਸੈਂਕੜੇ ਇਨੈਲੋ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ।

ਪੁਲਿਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਫਿਲਮ ਦੇ ਵਿਰੋਧ ਵਿੱਚ ਪੰਥਕ ਸੇਵਾ ਲਹਿਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਲਜੀਤ ਸਿੰਘ ਦਾਦੂਵਾਲ ਆਪਣੇ ਸੈਂਕੜੇ ਹਮਾਇਤੀਆਂ ਨਾਲ ਓਮ ਸਿਨੇ ਗਾਰਡਨ ਵੱਲ ਰਵਾਨਾ ਹੋਏ । ਪੁਲਿਸ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਦਿੱਲੀ ਪੁਲ ‘ਤੇ ਹੀ ਰੋਕ ਲਿਆ ਅਤੇ ਪੁਲਿਸ ਨੇ ਸੰਤ ਦਾਦੂਵਾਲ ਸਮੇਤ ਕਈ ਸਿੱਖਾਂ ਨੂੰ ਹਿਰਾਸਤ ਵਿੱਚ ਲੈ ਲਿਆ ।ਇਸ ਮੌਕੇ ਸੰਤ ਦਾਦੂਵਾਲ ਨੇ ਕਿਹਾ ਕਿ ਜੇਕਰ ਫਿਲਮ ਨੂੰ ਲੈ ਕੇ ਹਲਾਤ ਖਰਾਬ ਹੁੰਦੇ ਹਨ, ਤਾਂ ਇਸ ਲਈ ਹਰਿਆਣਾ ਸਰਕਾਰ ਤੇ ਸਿਨੇਮਾ ਘਰ ਮਾਲਕ ਖੁਦ ਜਿੰਮੇਵਾਰ ਹੋਣਗੇ । ਦਿਗਵਿਜੈ ਸਿੰਘ ਚੌਟਾਲਾ ਨੇ ਕਿਹਾ ਕਿ ਫਿਲਮ ਦਾ ਵਿਰੋਧ ਜਾਰੀ ਰਹੇਗਾ । ਉਨ੍ਹਾਂ ਕਿਹਾ ਕਿ ਫਿਲਮ ਰਾਹੀਂ ਮਨੀ ਲਾਂਡਰਿੰਗ ਹੋ ਰਹੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,