May 20, 2018 | By ਸਿੱਖ ਸਿਆਸਤ ਬਿਊਰੋ
ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਭਾਰਤੀ ਉਪਮਹਾਂਦੀਪ ਦੇ ਧਾਰਮਿਕ ਸਥਾਨਾਂ ‘ਚ ਚੱਲਦੇ ਲੰਗਰ ‘ਤੇ ਜੀ.ਐਸ.ਟੀ ਟੈਕਸ ਵਸੂਲਣ ਨੂੰ ਲੈ ਕੇ ਕੇਂਦਰ ਨੂੰ ਆਪਣੀ ਜ਼ਿੱਦ ਛੱਡਣ ਅਤੇ ਲੰਗਰ ਨੂੰ ਜੀ. ਐਸ. ਟੀ. ਮੁਕਤ ਕਰਨ ਲਈ ਕਿਹਾ ਹੈ।
ਪ੍ਰੋ. ਬਡੂੰਗਰ ਨੇ ਕਿਹਾ ਕਿ ਲੰਗਰ ਤੋਂ ਜੀ.ਐਸ.ਟੀ ਹਟਾਉਣ ਨੂੰ ਲੈ ਕੇ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲਿਆ ਗਿਆ ਅਤੇ ਕੇਂਦਰ ਸਰਕਾਰ ਤੱਕ ਚਿੱਠੀ ਪੱਤਰਾਂ ਰਾਹੀਂ ਪਹੁੰਚ ਕੀਤੀ ਗਈ, ਪਰ ਕਦੇ ਵੀ ਜੀ.ਐਸ.ਟੀ. ਕੌਂਸਲ ਦੀ ਬੈਠਕ ‘ਚ ਲੰਗਰ ਨੂੰ ਟੈਕਸ ਮੁਕਤ ਕੀਤੇ ਜਾਣ ਨੂੰ ਲੈ ਕੇ ਨਜ਼ਰਸਾਨੀ ਨਹੀਂ ਕੀਤੀ, ਜਦਕਿ ਇਹ ਮਾਮਲਾ ਸੰਗਤਾਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਜਿਸ ਨੂੰ ਕੇਂਦਰ ਨੇ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ।
ਸਾਬਕਾ ਪ੍ਰਧਾਨ ਨੇ ਕਿਹਾ ਕਿ ਜਿਥੇ ਕੇਂਦਰ ਸਰਕਾਰ ਵੱਲੋਂ ਸੰਗਤਾਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ, ਉਥੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਭਲਾਈ ਕਾਰਜ ਵੀ ਪ੍ਰਭਾਵਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸ਼੍ਰੋਮਣੀ ਕਮੇਟੀ ਕੋਲੋਂ 3 ਕਰੋੜ ਤੋਂ ਵੱਧ ਦਾ ਟੈਕਸ ਵਸੂਲਿਆ ਜਾ ਚੁੱਕਿਆ ਹੈ, ਜਦਕਿ ਇਸੇ ਰਕਮ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਕੈਂਸਰ ਪੀੜਤਾਂ ਦੀ ਮਦਦ, ਹੜ੍ਹ ਅਤੇ ਭੂਚਾਲ ਮਾਰੂ ਖੇਤਰਾਂ ‘ਚ ਸਹਾਇਤਾ ਤੋਂ ਇਲਾਵਾ ਵੱਖ ਵੱਖ ਖੇਤਰਾਂ ‘ਚ ਭਲਾਈ ਕਾਰਜਾਂ ਨੂੰ ਨੇਪਰੇ ਚਾੜਿਆ ਜਾ ਸਕਦਾ ਸੀ।
ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਭਾਰਤੀ ਮੰਤਰੀ ਨਰਿੰਦਰ ਮੋਦੀ ‘ਮਨ ਕੀ ਬਾਤ’ ਰਾਹੀਂ ਆਪਣੀ ਗੱਲ ਤਾਂ ਲੋਕਾਂ ਵਿਚ ਰੱਖਦੇ ਹਨ, ਪ੍ਰੰਤੂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਧਾਰਮਕ ਸਥਾਨਾਂ ਤੋਂ ਜੀ.ਐਸ.ਟੀ ਵਸੂਲਣਾ ਮੰਦਭਾਗਾ ਅਤੇ ਮਾਰੂ ਫੈਸਲਾ ਹੈ, ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਵਾਪਸ ਲੈ ਲੈਣਾ ਚਾਹੀਦਾ।
Related Topics: Indian Politics, Indian Satae, Prof. Kirpal Singh Badunger, Punjab Politics, Shiromani Gurdwara Parbandhak Committee (SGPC)