ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਜਦੋਂ ਮੋਦੀ ਸਰਕਾਰ ਪੰਜਾਬ ਵਿਰੋਧੀ ਫੈਸਲੇ ਲੈਂਦੀ ਹੈ ਤਾਂ ਕਿਥੇ ਹੁੰਦੀ ਹੈ ਹਰਸਿਮਰਤ ਕੌਰ ਬਾਦਲ: ਬਲਜਿੰਦਰ ਕੌਰ

March 30, 2016 | By

ਚੰਡੀਗੜ: ਆਮ ਆਦਮੀ ਪਾਰਟੀ (ਆਪ) ਦੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਪਰ ਦੋਗਲੀ ਨੀਤੀ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਅਸਤੀਫੇ ਦੀ ਮੰਗ ਕੀਤੀ।

ਪ੍ਰੋ. ਬਲਜਿੰਦਰ ਕੌਰ

ਪ੍ਰੋ. ਬਲਜਿੰਦਰ ਕੌਰ

ਸੋਮਵਾਰ  ਨੂੰ ‘ਆਪ’ ਵਲੋਂ ਜਾਰੀ ਬਿਆਨ ਵਿਚ ਬਲਜਿੰਦਰ ਕੌਰ ਨੇ ਹਰਸਿਮਰਤ ਕੌਰ ਬਾਦਲ ਨੂੰ ਕਈ ਸਵਾਲ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਇਨ੍ਹਾਂ ਸਵਾਲਾਂ ਦਾ ਸਪਸ਼ਟ ਜਵਾਬ ਚਾਹੁੰਦੀ ਹੈ।

ਉਨ੍ਹਾਂ ਨੇ ਪੁਛਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣਗਾਨ ਕਰ ਰਹੀ ਹਰਸਿਮਰਤ ਕੌਰ ਬਾਦਲ ਨੇ ਉਦੋਂ ਜੁਬਾਨ ਕਿਉਂ ਨਹੀਂ ਖੋਲੀ ਜਦੋਂ ਨਰਿੰਦਰ ਮੋਦੀ ਸਰਕਾਰ ਨੇ ਪੰਜਾਬ ਦੇ ਹਿੱਤਾ ਦੇ ਖਿਲਾਫ ਜਾਂਦੇ ਹੋਏ ਸੁਪਰੀਮ ਕੋਰਟ ‘ਚ ਹਲਫੀਆ ਬਿਆਨ ਦਿੱਤਾ ਸੀ? ਇਹ ਵੀ ਪੁਛਿਆ ਕਿ ਨਰਿੰਦਰ ਮੋਦੀ ਸਰਕਾਰ ਵਲੋਂ ਪੰਜਾਬ ਦੇ ਵਿਰੁੱਧ ਉਠਾਏ ਗਏ ਕਦਮ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਕਿਉਂ ਨਹੀਂ ਦਿੱਤਾ।

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ਉਤੇ ਆਮ ਆਦਮੀ ਪਾਰਟੀ ਦੇ ਇਕ ਵਰਕਰ ਤੋਂ ਲੈ ਕੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਤੱਕ ਇਕ ਸਪਸ਼ਟ ਸਟੈਂਡ ਲਿਆ ਹੈ ਕਿ ਪੰਜਾਬ ਕੋਲ ਪਾਣੀ ਨਹੀਂ ਹੈ, ਇਸ ਲਈ ਆਮ ਆਦਮੀ ਪਾਰਟੀ ਐਸਵਾਈਐਲ ਦਾ ਡੱਟ ਕੇ ਵਿਰੋਧ ਕਰਦੀ ਹੈ। ਕੀ ਹਰਸਿਮਰਤ ਕੌਰ ਬਾਦਲ ਦੱਸਣਗੇ ਕਿ ਐਸਵਾਈਐਲ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅਤੇ ਹਰਿਆਣਾ ਵਿਧਾਨ  ਸਭਾ ‘ਚ ਅਕਾਲੀ ਦਲ ਦੇ ਵਿਧਾਇਕ ਦਾ ਸਟੈਂਡ ਕੀ ਹੈ? ਕੀ ਹਰਸਿਮਰਤ ਕੌਰ ਬਾਦਲ ਦੱਸਣਗੇ ਕਿ ਐਸਵਾਈਐਲ ਲਈ ਜਮੀਨ ਐਕਵਾਈਰ ਕਰਨ ਦੀ ਪ੍ਰਕ੍ਰਿਆ ਉਸਦੇ ਸੁਹਰੇ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਨਹੀਂ ਕੀਤੀ ਸੀ ਅਤੇ ਹਰਿਆਣਾ ਸਰਕਾਰ ਤੋਂ 1 ਕਰੋੜ ਰੁਪਏ ਨਹੀਂ ਲਏ ਸਨ?

ਕੀ ਹਰਸਿਮਰਤ ਕੌਰ ਬਾਦਲ ਪੰਜਾਬ ਦੇ ਕਿਸਾਨਾਂ ਨੂੰ ਦੱਸਣਗੇ ਕਿ ਜਦੋਂ ਨਰਿੰਦਰ ਮੋਦੀ ਸਰਕਾਰ ਨੇ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਨੂੰ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦੇ ਕੇ ਕੁੜੇਦਾਨ ਵਿਚ ਸੁੱਟ ਦਿੱਤਾ ਸੀ, ਤਾਂ ਵੀ ਉਹ ਮੰਤਰੀ ਦੇ ਅਹੁਦੇ ਨਾਲ ਕਿਉਂ ਚਿਪਕੇ ਹੋਏ ਹਨ?

ਕੀ ਹਰਸਿਮਰਤ ਕੌਰ ਬਾਦਲ ਸਪਸ਼ਟ ਕਰਨਗੇ ਕਿ ਆਮ ਆਦਮੀ ਪਾਰਟੀ ਵਲੋਂ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅਤੇ ਪਤਨੀ ਪਰਨੀਤ ਕੌਰ ਦੇ ਸਵਿਸ ਬੈਂਕ ਦੇ ਖਾਤਿਆਂ ਦੀ ਦਸਤਾਵੇਜੀ ਸਬੂਤਾਂ ਨਾਲ ਪੋਲ ਖੋਲ ਦਿੱਤੀ ਗਈ ਹੈ, ਤਾਂ ਵੀ ਪੂਰਾ ਬਾਦਲ ਪਰਿਵਾਰ ਇਸ ਮੁੱਦੇ ‘ਤੇ ਚੁੱਪ ਕਿਉਂ ਬੈਠਾ ਹੈ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,