December 11, 2023 | By ਸਿੱਖ ਸਿਆਸਤ ਬਿਊਰੋ
ਅਮਰੀਕਾ ਵੱਲੋਂ ਭਾਰਤ ਸਰਕਾਰ ਉੱਤੇ ਲਾਏ ਦੋਸ਼ਾਂ ਬਾਬਤ ਬੀਤੇ ਦਿਨੀਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਾਰੀ ਪ੍ਰੈਸ ਬਿਆਨ ਅਸੀ ਸਿੱਖ ਸਿਆਸਤ ਦੇ ਪਾਠਕਾਂ ਨਾਲ ਇੰਨ-ਬਿੰਨ ਸਾਂਝਾ ਕਰ ਰਹੇ ਹਾਂ-
ਪ੍ਰੈਸ ਬਿਆਨ
ਵਰਲਡ ਸਿੱਖ ਪਾਰਲੀਮੈਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, (ਕੋ-ਕੋਅਰਡੀਨੇਟਰ) , ਭਾਈ ਜੋਗਾ ਸਿੰਘ (ਮੁੱਖ ਬੁਲਾਰੇ), ਭਾਈ ਮਨਪ੍ਰੀਤ ਸਿੰਘ (ਜਨਰਲ ਸਕੱਤਰ), ਭਾਈ ਰਣਜੀਤ ਸਿੰਘ ਸਰਾਏ ਇੰਗਲੈਡ , ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਹਰਜੋਤ ਸਿੰਘ ਸੰਧੂ ਹਾਲੈਂਡ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਅਮਰੀਕੀ ਜਾਂਚ ਏਜੰਸੀ ਐਫ ਬੀ ਆਈ ਵੱਲੋਂ ਭਾਰਤੀ ਏਜੰਟਾਂ ਉਤੇ ਲਾਏ ਗਏ ਵਿਸਤ੍ਰਿਤ ਦੋਸ਼ਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਇਹ ਦੋਸ਼ ਅਮਰੀਕਾ ਅਤੇ ਭਾਰਤ ਵਿੱਚ ਭਾਰਤੀ ਏਜੰਟਾ ਵੱਲੋਂ ਕੀਤੀਆਂ ਜਾ ਰਹੀਆਂ ਅਪਰਾਧਿਕ ਗਤੀਵਿਧੀਆਂ ਦੇ ਇੱਕ ਨਮੂਨੇ ਨੂੰ ਦਰਸਾਉਂਦੀ ਹੈ।
ਅਮਰੀਕੀ ਜਾਂਚ ਏਜੰਸੀਆਂ ਐਫ ਬੀ ਆਈ ਅਤੇ ਸੀ ਆਈ ਏ ਨੇ ਮੋਦੀ ਸਰਕਾਰ ਨੂੰ ਸਖ਼ਤ ਚੇਤਾਵਨੀਆਂ ਜਾਰੀ ਕੀਤੀਆਂ ਹਨ ਅਤੇ ਅਮਰੀਕਾ ਦੀ ਸਰਕਾਰ ਨੇ ਨਾਰਥ ਅਮਰੀਕਾ ਵਿੱਚ ਭਾਰਤੀ ਖੁਫੀਆਂ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਬਾਹਰ ਕੱਢਿਆ ਹੈ। ਫਾਈਵ ਆਈਜ਼ ਅਲਾਇੰਸ ਦੀ ਇੰਟੈਲੀਜੈਸ ‘ਤੇ ਆਧਾਰਿਤ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਕੁਝ ਸਮਾਂ ਪਹਿਲਾਂ ਭਾਈ ਹਰਦੀਪ ਸਿੰਘ ਨਿੱਝਰ ਨੂੰ ਭਾਰਤ ਸਰਕਾਰ ਵੱਲੋਂ ਕਤਲ ਕਰਨ ਦੇ ਇਲਜ਼ਾਮ ਲਗਾਏ ਗਏ ਸਨ, ਉਹਨਾਂ ਨੇ ਮੋਦੀ ਸਰਕਾਰ ਨੂੰ ਵਿਸ਼ਵ ਪੱਧਰ ‘ਤੇ ਜ਼ਲੀਲ ਕੀਤਾ ਹੈ।
ਭਾਰਤ ਸਰਕਾਰ ਸਿੱਖਾਂ ਦੀ ਸਵੈ ਅਜ਼ਾਦੀ ਦੀ ਮੰਗ ਅੱਤਵਾਦ ਦੇ ਰੂਪ ਵਿੱਚ ਪੇਸ਼ ਕਰਦੀ ਹੈ ਪਰ ਹੁਣ ਜੱਗ ਜ਼ਹਰ ਹੋ ਗਿਆ ਹੈ ਭਾਰਤ ਸਰਕਾਰ ਦੀਆਂ ਆਪਣੀਆਂ ਗਤੀਵਿਧੀਆਂ ਹੀ ਗੈਰ ਕਾਨੂੰਨੀ ਹਨ ਅਤੇ ਉਹਨਾਂ ਦੇ ਏਜੰਟ ਸਿੱਖਾਂ ਉਤੇ ਅੱਤਵਾਦੀ ਕਾਰਵਾਈਆਂ ਕਰ ਰਹੇ ਹਨ ।
ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੀ ਉਲੰਘਣਾਵਾਂ ਦੀ ਚਿੰਤਾਜਨਕ ਸਥਿਤੀ ਅਤੇ ਅੰਤਰ-ਰਾਸ਼ਟਰੀ ਜਬਰ ਵੱਲ ਧਿਆਨ ਦੇਣ ਦੀ ਅਪੀਲ ਕੀਤੀ । ਸਿੱਖਾਂ ਵੱਲੋਂ ਆਪਣੇ ਸਵੈ-ਨਿਰਣੇ ਦੇ ਹੱਕ ਲਈ ਜੋ ਸੰਘਰਸ਼ ਕੀਤਾ ਜਾ ਰਿਹਾ ਹੈ ਉਹ ਅੰਤਰਰਾਸ਼ਟਰੀ ਕਾਨੂੰਨ ਅਨੁਸਾਰੀ ਹੈ ਪਰ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਜਾਇਜ਼ ਹੱਕਾਂ ਦੀ ਅਵਾਜ਼ ਨੂੰ ਦਬਾਉਣ ਲਈ ਸਿੱਖਾਂ ਦੀ ਨਸਲਕੁਸ਼ੀ ਅਤੇ ਸਮੂਹਿਕ ਕਤਲੇਆਮ ਕੀਤੇ ਗਏ ਹਨ, ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਹਨ ਅਤੇ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਵੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਰਿਹਾ ਨਹੀ ਕੀਤਾ ਜਾ ਰਿਹਾ।
ਵਰਲਡ ਸਿੱਖ ਪਾਰਲੀਮੈਂਟ ਦੇ ਆਗੂਆਂ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਪੂਰੀ ਦੁਨੀਆਂ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮਨਾ ਰਹੀ ਹੈ। ਇਸ ਮੌਕੇ ਤੇ ਸਾਡੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਭਾਰਤ ਦੀਆਂ ਗੈਰ ਕਾਨੂੰਨੀ ਅਤੇ ਅੱਤਵਾਦੀ ਕਾਰਵਾਈਆਂ ਦੀ ਨਿੰਦਾ ਕਰਨ ਅਤੇ ਭਾਰਤੀ ਲੀਡਰਾਂ ਨੂੰ ਸਿੱਖਾਂ ਖਿਲਾਫ ਜਬਰ ਕਰਨ ਲਈ ਜਵਾਬਦੇਹ ਠਹਿਰਾਉਣ। ਵਰਲਡ ਸਿੱਖ ਪਾਰਲੀਮੈਂਟ ਬੋਲਣ ਦੀ ਅਜ਼ਾਦੀ ਅਤੇ ਜਮਹੂਰੀ ਰਾਜਨੀਤਿਕ ਸਰਗਰਮੀ ਦੇ ਵਿਸ਼ਵਵਿਆਪੀ ਮੁੱਲਾਂ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੀ ਹੋਏ, ਮੋਦੀ ਅਤੇ ਨਿਊਯਾਰਕ ਸਾਜ਼ਿਸ਼ ਵਿੱਚ ਸ਼ਾਮਲ ਭਾਰਤ ਦੇ ਲੀਡਰਾਂ ਅਤੇ ਅਧਿਕਾਰੀਆਂ ਖਿਲਾਫ ਅੰਤਰਰਾਸ਼ਟਰੀ ਤੌਰ ਤੇ ਪਾਬੰਦੀਆਂ ਲਾਉਣ ਦੀ ਮੰਗ ਕਰਦੀ ਹੈ।
ਵਰਲਡ ਸਿੱਖ ਪਾਰਲੀਮੈਂਟ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖਾਂ ਨੂੰ ਵੀ ਬੇਨਤੀ ਕਰਦੇ ਹੈ ਕਿ ਉਹ ਭਾਰਤ ਸਰਕਾਰ ਦੇ ਸਿੱਖਾਂ ਖਿਲਾਫ ਸਿਰਜੇ ਜਾ ਰਹੇ ਝੂਠੇ ਬਿਰਤਾਂਤ ਦਾ ਡਟ ਕੇ ਮੁਕਾਬਲਾ ਕਰਨ। ਸਿੱਖਾਂ ਦੇ ਕਤਲਾਂ ਲਈ ਭਾਰਤ ਸਰਕਾਰ ਨੂੰ ਜਵਾਬਦੇਹ ਬਨਾਉਣ ਲਈ ਆਪੋ ਆਪਣੇ ਮੁਲਕਾ ਦੀਆਂ ਸਰਕਾਰਾਂ ਨੂੰ ਜਾਣਕਾਰੀ ਦੇਣ । ਇਹ ਮੌਕਾ ਸਮੁੱਚੀ ਸਿੱਖ ਕੌਮ ਲਈ ਇਕੱਠੇ ਹੋਕੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤਾਂ ਅਨੁਸਾਰ ਸੱਚ ਤੇ ਹੱਕ ਦੀ ਅਵਾਜ਼ ਬੁਲੰਦ ਕਰਨ ਅਤੇ ਜ਼ੁਲਮ ਦਾ ਟਾਕਰਾ ਕਰਨ ਦਾ ਹੈ। ਇਸਲਈ ਆਓ ਇਕਮੁੱਠ ਹੋਕੇ ਸਿੱਖੀ ਦੇ ਦੁਸਮਣਾਂ ਨੂੰ ਪਿਛਾੜੀਏ ਅਤੇ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਕਾਇਮੀ ਵੱਲ ਦ੍ਰਿੜ ਕਦਮ ਉਠਾਈਏ ।
Related Topics: Bhai Hardeep Singh Nijjar, Gurpatwant Singh Pannun, Indian Government, Justin Trudeau, Narendra Modi, World Sikh Parliament