April 29, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਪੰਜਾਬ ਵਿਚ ਖਰਾਬ ਹੁੰਦੇ ਜਾ ਰਹੇ ਪੋਣ ਪਾਣੀ ਦਾ ਇਕ ਹੋਰ ਖਤਰਨਾਕ ਸੰਕੇਤ ਅੱਜ ਉਦੋਂ ਸਾਹਮਣੇ ਆਇਆ ਜਦੋਂ ਅੰਮ੍ਰਿਤਸਰ ਦੇ ਤੁੰਗ ਢਾਬ ਨਾਲੇ ਨੂੰ ਸਾਫ ਕਰਨ ਦਾ ਜ਼ਿੰਮਾ ਲੈਣ ਵਾਲੀ ਸੰਸਥਾ ਨੈਸ਼ਨਲ ਇੰਨਵਾਇਰਨਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਨੇ ਇਸ ਕਾਰਨ ਹੱਥ ਖੜੇ ਕਰ ਦਿੱਤੇ ਕਿਉਂਕਿ ਨਾਲੇ ਵਿਚ ਵਹਿੰਦੇ ਪਾਣੀ ਵਿਚ ਪ੍ਰਦੂਸ਼ਿਤ ਤੱਤਾਂ ਦੀ ਮਾਤਰਾ ਖਤਰਨਾਕ ਪੱਧਰ ਤੋਂ ਵੀ ਬਹੁਤ ਜ਼ਿਆਦਾ ਪਾਈ ਗਈ।
ਬੀਤੇ ਕਲ੍ਹ ਇਸ ਸਬੰਧੀ ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧ ਨੇ ਪਾਣੀ ਵਿਚ ਪਾਏ ਗਏ ਪ੍ਰਦੂਸ਼ਿਤ ਤੱਤਾਂ ਦੀ ਇਸ ਖਤਰਨਾਕ ਮਾਤਰਾ ‘ਤੇ ਹੈਰਾਨੀ ਪ੍ਰਗਟ ਕਰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜੀਨੀਅਰਾਂ ਨੂੰ ਪ੍ਰੋਜੈਕਟ ਲਈ ਝੂਠੇ ਤੱਥ ਦੇਣ ਦਾ ਦੋਸ਼ੀ ਦੱਸਿਆ।
ਸਿੱਧੂ ਨੇ ਕਿਹਾ ਕਿ ਨੀਰੀ ਵਲੋਂ ਨਾਲੇ ਦੀ ਸਫਾਈ ਲਈ ਸਾਰਾ ਪ੍ਰੋਜੈਕਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦਿੱਤੇ ਗਏ ਤੱਥਾਂ ਦੇ ਅਧਾਰ ‘ਤੇ ਹੀ ਬਣਾਇਆ ਗਿਆ ਸੀ। ਪਰ ਜਦੋਂ ਨੀਰੀ ਦੇ ਅਧਿਕਾਰੀਆਂ ਨੇ ਪ੍ਰੋਜੈਕਟ ‘ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਪ੍ਰਦੂਸ਼ਿਤ ਤੱਤਾਂ ਦੀ ਮਾਤਰਾ ਨਾਲ ਉਹ ਵੀ ਹੈਰਾਨ ਰਹਿ ਗਏ। ਆਈ.ਆਈ.ਟੀ ਦਿੱਲੀ ਦੀ ਟੀਮ ਵਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਤਿੰਨ ਖਾਸ ਕਿਸਮ ਦੇ ਪ੍ਰਦੂਸ਼ਿਤ ਤੱਤਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹਨਾਂ ਦੀ ਮਾਤਰਾ ਖਤਰਨਾਕ ਪੱਧਰ ਤੋਂ ਵੀ ਬਹੁਤ ਜ਼ਿਆਦਾ ਪਾਈ ਗਈ।
ਰਿਪੋਰਟ ਅਨੁਸਾਰ ਜਿੱਥੇ ਬਾਇਓਲੋਜੀਕਲ ਆਕਸੀਜਨ ਡਿਮਾਂਡ ਡੀ ਮਾਤਰਾ 30 ਤੋਂ ਗੱਟ ਹੋਣੀ ਚਾਹੀਦੀ ਸੀ, ਉਹ 400 ਤੋਂ ਵੱਧ ਪਾਈ ਗਈ। ਇਸੇ ਤਰ੍ਹਾਂ ਕੈਮੀਕਲ ਆਕਸੀਜਨ ਡਿਮਾਂਡ ਦੀ ਮਾਤਰਾ ਜਿੱਥੇ 250 ਤੋਂ ਘੱਟ ਹੋਣੀ ਚਾਹੀਦੀ ਸੀ ਉਹ 614 ਅਤੇ 1346 ਦਰਮਿਆਨ ਪਾਈ ਗਈ। ਟੋਟਲ ਸਸਪੈਂਡਿਡ ਸੋਲਿਡਸ ਦੀ ਮਾਤਰਾ ਜਿੱਥੇ 100 ਤੋਂ ਘੱਟ ਹੋਣੀ ਚਾਹੀਦੀ ਸੀ ਉਹ 750 ਅਤੇ 1450 ਦੇ ਦਰਮਿਆਨ ਪਾਈ ਗਈ।
ਰਿਪੋਰਟ ਵਿਚ ਸਾਫ ਤੌਰ ‘ਤੇ ਇਸ ਪ੍ਰਦੂਸ਼ਣ ਲਈ ਕਾਰਖਾਨਿਆਂ ਦੇ ਪ੍ਰਦੂਸ਼ਣ ਨੂੰ ਜਿੰਮੇਵਾਰ ਦੱਸਿਆ ਗਿਆ। ਸਿੱਧੂ ਨੇ ਕਿਹਾ ਕਿ ਇਸ ਪ੍ਰਦੂਸ਼ਣ ਨਾਲ ਜੋ ਨੁਕਸਾਨ ਜ਼ਮੀਨ ਹੇਠਲੇ ਪਾਣੀ ਦਾ ਹੋਇਆ ਹੈ ਉਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ।
ਜਿਕਰਯੋਗ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਤੁੰਗ ਢਾਬ ਨਾਲੇ ਦੇ 11 ਕਿਮੀ ਇਲਾਕੇ ਦਾ ਸੁੰਦਰੀਕਰਨ ਕੀਤਾ ਜਾਣਾ ਸੀ ਜਿਸ ਲਈ ਸੂਬਾ ਸਰਕਾਰ ਵਲੋਂ 6.8 ਕਰੋੜ ਰੁਪਏ ਦਾ ਫੰਡ ਵੀ ਪਾਸ ਕੀਤਾ ਜਾ ਚੁੱਕਾ ਹੈ।
Related Topics: navjot singh sidhu, NEERI, Punjab Government, Punjab Water Pollutions