ਸਿਆਸੀ ਖਬਰਾਂ

ਆਰਐਸਐਸ ਆਗੂ ਗੋਸਾਈਂ ਨੂੰ ‘ਸ਼ਰਧਾਂਜਲੀ’ ਦੇਣ ਪੁੱਜੇ ਰਵਨੀਤ ਬਿੱਟੂ, ਵਿਜੈ ਸਾਂਪਲਾ, ਲਕਸ਼ਮੀ ਕਾਂਤ ਚਾਵਲਾ

October 28, 2017 | By

ਚੰਡੀਗੜ੍ਹ: ਲੁਧਿਆਣਾ ਦੀ ਗਗਨਦੀਪ ਕਲੋਨੀ ਵਿੱਚ 17 ਅਕਤੂਬਰ ਨੂੰ ਕਤਲ ਕੀਤੇ ਆਰਐਸਐਸ ਆਗੂ ਰਵਿੰਦਰ ਗੋਸਾਈਂ ਦਾ ਸ਼ਰਧਾਂਜਲੀ ਸਮਾਗਮ ਬੀਤੇ ਕੱਲ੍ਹ (27 ਅਕਤੂਬਰ, 2017) ਐਸ.ਏ.ਐਨ. ਜੈਨ ਸਕੂਲ ਦੇ ਲੋਕ ਪਦਮਾਵਤੀ ਹਾਲ ਵਿੱਚ ਹੋਇਆ। ਇਸ ਦੌਰਾਨ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ਼ਰਧਾਂਜਲੀ ਸਮਾਗਮ ਵਿੱਚ ਭਾਜਪਾ ਦੇ ਪੰਜਾਬ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਲੋਕ ਸਭਾ ਮੈਂਬਰ ਰਵਨੀਤ ਬਿੱਟੂ, ਪੰਜਾਬ ਆਰਐਸਐਸ ਮੁਖੀ ਬ੍ਰਿਜ ਭੂਸ਼ਨ ਸਿੰਘ ਬੇਦੀ, ਵਿਧਾਇਕ ਸੰਜੇ ਤਲਵਾੜ ਦੇ ਨਾਲ ਨਾਲ ਆਰਐਸਐਸ ਦੇ ਲੁਧਿਆਣਾ ਤੇ ਪੰਜਾਬ ਦੇ ਆਗੂ ਪੁੱਜੇ ਹੋਏ ਸਨ।

Bhog RSS Worker Ravinder Gosain

ਰਵਿੰਦਰ ਗੋਸਾਈਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ ਸਿਆਸੀ ਆਗੂ

ਇਸ ਦੌਰਾਨ ਸੁਰੱਖਿਆ ਦੀ ਜ਼ਿੰਮੇਵਾਰੀ ਏਡੀਸੀਪੀ-1 ਰਤਨ ਸਿੰਘ ਬਰਾੜ, ਏਸੀਪੀ ਸੈਂਟਰਲ ਮਨਦੀਪ ਸਿੰਘ, ਏਸੀਪੀ (ਉਤਰੀ) ਡਾ. ਸਚਿਨ ਗੁਪਤਾ ਨੇ ਨਿਭਾਈ। ਇਸ ਦੌਰਾਨ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਸਾਬਕਾ ਸਥਾਨਕ ਮੰਤਰੀ ਅਨਿਲ ਜੋਸ਼ੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ ਵੀ ਸ਼ਰਧਾਂਜਲੀ ਦੇਣ ਪੁੱਜੇ ਹੋਏ ਸੀ। ਇਸ ਮੌਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਰਕਾਰ ਵੱਲੋਂ ਐਲਾਨੀ ਆਰਥਿਕ ਮੱਦਦ ਵਜੋਂ ਪੰਜ ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਦਿੱਤਾ ਤੇ ਨਾਲ ਹੀ ਪਰਿਵਾਰ ਨੂੰ ਦੱਸਿਆ ਕਿ ਗੋਸਾਈਂ ਦੇ ਬੇਟੇ ਨੂੰ ਨੌਕਰੀ ਦੇਣ ਦੀ ਫਾਈਲ ਸਰਕਾਰ ਨੇ ਗ੍ਰਹਿ ਵਿਭਾਗ ਨੂੰ ਭੇਜ ਦਿੱਤੀ ਹੈ ਤੇ ਛੇਤੀ ਹੀ ਨੌਕਰੀ ਵੀ ਦੇ ਦਿੱਤੀ ਜਾਵੇਗੀ।

ਸ਼ਰਧਾਂਜਲੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਆਪਣਾ ਪੁਰਾਣਾ ਰਾਗ ਅਲਾਪਦਿਆਂ ਦੋਸ਼ ਲਾਇਆ ਕਿ ਇਸ ਕਤਲ ਪਿੱਛੇ ਪਾਕਿਸਤਾਨ, ਕੈਨੇਡਾ ‘ਚ ਰਹਿੰਦੇ ਖ਼ਾਲਿਸਤਾਨੀਆਂ ਦਾ ਹੱਥ ਹੈ।

ਇਸ ਮੌਕੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਦੋਸ਼ ਲਾਇਆ ਕਿ ਆਰਐਸਐਸ ਆਗੂਆਂ ਦੇ ਕਤਲ ਅਤੇ ਆਰਐਸਐਸ ਸ਼ਾਖਾਵਾਂ ’ਤੇ ਹੋਏ ਹਮਲਿਆਂ ਪਿੱਛੇ ਪੁਲਿਸ ਦੀ ਜਾਂਚ ਵਿੱਚ ਕਮੀ ਹੈ। ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਆਪਣੇ ਹੀ ਅੰਦਾਜ਼ ‘ਚ ਕਿਹਾ ਕਿ ਪੰਜਾਬ ਵਿੱਚ “ਅਤਿਵਾਦ” ਖ਼ਤਮ ਨਹੀਂ ਹੋਇਆ ਸੀ, ਪਰ ਉਹ ਦਬਾਇਆ ਹੋਇਆ ਸੀ। ਹੁਣ ਜਾਪਦਾ ਹੈ ਕਿ ਇਹ “ਅਤਿਵਾਦ” ਪੰਜਾਬ ਵਿੱਚ ਦੁਬਾਰਾ ਉਠਣ ਲੱਗਿਆ ਹੈ।

ਸਬੰਧਤ ਖ਼ਬਰ:

ਮੋਟਰਸਾਈਕਲ ਸਵਾਰਾਂ ਵਲੋਂ ਲੁਧਿਆਣਾ ‘ਚ ਆਰਐਸਐਸ ਆਗੂ ਰਵਿੰਦਰ (58) ਦਾ ਅੱਜ ਸਵੇਰੇ ਗੋਲੀਆਂ ਮਾਰ ਕੇ ਕਤਲ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,