February 21, 2024 | By ਸਿੱਖ ਸਿਆਸਤ ਬਿਊਰੋ
ਖਨੌਰੀ/ਸ਼ੰਭੂ: ਖਨੌਰੀ ਬਾਰਡਰ ਉੱਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਇਕ ਨੌਜਵਾਨ ਦੇ ਗੰਭੀਰ ਜਖਮੀ ਹੋਣ ਦੀ ਪੁਸ਼ਟੀ ਪਰਤੱਖਦਰਸ਼ੀਆਂ ਨੇ ਸਿੱਖ ਸਿਆਸਤ ਨਾਲ ਫੋਨ ਉੱਤੇ ਸਾਂਝੀ ਕੀਤੀ ਹੈ। ਜਖਮੀ ਨੌਜਵਾਨ ਨੂੰ ਐਂਬੂਲੈਂਸ ਵਿੱਚ ਪਾ ਕੇ ਮੌਕੇ ਉੱਤੋਂ ਇਲਾਜ ਵਾਸਤੇ ਹਸਪਤਾਲ ਵੱਲ ਲਿਜਾਇਆ ਗਿਆ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਉਸ ਨੌਜਵਾਨ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਲੱਗ ਰਹੀ ਸੀ। ਅਜੇ ਇਸ ਤੋਂ ਵਧੀਕ ਪੁਸ਼ਟੀ ਨਹੀਂ ਹੋ ਸਕੀ।
ਸਿੱਖ ਸਿਆਸਤ ਨੂੰ ਮਿਲੀ ਜਾਣਕਾਰੀ ਅਨੁਸਾਰ ਇਕ ਹੋਰ ਕਿਸਾਨ ਦਾ ਗੋਲੀ ਨਾਲ ਪੱਟ ਪਾਟ ਗਿਆ ਅਤੇ ਇਕ ਹੋਰ ਦੇ ਗੋਡੇ ਕੋਲ ਗੋਲੀ ਲੱਗੀ ਹੈ।
ਕਿਸਾਨ ਆਗੂਆਂ ਨੇ ਸ਼ੰਭੂ ਬੈਰੀਅਰ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਇੱਕ ਨੌਜਵਾਨ ਦੀ ਮੌਤ ਹੋਣ ਦੀ ਜੋ ਖਬਰ ਆ ਰਹੀ ਹੈ ਉਸ ਬਾਰੇ ਉਹ ਪਤਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਵੱਧ ਜਾਣਕਾਰੀ ਉਹ ਪੁਸ਼ਟੀ ਹੋਣ ਉੱਤੇ ਹੀ ਦੇ ਸਕਣਗੇ।
ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਪ੍ਰਤੱਖ ਦਰਸ਼ੀਆਂ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਅਨੁਸਾਰ ਨਾਕਿਆਂ ਉੱਤੇ ਤਾਇਨਾਤ ਫੋਰਸਾਂ ਵੱਲੋਂ ਕਥਿਤ ਤੌਰ ਨੌਜਵਾਨਾਂ ਵੱਲ ਇਸ਼ਾਰੇ ਕਰਕੇ ਕੀਤੇ ਜਾ ਰਹੇ ਹਨ ਜਿਸ ਤੋਂ ਬਾਅਦ ਜਦੋਂ ਨੌਜਵਾਨ ਨਾਕਿਆਂ ਵੱਲ ਨੂੰ ਵਧਣ ਦਾ ਯਤਨ ਕਰਦੇ ਹਨ ਤਾਂ ਉਨਾਂ ਉੱਤੇ ਗੋਲਾਬਾਰੀ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਇੱਥੇ ਇਹ ਦੱਸ ਦਈਏ ਕਿ ਖਨੌਰੀ ਅਤੇ ਸ਼ੰਬੂ ਬੈਰੀਅਰਾਂ ਉੱਤੇ ਹਰਿਆਣਾ ਪੁਲਿਸ ਵੱਲ ਅਤੇ ਕੇਂਦਰੀ ਨੀਮ-ਫੌਜੀ ਦਸਤਿਆਂ ਵੱਲੋਂ ਪੱਕੇ ਬੈਰੀਕੇਟ ਲਗਾ ਕੇ ਮੋਰਚਾ ਬੰਦੀ ਕੀਤੀ ਹੋਈ ਹੈ ਅਤੇ ਕਿਸਾਨਾਂ ਉੱਪਰ ਡਰੋਨਾਂ ਨਾਲ ਅਤੇ ਗੋਲੇ ਦਾਗਣ ਵਾਲੀਆਂ ਬੰਦੂਕਾਂ ਨਾਲ ਗੋਲਾਬਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਫੋਰਸਾਂ ਵੱਲੋਂ ਕਿਸਾਨਾਂ ਉੱਪਰ ਸਿੱਧੀਆਂ ਗੋਲੀਆਂ ਵੀ ਚਲਾਏ ਜਾਣ ਦੀ ਪੁਸ਼ਟੀ ਪ੍ਰਤੱਖ ਦਰਸ਼ੀਆਂ ਨੇ ਕੀਤੀ ਹੈ।
Related Topics: Farmers Protest 2024, Firing in Khanauri border