ਖਾਸ ਖਬਰਾਂ » ਲੇਖ

ਖੂਨੀ ਐਤਵਾਰ 2019: ਜਾਮੀਆ ਯੂਨੀਵਰਸਿਟੀ ਵਿੱਚ ਪੁਲਿਸ ਵੱਧ ਨੁਕਸਾਨ ਕਰ ਕੇ ਦਹਿਸ਼ਤ ਪਾਉਣਾ ਚਾਹੁੰਦੀ ਸੀ: ਪੀ.ਯੂ.ਡੀ.ਆਰ. ਦਾ ਤੱਥ ਲੇਖ

December 27, 2019 | By

ਚੰਡੀਗੜ: ਮਨੁੱਖੀ ਹੱਕਾਂ ਲਈ ਕੰਮ ਕਰਨ ਵਾਲੀ ਨਾਮਵਰ ਜਥੇਬੰਦੀ ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ (ਪੀ. ਯੂ.ਡੀ.ਆਰ) ਵੱਲੋਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਖੇ ਦਿੱਲੀ ਪੁਲਿਸ ਵੱਲੋਂ 13 ਅਤੇ 15 ਦਸੰਬਰ ਨੂੰ ਵਿਦਿਆਰਥੀਆਂ ਖਿਲਾਫ ਕੀਤੀ ਗਈ ਕਾਰਵਾਈ ਬਾਰੇ ਇੱਕ ਖਾਸ ਜਾਂਚ ਲੇਖਾ ਪੇਸ਼ ਕੀਤਾ ਗਿਆ ਹੈ।

ਲੰਘੇ ਦਿਨ (26 ਦਸੰਬਰ ਨੂੰ) ਦਿੱਲੀ ਵਿਖੇ ਜਾਰੀ ਕੀਤੇ ਗਏ ਇਸ ਲੇਖੇ ਵਿੱਚ ਉਕਤ ਸੰਸਥਾ ਵੱਲੋਂ ਚਾਰ ਦਿਨਾਂ ਦੌਰਾਨ (16 ਤੋਂ 19 ਦਸੰਬਰ ਤੱਕ) ਕੀਤੀ ਗਈ ਜਾਂਚ-ਪੜਤਾਲ ਦੇ ਵੇਰਵੇ ਸਾਂਝੇ ਕੀਤੇ ਗਏ ਹਨ।

ਸੰਸਥਾ ਵੱਲੋਂ ਜਾਰੀ ਕੀਤੇ ਗਏ ਇੱਕ ਲਿਖਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਵਿੱਚ ਕਿਹਾ ਗਿਆ ਹੈ ਕਿ “ਇਹ ਲੇਖਾ ਸਾਡੀ ਜਾਂਚ ਦੇ ਉੱਤੇ ਆਧਾਰਿਤ ਹੈ ਅਤੇ ਇਸ ਰਾਹੀਂ ਪੁਲਿਸ ਵੱਲੋਂ ਫੈਲਾਈ ਗਈ ਦਹਿਸ਼ਤ ਅਤੇ ਕੀਤੀ ਗਈ ਗੈਰ ਕਾਨੂੰਨੀ ਹਨੇਰਗਰਦੀ ਦੀ ਤਸਵੀਰ ਉੱਭਰ ਕੇ ਸਾਹਮਣੇ ਆਉਂਦੀ ਹੈ”।

ਪੀ.ਯੂ.ਡੀ.ਆਰ ਦਾ ਕਹਿਣਾ ਹੈ ਕਿ ਇਸ ਲੇਖੇ ਨੂੰ ਤਿਆਰ ਕਰਨ ਲਈ ਉਨ੍ਹਾਂ ਵੱਲੋਂ ਕਈ ਵਿਦਿਆਰਥੀਆਂ, ਅਧਿਆਪਕਾਂ, ਗੈਰ ਅਧਿਆਪਕ ਅਮਲੇ, ਡਾਕਟਰਾਂ, ਜਖਮੀ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ, ਸਥਾਨਕ ਵਸਨੀਕਾਂ ਅਤੇ ਹੋਰ ਅਹਿਮ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ ਕੀਤੀ ਗਈ।

ਜਾਂਚ ਦਲ ਨੇ ਯੂਨੀਵਰਸਿਟੀ ਵਿੱਚ ਹੋਈ ਤਬਾਹੀ ਦੇ ਨਿਸ਼ਾਨ ਵੇਖੇ ਜਿਸ ਵਿੱਚ ਕੇ ਟੁੱਟੇ ਹੋਏ ਤਾਲੇ, ਅੱਥਰੂ ਗੈਸ ਦੇ ਚੱਲੇ ਹੋਏ ਗੋਲਿਆਂ ਦੇ ਖਾਲੀ ਖੋਲ, ਟੁੱਟੀਆਂ ਹੋਈਆਂ ਖਿੜਕੀਆਂ, ਟੁੱਟੇ ਹੋਏ ਕੁਰਸੀਆਂ-ਮੇਜ ਅਤੇ ਜਮੀਨ ਉੱਤੇ ਡੁੱਲ੍ਹਿਆ ਲਹੂ ਆਦਿ ਸ਼ਾਮਲ ਹਨ।

ਇਸ ਲੇਖੇ ਮੁਤਾਬਕ ਡਾਕਟਰਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਕੁਝ ਜਖਮੀਆਂ ਦੇ ਗੋਲੀਆਂ ਵੱਜੀਆਂ ਹਨ।

ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਤਕਰੀਬਨ 400 ਅੱਥਰੂ ਗੈਸ ਦੇ ਗੋਲੇ ਚਲਾਏ ਗਏ ਸਨ ਅਤੇ ਜਖਮੀਆਂ ਨੂੰ ਮੁੱਖ ਰੂਪ ਵਿੱਚ ਸਿਰ ਅਤੇ ਚਿਹਰੇ ਉੱਤੇ ਸੱਟਾਂ ਲੱਗੀਆਂ ਹਨ, ਜਿਸ ਤੋਂ ਇਹ ਮਨਸ਼ਾ ਜਾਹਿਰ ਹੁੰਦੀ ਹੈ ਕਿ ਪੁਲਿਸ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣਾ ਚਾਹੁੰਦੀ ਸੀ। ਲੇਖੇ ਵਿੱਚ ਪੁਲੀਸ ਵੱਲੋਂ ਕੀਤੀ ਕਾਰਵਾਈ ਨੂੰ ਗੈਰ-ਵਾਜਿਬ ਅਤੇ ਕਾਨੂੰਨ ਤੋਂ ਬਾਹਰੀ ਠਹਿਰਾਇਆ ਗਿਆ ਹੈ।

ਲੇਖੇ ਵਿੱਚ ਪੁਲੀਸ ਵੱਲੋਂ ਤਾਲੇ ਤੋੜਨ, ਅਦਾਰੇ ਦੇ ਸੁਰੱਖਿਆ ਕਰਮੀਆਂ ਉੱਤੇ ਹਮਲਾ ਕਰਨ, ਨਿਗਰਾਨੀ ਕੈਮਰਾ ਭੰਨਣ, ਬੇਕਿਰਕੀ ਨਾਲ ਡਾਂਗਾਂ ਵਰ੍ਹਾਉਣ, ਅੱਥਰੂ ਗੈਸ ਦੇ ਗੋਲੇ ਛੱਡਣ, ਕੁੱਟਮਾਰ ਕਰਨ, ਵਿਦਿਆਰਥੀਆਂ ਨੂੰ ਬੇਇੱਜਤ ਕਰਨ ਅਤੇ ਉਨ੍ਹਾਂ ਨੂੰ ਮਜਹਬ ਦਾ ਹਵਾਲਾ ਦੇ ਕੇ ਗਾਲ੍ਹਾਂ ਕੱਢਣ ਦੇ ਵੇਰਵੇ ਸ਼ਾਮਿਲ। ਸੰਸਥਾ ਨੇ ਸਿੱਟਾ ਕੱਢਿਆ ਹੈ ਕਿ ਅਜਿਹੀ ਕਾਰਵਾਈ ਦਾ ਮਨਸ਼ਾ ਯੂਨੀਵਰਸਿਟੀ ਵਿੱਚ ਵੱਧ ਤੋਂ ਵੱਧ ਨੁਕਸਾਨ ਕਰਨਾ ਅਤੇ ਵਿਖਾਵਾਕਾਰੀਆਂ ਵਿੱਚ ਦਹਿਸ਼ਤ ਫੈਲਾਉਣਾ ਸੀ।

ਪੀ.ਯੂ.ਡੀ.ਆਰ ਨੇ ਦਿੱਲੀ ਪੁਲੀਸ ਖਿਲਾਫ ਯੂਨੀਵਰਸਿਟੀ ਵਿੱਚ ਕੀਤੀ ਕਾਰਵਾਈ ਬਾਰੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਹੋਰ ਵਿਸਤਾਰ ਵਿੱਚ ਜਾਨਣ ਲਈ ਅਤੇ ਪੂਰਾ ਲੇਖਾ ਪੜ੍ਹਨ ਜਾਂ ਲਾਹੁਣ ਲਈ ਇਹ ਤੰਦ ਛੂਹੋ :Bloody Sunday 2019: PUDR Report on Police Brutality in Jamia Milia Islamia Universily in Delhi

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,