November 15, 2010 | By ਸੇਵਕ ਸਿੰਘ
ਸਾਡੀ ਇਕੋ ਹਰਫ਼ ਕਹਾਣੀ,
ਜਿਹੜੀ ਕਹੀ ਸੁਣੀ ਨਾ ਜਾਣੀ।
ਬੱਦਲ ਕਣੀਆਂ ਕਹਿੰਦੀਆਂ,
ਕਿ ਤਾਂਘਾਂ ਤੀਬਰ ਰਹਿੰਦੀਆਂ,
ਜਿੰਨਾ ਨੇ ਮਿਲਣ ਦੀ ਠਾਣੀ।
ਆਖਣ ਬੁੱਲੇ ਇਹੋ ਪੌਣ ਦੇ,
ਆਦੀ ਨਹੀਂ ਜੋ ਸੌਣ ਦੇ,
ਜਾਗਿਆਂ ਨੇ ਜੋਤ ਜਗਾਣੀ।
ਵਿਚ ਨੇਰੇ ਗੂੜ੍ਹੀ ਰਾਤ ਦੇ,
ਪਈ ਭਰੇ ਹੁੰਗਾਰੇ ਬਾਤ ਦੇ,
ਓਹ ਤਾਰਿਆਂ ਦੀ ਢਾਣੀ।
ਚਮਕਣ ਰਿਸ਼ਮਾ ਚੰਨ ਦੀਆਂ,
ਪੜ੍ਹ ਗੂੜ੍ਹ ਗਥਾਵਾਂ ਮੰਨ ਦੀਆਂ,
ਮਨ ਜਿੱਤਿਆਂ ਮੌਤ ਹਰਾਣੀ।
ਸਾਜ਼ਾਂ ਦੇ ਸੁਰ ਪਏ ਬੋਲਦੇ,
ਗਹਿਰੇ ਭੇਤ ਨੇ ਖੋਲ੍ਹਦੇ,
ਹੈ ਸੀ, ਹੈ, ਹੈ ਹੋਵਾਣੀ।
ਵਖਤ ਵੇਖਦਾ ਰਹਿ ਗਿਆ,
ਢਾਈਆਂ ਤੋਂ ਵੀ ਢਹਿ ਗਿਆ,
ਓ ਸਾਢੇ ਸੱਤ ਦਾ ਪਾਣੀ।
ਲਹੂ ਲਿਖੇ ਇਤਿਹਾਸ ਨੂੰ,
ਰੱਖ ਸਾਂਭ ਸ਼ਹੀਦੀ ਰਾਸ ਨੂੰ,
ਇਹ ਜਿੰਦ ਤਾਂ ਜਾਣੀ ਆਣੀ।
Related Topics: Punjabi Poems, Sewak Singh