ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਫਗਵਾੜਾ ‘ਚ ਤਣਾਅ: ਸ਼ਿਵ ਸੈਨਾ ਦੇ ਵਰਕਰਾਂ ਨੇ ਮਸਜਿਦ ਅਤੇ ਮੁਸਲਮਾਨਾਂ ‘ਤੇ ਹਮਲੇ ਦੀ ਕੀਤੀ ਕੋਸ਼ਿਸ਼

July 23, 2016 | By

ਫਗਵਾੜਾ: ਫਗਵਾੜਾ ‘ਚ ਸ਼ਿਵ ਸੈਨਾ (ਬਾਲ ਠਾਕਰੇ) ਵਲੋਂ ਮਸਜਿਦ ਅਤੇ ਮੁਸਲਮਾਨਾਂ ‘ਤੇ ਹਮਲੇ ਕਰਨ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ। ਇਕ ਪਾਸੇ ਸ਼ਿਵ ਸੈਨਾ ਤੇ ਦੂਸਰੇ ਪਾਸੇ ਮੁਸਲਿਮ ਭਾਈਚਾਰੇ ਦੇ ਹੱਕ ‘ਚ ਸਿੱਖ ਅਤੇ ਦਲਿਤ ਇਕੱਠੇ ਹੋ ਗਏ। ਸਥਾਨਕ ਨਾਈਆਂ ਵਾਲਾ ਚੌਕ ‘ਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਤੇ ਦੋਵਾਂ ਪਾਸਿਆਂ ਤੋਂ ਪਥਰਾਅ ਅਤੇ ਨਾਅਰੇਬਾਜ਼ੀ ਸ਼ੁਰੂ ਹੋ ਗਈ। ਐਸ.ਪੀ. ਫਗਵਾੜਾ ਅਜਿੰਦਰ ਸਿੰਘ ਤੇ ਡੀ.ਐਸ.ਪੀ ਕੰਵਲਪ੍ਰੀਤ ਸਿੰਘ ਚਾਹਲ ਪੁਲਿਸ ਫੋਰਸ ਸਮੇਤ ਦੋਵਾਂ ਧਿਰਾਂ ਦੇ ਵਿਚਾਲੇ ਖੜ੍ਹੇ ਰਹੇ। ਮਾਹੌਲ ਤਣਾਅਪੂਰਨ ਹੁੰਦਾ ਦੇਖ ਸ਼ਹਿਰ ਦੇ ਅਹਿਮ ਬਾਜ਼ਾਰ ਫ਼ੌਰਨ ਬੰਦ ਹੋ ਗਏ। ਇਸ ਪੱਥਰਬਾਜ਼ੀ ਵਿੱਚ ਅੱਧੀ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਚਾਰ ਜ਼ਖਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

Clashes-in-Phagwara-after-Shiv-Sena-activists-tried-to-attack-mosque

ਸ਼ਿਵ ਸੈਨਾ ਦੇ ਹਮਲੇ ਦਾ ਪਤਾ ਚਲਦੇ ਹੀ ਸਿੱਖ ਅਤੇ ਦਲਿਤ ਵੀ ਮੁਸਲਮਾਨਾਂ ਦੇ ਸਮਰਥਨ ਵਿਚ ਪਹੁੰਚ ਗਏ

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸ਼ਿਵ ਸੈਨਾ (ਬਾਲ ਠਾਕਰੇ) ਨੇ ਫਗਵਾੜਾ ‘ਚ ਰੋਸ ਮਾਰਚ ਦੌਰਾਨ ਸਥਾਨਕ ਗਊਸ਼ਾਲਾ ਰੋਡ ‘ਤੇ ਸਥਿਤ ਮਸਜਿਦ ਬਾਹਰ ਪਾਕਿਸਤਾਨ ਦਾ ਝੰਡਾ ਸਾੜਿਆ ਤੇ ਨਾਲ ਹੀ ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਘਟਨਾ ਦੇ ਰੋਸ ‘ਚ ਅੱਜ ਮੁਸਲਿਮ ਭਾਈਚਾਰੇ ਵੱਲੋਂ ਰੋਸ ਮਾਰਚ ਕੱਢ ਕੇ ਐਸ.ਡੀ.ਐਮ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਸੀ। ਸਥਾਨਕ ਪੁਲਿਸ ਪ੍ਰਸ਼ਾਸਨ ਨੇ ਮੁਸਲਿਮ ਭਾਈਚਾਰੇ ਨੂੰ ਰੋਸ ਮਾਰਚ ਨਾ ਕੱਢਣ ਅਤੇ ਮੰਗ ਪੱਤਰ ਮਸਜਿਦ ‘ਚ ਹੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਲੈਣ ਲਈ ਰਜ਼ਾਮੰਦ ਕਰ ਲਿਆ। ਮੁਸਲਿਮ ਭਾਈਚਾਰੇ ਨੇ ਮਸਜਿਦ ਵਿੱਚ ਨਾਇਬ ਤਹਿਸੀਲਦਾਰ ਮਨਬੀਰ ਸਿੰਘ ਢਿੱਲੋਂ ਤੇ ਐਸ.ਪੀ ਅਜਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ। ਇਸੇ ਦੌਰਾਨ ਸ਼ਿਵ ਸੈਨਾ ਵਰਕਰ ਮੋਟਰ ਸਾਈਕਲਾਂ ‘ਤੇ ਗਊਸ਼ਾਲਾ ਰੋਡ ‘ਤੇ ਪਹੁੰਚ ਗਏ ਤੇ ਉਨ੍ਹਾਂ ਨੇ ਮਸਜਿਦ ਵੱਲ ਜਾਣ ਦਾ ਯਤਨ ਕੀਤਾ, ਜਿੱਥੇ ਸ਼ਿਵ ਸੈਨਿਕਾਂ ਨੇ ਪਾਕਿਸਤਾਨ ਦਾ ਝੰਡਾ ਸਾੜਿਆ ਤੇ ਨਾਅਰੇਬਾਜ਼ੀ ਕੀਤੀ।

ਸ਼ਿਵ ਸੈਨਾ ਦੇ ਕਾਰਕੁੰਨ ਪਾਕਿਸਤਾਨ ਅਤੇ ਮੁਸਲਮਾਨਾਂ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ

ਸ਼ਿਵ ਸੈਨਾ ਦੇ ਕਾਰਕੁੰਨ ਪਾਕਿਸਤਾਨ ਅਤੇ ਮੁਸਲਮਾਨਾਂ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ

ਮੁਜ਼ਾਹਰਾਕਾਰੀ ਸ਼ਹਿਰ ਵਿੱਚ ਮਾਰਚ ਕਰਨ ਤੋਂ ਬਾਅਦ ਦੁਬਾਰਾ ਮਸਜਿਦ ਵੱਲ ਆ ਗਏ ਤੇ ਕਿਸੇ ਨੇ ਨਾਅਰੇਬਾਜ਼ੀ ਕਰ ਦਿੱਤੀ। ਮੁਸਲਿਮ ਭਾਈਚਾਰੇ ਦਾ ਦੋਸ਼ ਹੈ ਕਿ ਸ਼ਿਵ ਸੈਨਾ ਵੱਲੋਂ ਪਥਰਾਅ ਕੀਤਾ ਗਿਆ, ਜਿਸਦੇ ਵਿੱਚ ਸ਼ਾਹੀ ਇਮਾਮ ਉਬੈਸ ਉਰ ਰਹਿਮਾਨ ਜ਼ਖਮੀ ਹੋ ਗਏ। ਇੱਥੇ ਨਮਾਜ਼ ਅਦਾ ਕਰਨ ਆਏ ਮੁਸਲਿਮ ਭਾਈਚਾਰੇ ਦੇ ਸਮਰਥਨ ‘ਚ ਸਿੱਖ ਅਤੇ ਦਲਿਤ ਜਥੇਬੰਦੀਆਂ ਦੇ ਆਗੂ ਮਸਜਿਦ ‘ਚ ਪਹੁੰਚ ਗਏ। ਮੁਸਲਿਮ ਸਮਾਜ ਦੇ ਲੋਕ ਵੀ ਸੜਕਾਂ ‘ਤੇ ਆ ਗਏ ਅਤੇ ਨਾਈਆਂ ਵਾਲਾ ਚੌਂਕ ਵਿੱਚ ਪੁਲਿਸ ਬੈਰੀਕੇਟਿੰਗ ਵਿੱਚ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਦੋਵਾਂ ਧਿਰਾਂ ਵੱਲੋਂ ਹਥਿਆਰ ਲਹਿਰਾਏ ਗਏ ਤੇ ਜ਼ੋਰਦਾਰ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਝਗੜੇ ਦੌਰਾਨ ਇੱਕ ਪੁਲਿਸ ਅਧਿਕਾਰੀ ਦੀ ਵਰਦੀ ਫੱਟ ਗਈ ਤੇ ਇਕ ਅਧਿਕਾਰੀ ਦੇ ਸੱਟਾਂ ਲੱਗੀਆਂ। ਇੱਥੇ ਅੱਧੀ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋਏ। ਸ਼ਿਵ ਸੈਨਿਕਾਂ ਵੱਲੋਂ ਸ਼ਿਵ ਮੰਦਿਰ ਵੱਲੋਂ ਪਥਰਾਅ ਕਰਨ ‘ਤੇ ਦੂਸਰੇ ਪਾਸੇ ਤੋਂ ਵੀ ਪਥਰਾਅ ਕੀਤਾ ਗਿਆ।

ਦਲ ਖ਼ਾਲਸਾ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਅਤੇ ਉਨ੍ਹਾਂ ਦੇ ਸਾਥੀ ਮੁਸਲਿਮ ਆਗੂਆਂ ਨੂੰ ਫਗੜਾੜਾ ਮਸਜਿਸ ਵਿਚ ਮਿਲਣ ਗਏ

ਦਲ ਖ਼ਾਲਸਾ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ ਅਤੇ ਉਨ੍ਹਾਂ ਦੇ ਸਾਥੀ ਮੁਸਲਿਮ ਆਗੂਆਂ ਨੂੰ ਫਗੜਾੜਾ ਮਸਜਿਸ ਵਿਚ ਮਿਲਣ ਗਏ

ਸ਼ਿਵ ਸੈਨਿਕਾਂ ਨੇ ਪੁਲਿਸ ‘ਤੇ ਲਾਠੀਚਾਰਜ ਕਰਨ ਦਾ ਦੋਸ਼ ਲਾਇਆ ਜਦਕਿ ਪੁਲਿਸ ਨੇ ਕਿਸੇ ਤਰ੍ਹਾਂ ਦੇ ਲਾਠੀਚਾਰਜ ਤੋਂ ਇਨਕਾਰ ਕੀਤਾ। ਸ਼ਾਹੀ ਇਮਾਮ ਨੇ ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ ਸਮੇਤ ਹੋਰ ਸ਼ਿਵ ਸੈਨਿਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ ਤੇ ਹੋਰ ਆਗੂਆਂ ਨੇ ਇਮਾਮ ਸਮੇਤ ਹੋਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਨੂੰ ਦੇਖਦੇ ਹੋਏ ਆਈ. ਜੀ ਜਲੰਧਰ ਜ਼ੋਨ ਲੋਕ ਨਾਥ ਆਂਗਰਾ, ਡੀ.ਆਈ.ਜੀ ਰਜਿੰਦਰ ਸਿੰਘ, ਡਿਪਟੀ ਕਮਿਸ਼ਨਰ ਜਸਕਿਰਨ ਸਿੰਘ, ਐਸ.ਐਸ.ਪੀ ਰਜਿੰਦਰ ਸਿੰਘ, ਐਸ.ਪੀ ਬਹਾਦੁਰ ਸਿੰਘ ਸੱਗੂ ਸਮੇਤ ਜਲੰਧਰ ਤੇ ਨਵਾਂਸ਼ਹਿਰ ਦੀ ਪੁਲਿਸ ਪਹੁੰਚ ਗਈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੋਵੇਂ ਧਿਰਾਂ ਨਾਲ ਵੱਖ-ਵੱਖ ਗੱਲਬਾਤ ਕੀਤੀ।

ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼ ਨੇ ਫਗਵਾੜਾ ਸ਼ਹਿਰ ਵਿਖੇ ਦੋ ਫ਼ਿਰਕਿਆਂ ਦਰਮਿਆਨ ਪੈਦਾ ਹੋਏ ਤਣਾਅ ਦੇ ਮੱਦੇ ਨਜ਼ਰ ਦੋਵਾਂ ਫ਼ਿਰਕਿਆਂ ਦੇ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਕਿਸੇ ਤਰ੍ਹਾਂ ਦੇ ਬਹਿਕਾਵੇ ‘ਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਕਿਹਾ ਸ਼ਹਿਰ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ।

ਇਸ ਘਟਨਾ ਦਾ ਪਤਾ ਚਲਦੇ ਹੀ ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਆਪਣੇ ਸਾਥੀਆਂ ਸਮੇਤ ਮੁਸਲਮਾਨਾਂ ਨੂੰ ਮਿਲਣ ਫਗਵਾੜਾ ਪਹੁੰਚ ਗਏ।

ਸ਼ਿਵ ਸੈਨਾ ਨੇ 23 ਜੁਲਾਈ ਨੂੰ ਫਗਵਾੜਾ ਬੰਦ ਦਾ ਸੱਦਾ ਦਿੱਤਾ ਹੈ। ਸ਼ਿਵ ਸੈਨਾ ਆਗੂਆਂ ਸਮੇਤ 60 ਵਿਅਕਤੀਆਂ ਖਿਲਾਫ ਇਰਾਦਾ ਕਤਲ ਤੇ ਅਸਲ੍ਹਾ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਸਜਿਦ ਦੇ ਇਮਾਮ ਉਬੈਸ ਉਰ ਰਹਿਮਾਨ ਨੇ ਪੁਲਿਸ ਨੂੰ ਦੱਸਿਆ ਕਿ ਅੱਜ ਸ਼ੁੱਕਰਵਾਰ ਹੋਣ ਕਰਕੇ ਉਹ ਅਤੇ ਮੁਸਲਿਮ ਸਮਾਜ ਦੇ ਲੋਕ ਨਮਾਜ਼ ਅਦਾ ਕਰਕੇ ਮਸਜਿਦ ‘ਚੋਂ ਬਾਹਰ ਆਏ ਤਾਂ ਸ਼ਿਵ ਸੈਨਾ (ਬਾਲ ਠਾਕਰੇ) ਦੇ ਆਗੂ ਇੰਦਰਜੀਤ ਕਰਵਲ, ਗੁਰਦੀਪ ਸੈਣੀ, ਕੁਲਦੀਪ ਦਾਨੀ, ਗੋਲਡੀ ਬਾਣੀਆ, ਮਿਸ਼ਰਾ, ਜਿੰਮੀ ਕਰਵਲ, ਦਿਨੇਸ਼ ਕਰਵਲ ਤੇ ਦੀਪਕ ਭਾਰਦਵਾਜ ਨੇ ਆਪਣੇ 40 ਤੋਂ ਵੱਧ ਸਾਥੀਆਂ ਸਮੇਤ ਮਸਜਿਦ ‘ਤੇ ਪਥਰਾਅ ਕਰਕੇ ਉਨ੍ਹਾਂ ਸਮੇਤ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ ਤੇ ਇਸ ਦੌਰਾਨ ਜਦੋਂ ਥਾਣਾ ਸਿਟੀ ਦੇ ਐਸ.ਐਚ.ਓ ਰਮਨ ਕੁਮਾਰ ਬਚਾਉਣ ਲਈ ਆਏ ਤਾਂ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੀ ਵਰਦੀ ਦੀ ਖਿੱਚ ਧੂਹ ਕਰਦੇ ਹੋਏ ਬੈਜ ਤੋੜ ਦਿੱਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਥਾਣਾ ਸਿਟੀ ਪੁਲਿਸ ਨੇ ਉਕਤ ਆਗੂਆਂ ਸਮੇਤ ਉਨ੍ਹਾਂ ਦੇ ਹੋਰ ਸਾਥੀਆਂ ਖਿਲਾਫ ਧਾਰਾ 307/295 ਏ/427/148/149 ਤੇ ਅਸਲ੍ਹਾ ਐਕਟ ਤਹਿਤ ਕੇਸ ਦਰਜ ਕਰ ਲਿਆ।

ਸ਼ਿਵ ਸੈਨਾ ਦੇ ਸ਼ਨੀਵਾਰ ਬੰਦ ਦੇ ਮੱਦੇਨਜ਼ਰ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਨੇ ਮਸਜਿਦ ਵਿਚ ਮੀਟਿੰਗ ਰੱਖੀ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਫਿਰਕੂ ਹਮਲੇ ਦਾ ਇਕੱਠੇ ਮੁਕਾਬਲਾ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,