ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪੱਖਪਾਤੀ ਸਿਸਟਮ ਅਤੇ ਪੁਲਿਸ ਦੇ ਰਾਜਨੀਤੀਕਰਨ ਕਾਰਨ ‘ਪਕੋਕਾ’ ਦੀ ਵੀ ਦੁਰਵਰਤੋਂ ਹੋਵੇਗੀ: ਦਲ ਖਾਲਸਾ

November 5, 2017 | By

ਅੰਮ੍ਰਿਤਸਰ: ਦਲ ਖਾਲਸਾ ਨੇ ਪੰਜਾਬ ਅੰਦਰ ਸੰਗਠਿਤ ਹਿੰਸਾ ਤੇ ਗੈਂਗਸਟਾਰ ਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਾ ਰਹੇ ਨਵੇਂ ਪਕੋਕਾ ਕਾਨੂੰਨ ‘ਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੱਖਪਾਤੀ ਸਿਸਟਮ ਅਤੇ ਪੁਲਿਸ ਦੇ ਰਾਜਨੀਤੀਕਰਨ ਕਾਰਨ ‘ਦੇਸ਼ ਧ੍ਰੋਹ’ ਵਰਗੇ ਕਾਨੂੰਨ ਵਾਂਗ ਇਸ ਦੀ ਵੀ ਦੁਰਵਰਤੋਂ ਰਾਜਨੀਤਿਕ ਵਿਰੋਧੀਆਂ ਅਤੇ ਭਾਰਤੀ ਨਿਜਾਮ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਖਿਲਾਫ ਕੀਤੀ ਜਾਵੇਗੀ।

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਮੀਡੀਆ ਨਾਲ ਗੱਲ ਕਰਦੇ ਹੋਏ

ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ ਵੱਲੋਂ ਜਾਰੀ ਕੀਤੇ ਬਿਆਨ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਸ ਕਾਨੂੰਨ ਦੇ ਖਰੜੇ ਅਨੁਸਾਰ ਇੱਕ ਡੀ. ਆਈ. ਜੀ ਰੈਂਕ ਦੇ ਅਫਸਰ ਕੋਲ ਇਸ ਨੂੰ ਲਾਗੂ ਕਰਨ ਦਾ ਅਧਿਕਾਰ ਦੇਣਾ ਖਤਰਨਾਕ ਹੈ। ਉਹਨਾਂ ਮੁੱਖ ਮੰਤਰੀ ਨੂੰ ਪੁਛਿਆ ਕਿ ਕੌਣ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਡੀ.ਆਈ.ਜੀ ਰੈਂਕ ਦਾ ਅਫਸਰ ਕਿਸੇ ਸਤੱਧਾਰੀ ਦੇ ਪ੍ਰਭਾਵ ਹੇਠ ਇਸ ਐਕਟ ਦੀ ਦੁਰਵਰਤੋਂ ਨਹੀਂ ਕਰੇਗਾ।

ਸਬੰਧਤ ਖ਼ਬਰ:

‘ਪਕੋਕਾ’ ਵਰਗੇ ਤਾਨਾਸ਼ਾਹੀ ਕਾਨੂੰਨ ਦਾ ਵਿਧਾਨ ਸਭਾ ‘ਚ ਵਿਰੋਧ ਕਰਾਂਗੇ: ਸੁਖਪਾਲ ਖਹਿਰਾ …

ਪਾਰਟੀ ਪ੍ਰਧਾਨ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਪੰਜਾਬ ਵਿਚ ਸ਼ਾਂਤੀ ਹੋਵੇ ਅਤੇ ਪੰਜਾਬ ਸੰਗਠਿਤ ਹਿੰਸਾ ਅਤੇ ਗੈਂਗਵਾਰ ਤੋ ਮੁਕਤ ਹੋਵੇ। ਉਹਨਾਂ ਸਵਾਲ ਕਰਦਿਆਂ ਪੁਛਿਆ ਕਿ ਕੀ ਪੰਜਾਬ ਨੂੰ ਗੈਂਗਵਾਰ ਰੋਕਣ ਲਈ ਅਜਿਹੇ ਕਾਲੇ ਕਾਨੂੰਨ ਦੀ ਲੋੜ ਵੀ ਹੈ? ਕੀ ਮੌਜੂਦਾ ਕਾਨੂੰਨ ਸੰਗਠਿਤ ਹਿੰਸਾ ਰੋਕਣ ਵਿੱਚ ਅਸਮਰਥ ਹਨ? ਕੀ ਸਰਕਾਰ ਨੇ ਪਕੋਕਾ ਵਿੱਚ ਇਸ ਦੀ ਦੁਰਵਰਤੋਂ ਰੋਕਣ ਲਈ ਕੋਈ ਵਿਵਸਥਾ ਰੱਖੀ ਹੈ?

ਦਲ ਖਾਲਸਾ ਆਗੂ ਦਾ ਮੰਨਣਾ ਹੈ ਕਿ ਇੱਕ ਵਾਰ ਪਕੋਕਾ ਬਣ ਗਿਆ ਤਾਂ ਫਿਰ ਇਸ ਦੀ ਦੁਰਵਰਤੋਂ ਕੋਈ ਨਹੀਂ, ਇਸਨੂੰ ਘੜਨ ਵਾਲਾ ਵੀ ਨਹੀਂ ਰੋਕ ਸਕਦਾ। ਉਹਨਾਂ ਸਰਕਾਰ ਨੂੰ ਜਲਦਬਾਜ਼ੀ ਵਿਚ ਕੋਈ ਵੀ ਕਦਮ ਇਸ ਸੰਦਰਭ ਵਿਚ ਪੁੱਟਣ ਤੋਂ ਵਰਜਦਿਆਂ ਕਿਹਾ ਕਿ ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਖੇਤਰ ਵਿਚ ਕੰਮ ਕਰਦੀਆਂ ਸੰਸਥਾਵਾਂ ਕੋਲੋਂ ਰਾਏ ਲਈ ਜਾਵੇ ਅਤੇ ਉਹਨਾਂ ਵੱਲੋਂ ਪ੍ਰਗਟ ਕੀਤੀਆਂ ਜਾਣ ਵਾਲੀਆਂ ਚਿੰਤਾਵਾਂ ਦਾ ਖਿਆਲ ਰਖਿਆ ਜਾਵੇ। ਉਹਨਾਂ ਕਿਹਾ ਕਿ ਕਿਸੇ ਵੀ ਪੱਧਰ ਦੇ ਪੁਲਿਸ ਅਧਿਕਾਰੀ ਹੱਥ ਇੱਕਲੇ ਪਕੋਕਾ ਲਾਗੂ ਕਰਨ ਦਾ ਅਧਿਕਾਰ ਦੇਣਾ ਖਤਰੇ ਦਾ ਸੂਚਕ ਹੈ।

ਸਬੰਧਤ ਖ਼ਬਰ:

ਪੰਜਾਬ ਦੇ ਨੌਜਵਾਨਾਂ ‘ਤੇ ਜ਼ੁਲਮ ਕਰਨ ਲਈ ‘ਪਕੋਕਾ’ ਨੂੰ ਸਾਧਨ ਬਣਾਇਆ ਜਾ ਰਿਹਾ ਹੈ: ਮਾਨ …

ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਪੰਜਾਬ ਦੇ ਲੋਕਾਂ ਨੇ ਵੱਖ-ਵੱਖ ਮੌਕਿਆਂ ਉਪਰ ਸਰਕਾਰਾਂ ਵੱਲੋਂ ਠੋਸੇ ਗਏ ਕਾਲੇ ਕਾਨੂੰਨਾਂ ਦੀ ਮਾਰ ਅਤੇ ਜਲਾਲਤ ਝੱਲੀ ਹੈ। ਸ. ਚੀਮਾ ਨੇ ਕਿਹਾ ਕਿ ਖਰੜੇ ਅਨੁਸਾਰ ਪਕੋਕਾ ਵਿੱਚ ਅੈਸ.ਪੀ ਰੈਂਕ ਅਫਸਰ ਅੱਗੇ ਕੀਤਾ ਇੰਕਸ਼ਾਫ ਅਦਾਲਤ ਵਿੱਚ ਸਬੂਤ ਵਜੋਂ ਮੰਨਿਆ ਜਾਵੇਗਾ। ਉਹਨਾਂ ਕਿਹਾ ਕਿ ਜ਼ਾਹਿਰ ਹੈ ਕਿ ਇਸ ਨਾਲ ਪੁਲਿਸ ਅਧਿਕਾਰੀਆਂ ਨੂੰ ਪੁੱਛਤਾਛ ਮੌਕੇ ਸਰੀਰਕ ਤਸ਼ਦੱਦ ਕਰਨ ਦੀ ਹੋਰ ਖੁੱਲ੍ਹ ਮਿਲੇਗੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Misuse of PCOCA Inevitable as Police in Punjab is Highly Politicised: Dal Khalsa …

ਪਾਰਟੀ ਬੁਲਾਰੇ ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਟਾਡਾ, ਪੋਟਾ, ਯੂ.ਏ.ਪੀ.ਏ ਵਰਗੇ ਖਤਰਨਾਕ ਕਾਨੂੰਨਾਂ ਦੀ ਦੁਰਵਰਤੋਂ ਨੇ ਲੋਕਾਂ ਅੰਦਰ ਹਥਿਆਰ ਚੁੱਕਣ ਦੇ ਡਰ ਨਾਲੋਂ ਹੋਰ ਬਾਗੀ ਪੈਦਾ ਕੀਤੇ ਹਨ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਇਹ ਸਾਰੇ ਕਾਨੂੰਨ ਇਕ ਖਾਸ ਮੌਕੇ, ਖਾਸ ਸਥਿਤੀ ਵਿੱਚ ਇੱਕ ਖਾਸ ਵਰਗ ਨੂੰ ਨਿਸ਼ਾਨਾ ਬਣਾਉਣ ਲਈ ਬਣਾਏ ਗਏ ਅਤੇ ਅਮਨ ਕਾਨੂੰਨ ਦੇ ਨਾਂ ਹੇਠ ਰਾਜਨੀਤਕ ਅੰਦੋਲਨ ਦਬਾਉਣ ਲਈ ਵਰਤੇ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,