ਸਿੱਖ ਖਬਰਾਂ

ਪਰਮਰਾਜ ਉਮਰਾਨੰਗਲ ਨੂੰ ਖਾਸ ਸਹੂਲਤਾ ਦੇਣ ਵਾਲਾ ਜੇਲ੍ਹ ਸੁਪਰਡੈਂਟ ਮੁਅੱਤਲ

March 5, 2019 | By

ਪਟਿਆਲਾ: ਸਾਕਾ ਬਹਿਬਲ ਕਲਾਂ ਮਾਮਲੇ ਵਿਚ ਗ੍ਰਿਫਤਾਰ ਹੋਣ ਤੋਂ ਬਾਅਦ ਮੁਅੱਤਲ ਕੀਤੇ ਜਾ ਚੁੱਕੇ ਪੰਜਾਬ ਪੁਲਿਸ ਦੇ ਉੱਚ ਅਫਸਰ (ਆਈ.ਜੀ.) ਪਰਮਰਾਜ ਉਮਰਾਨੰਗਲ ਨੂੰ ਜੇਲ੍ਹ ਵਿਚ ਸ਼ਾਹੀ ਸਹੂਲਤਾਂ ਦੇਣ ਵਾਲੇ ਜੇਲ੍ਹ ਸੁਪਰਡੈਂਟ ਜਸਪਾਲ ਸਿੰਘ ਨੂੰ ਲੰਘੇ ਕੱਲ ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁਅੱਤਲ ਕਰ ਦਿੱਤਾ।

ਦਰਅਸਲ ਬੀਤੇ ਦਿਨਾਂ ਤੋਂ ਪੰਜਾਬ ਸਰਕਾਰ ਦੀ ਇਸ ਗੱਲ ਕਰਕੇ ਖਾਸੀ ਨਿਖੇਧੀ ਹੋ ਰਹੀ ਸੀ ਕਿ ਸਾਕਾ ਬਹਿਬਲ ਕਲਾਂ ਮਾਮਲੇ ਵਿਚ ਗ੍ਰਿਫਤਾਰ ਪਰਮਰਾਜ ਉਮਰਾਨੰਗਲ ਨੂੰ ਜੇਲ੍ਹ ਵਿਚ ਖਾਸ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਸਰਕਾਰ ਨੇ ਇਸ ਬਾਰੇ ਜਾਂਚ ਕਰਨ ਲਈ ਆਈ.ਜੀ. (ਜੇਲ੍ਹਾਂ) ਰੂਪ ਕੁਮਾਰ ਨੂੰ ਕਿਹਾ ਸੀ ਜਿਸ ਦਾ ਮੁੱਢਲਾ ਲੇਖਾ ਸਾਹਮਣੇ ਆਉਣ ਤੇ ਹੀ ਜਸਪਾਲ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ।

ਪਰਮਰਾਜ ਉਮਰਾਨੰਗਲ ਦੀ ਪੁਰਾਣੀ ਤਸਵੀਰ (ਖੱਬੇ); ਕੋਟਕਪੂਰਾ ਵਿਖੇ ਸਿੱਖ ਸੰਗਤਾਂ ਦੇ ਸ਼ਾਤਮਈ ਇਕੱਠ ਦਾ ਇਕ ਦ੍ਰਿਸ਼ ਜਿਸ ਇਕੱਠ ਉੱਤੇ 14 ਅਕਤੂਬਰ, 2015 ਨੂੰ ਪੁਲਿਸ ਨੇ ਵਧੀਕੀ ਭਰੀ ਕਾਰਵਾਈ ਕੀਤੀ ਸੀ (ਸੱਜੇ)

ਖਬਰਖਾਨੇ ਮੁਤਾਬਕ ਜਾਂਚ ਲੇਖੇ ਚ ਇਹ ਗੱਲ ਸਾਹਮਣੇ ਆਈ ਹੈ ਕਿ ਜਸਪਾਲ ਸਿੰਘ ਮੁਲਾਕਾਤੀਆਂ ਨੂੰ ਜੇਲ੍ਹ-ਬਹੀ ਵਿਚ ਵੇਰਵੇ ਦਰਜ ਕੀਤੇ ਬਿਨਾ ਹੀ ਪਰਮਰਾਜ ਉਮਰਾਨੰਗਲ ਦੀਆਂ ਮੁਲਾਕਾਤਾਂ ਕਰਵਾ ਰਿਹਾ ਸੀ।

⊕ ਇਹ ਖਬਰ ਅੰਗਰੇਜ਼ੀ ਚ ਪੜ੍ਹੋ – VIP TREATMENT TO PARAMRAJ UMRANANGAL IN JAIL: PATIALA JAIL SUPERINTENDENT SUSPENDED OVER

ਉਮਰਾਨੰਗਲ ਨੂੰ ਜੇਲ੍ਹ ਚ 5 ਦਿਨਾਂ ਵਿਚ ਮਿਲਣ ਵਾਲ਼ਿਆਂ ਦੀ ਗਿਣਤੀ 70 ਦੱਸੀ ਜਾ ਰਹੀ ਹੈ ਜਦਕਿ ਜੇਲ੍ਹ ਨੇਮਾਂ ਮੁਤਾਬਕ ਕੋਈ ਵੀ ਨਜ਼ਰਬੰਦ (ਜਿਸ ਉੱਤੇ ਹਾਲੀ ਮੁਕਦਮਾ ਚੱਲ ਰਿਹਾ ਹੋਵੇ) ਇਕ ਹਫਤੇ ਵਿਚ ਸਿਰਫ ਚਾਰ ਲੋਕਾਂ ਨਾਲ ਮੁਲਾਕਾਤ ਕਰ ਸਕਦਾ ਹੈ। ਇਸ ਤੋਂ ਇਲਾਵਾ ਪਰਮਰਾਜ ਉਮਰਾਨੰਗਲ ਨੂੰ ਬਿਨਾ ਬਿਮਾਰੀ ਦੇ ਹੀ ਹਸਪਤਾਲ ਲਿਜਾਣ ਦੇ ਬਹਾਨੇ ਜੇਲ੍ਹ ਵਿਚੋਂ ਬਾਹਰ ਲਿਜਾਇਆ ਜਾ ਰਿਹਾ ਸੀ।

ਉਮਰਾਨੰਗਲ ਨੂੰ ਜੇਲ੍ਹ ਚ ਮਿਲਣ ਵਾਲੇ ਬਾਦਲਕਿਆਂ ਦੀ ਕਤਾਰ ਲੰਮੀ:

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਸ਼ਾਂਤਮਈ ਤਰੀਕੇ ਨਾਲ ਕਾਰਵਾਈ ਦੀ ਮੰਗ ਕਰਨ ਵਾਲੇ ਸਿੱਖਾਂ ਉੱਤੇ ਸਰੀਹਣ ਵਧੀਕੀ ਕਰਨ ਦੇ ਦੋਸ਼ੀ ਪਰਮਰਾਜ ਉਮਰਾਨੰਗਲ ਦਾ ਜੇਲ੍ਹ ਵਿਚ ਪਹੁੰਚ ਕੇ ਹਾਲ-ਚਾਲ ਪੁੱਛਣ ਵਾਲਿਆਂ ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦੀ ਕਤਾਰ ਸਭ ਤੋਂ ਲੰਮੀ ਦੱਸੀ ਜਾਂਦੀ ਹੈ। ਜਿਨ੍ਹਾਂ ਬਾਦਲ ਦਲੀਆਂ ਨੇ ਪਰਮਰਾਜ ਉਮਰਾਨੰਗਲ ਨਾਲ ਜੇਲ੍ਹ ਵਿਚ ਜਾ ਕੇ ਮੁਲਾਕਾਤਾਂ ਕੀਤੀਆਂ ਹਨ ਉਨ੍ਹਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਐਮ.ਐਲ.ਏ. ਹਰਿੰਦਰਪਾਲ ਚੰਦੂਮਾਜਰਾ, ਬਾਦਲ ਦਾ ਪਟਿਆਲਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਨਾਂ ਸ਼ਾਮਲ ਹਨ।

ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਜਾਰੀ:

ਇਸੇ ਦੌਰਾਨ ਸਿੱਖ ਜਥੇਬੰਦੀਆਂ ਵਲੋਂ ਸਾਕਾ ਬਹਿਬਲ ਕਲਾਂ ਮਾਮਲੇ ਵਿਚ ਤਤਕਾਲੀ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਗਿਫ੍ਰਤਾਰ ਕਰਨ ਦੀ ਮੰਗ ਚੁੱਕੀ ਜਾ ਰਹੀ ਹੈ। ਮੰਨਿਆ ਜਾਂਦਾ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਨੂੰ ਸਿੱਖ ਸੰਗਤਾਂ ਉੱਤੇ ਸਾਕਾ ਵਰਤਾਉਣ ਦੇ ਹੁਕਮ ਸੁਮੇਧ ਸੈਣੀ ਨੇ ਹੀ ਦਿੱਤੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,