June 9, 2011 | By ਸਿੱਖ ਸਿਆਸਤ ਬਿਊਰੋ
ਨਿਊਯਾਰਕ (06 ਜੂਨ, 2011) ਟਰਾਈ ਸਟੇਟ ਨਿਊਯਾਰਕ ਦੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਰਹਿਨੁਮਾਈ ਹੇਠ, ਯੂ.ਐਨ.ਓ. ਦੇ ਸਾਹਮਣੇ ਹਰ ਸਾਲ ਦੀ ਤਰ੍ਹਾਂ ਮੁਜ਼ਾਹਰਾ ਕੀਤਾ ਗਿਆ।
ਮੁਜ਼ਾਹਰਾ ਸੋਮਵਾਰ ਦੁਪਹਿਰ 11.00 ਵਜੇ ਤੋਂ ਬਾਅਦ 2.00 ਵਜੇ ਤੱਕ ਦੇ ਸਮੇਂ ਵਿੱਚ ਜੋਸ਼ ਨਾਲ ਕੀਤਾ ਗਿਆ, ਜਿਸ ਵਿੱਚ ਨਿਊਯਾਰਕ, ਨਿਊਜਰਸੀ, ਫਿਲਾਡੈਲਫ਼ੀਆ ਤੇ ਵਾਸ਼ਿੰਗਟਨ ਤੋਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਿੱਖ ਕਲਚਰਲ ਸੁਸਾਇਟੀ ਤੋਂ ਅਤੇ ਗਲੈਨਰਾਕ ਗੁਰੂ ਘਰ ਤੋਂ ਸੰਗਤਾਂ ਬੱਸਾਂ ਰਾਹੀਂ ਪਹੁੰਚੀਆਂ। ਬੜੇ ਉਤਸ਼ਾਹ ਨਾਲ ਪਹੁੰਚੀਆਂ ਸੰਗਤਾਂ ਨੇ ਜੋਸ਼ੋ ਖਰੋਸ਼ ਨਾਲ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਜ਼ਾਹਰੇ ਦੇ ਅਖੀਰਲੇ ਪੜਾਅ ’ਤੇ ਪਹੁੰਚੇ ਹੋਏ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਗਤਾਂ ਨਾਲ ਸਟੇਜ ਤੋਂ ਸਾਂਝ ਵੀ ਪਾਈ। ਵਾਸ਼ਿੰਗਟਨ ਤੋਂ ਆਏ ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਡਾ. ਅਮਰਜੀਤ ਸਿੰਘ ਨੇ ਸਿੱਖ ਕੌਮ ਦੀ ਅੰਤਰਰਾਸ਼ਟਰੀ ਸਥਿਤੀਆਂ ਦੇ ਸੰਦਰਭ ਵਿਚ ਕੌਮੀ ਹੋਂਦ ਨਾਲ ਜੁੜੇ ਸਵਾਲਾਂ ਦੇ ਗੰਭੀਰ ਵਿਸ਼ੇ ’ਤੇ ਪਾਏਦਾਰ ਵਿਚਾਰ ਰੱਖੇ। ਸਮੁੱਚੇ ਸਮਾਗਮ ਸਮੇਂ ਪੰਜ ਖਾਲਸਾਈ ਪਰਚਮ ਲਹਿਰਾਉਂਦੇ ਰਹੇ। ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਮੈਂਬਰਾਂ ਨੇ ਇਸ ਸਮਾਗਮ ਦੀ ਸਫ਼ਲਤਾ ’ਤੇ ਤਸੱਲੀ ਪ੍ਰਗਟਾਈ ਅਤੇ ਅੱਗੇ ਤੋਂ ਹਰ ਕੌਮੀ ਕੰਮ ਆਪਸੀ ਤਾਲਮੇਲ ਨਾਲ ਕਰਨ ਦਾ ਅਹਿਦ ਦੁਹਰਾਇਆ।
ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵੱਲੋਂ ਗੁਰਦੇਵ ਸਿੰਘ ਕੰਗ ਨੇ ਸਮੁੱਚੀਆਂ ਜਥੇਬੰਦੀਆਂ ਦਾ ਇਕੱਠੇ ਹੋ ਕੇ ਕੰਮ ਕਰਨ ਦਾ ਸਵਾਗਤ ਕੀਤਾ ਅਤੇ ਸੰਗਤ ਦਾ ਧੰਨਵਾਦ ਕੀਤਾ।
Related Topics: Sikh Diaspora, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)