January 10, 2016 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (9 ਜਨਵਰੀ, 2016): ਸਿੱਖਾਂ ਸਿਧਾਤਾਂ ਨੂੰ ਦਰਕਿਨਾਰ ਕਰਕੇ ਸਿਆਸੀ ਇਸ਼ਾਰੇ ‘ਤੇ ਪੰਥ ਵਿਰੋਧੀ ਸੌਦਾ ਸਾਧ ਨੂੰ ਮਾਫੀਨਾਮਾ ਜਾਰੀ ਕਰਨ ਵਾਲੇ ਜੱਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਵਾਲੇ ਪੰਜਾਂ ਪਿਆਰਿਆਂ ਨੂੰ ਸਿੱਖ ਜੱਥੇਬੰਦੀਆਂ ਵੱਲੋਂ 15 ਜਨਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਤਿਸੰਗ ਸਭਾ ਸਮਰਾਲਾ ਚੌਕ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਜਾਵੇਗਾ ।
ਸ਼ੋ੍ਰਮਣੀ ਕਮੇਟੀ ਵੱਲੋਂ ਬਰਖਾਸਤ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦੇ ਹੱਕ ‘ਚ ਵੱਖ-ਵੱਖ ਸਿੱਖ ਸੰਸਥਾਵਾਂ ਦੇ ਆਗੂਆਂ ਨੇ ਇਕੱਤਰਤਾ ਕਰਕੇ ਪੰਜ ਪਿਆਰਿਆਂ ਵੱਲੋਂ ਲਏ ਗਏ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਪੰਜ ਪਿਆਰਿਆਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ ।
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿ: ਰਵੇਲ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਨੇ ਸੱਚ ਸੁਣਾਉਣ ਦੀ ਜੁਰਅਤ ਕੀਤੀ ਹੈ ਜੋ ਵਧਾਈ ਦੇ ਪਾਤਰ ਹਨ ।ਗਿ: ਕੇਵਲ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ਨੂੰ 15 ਜਨਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਤਿਸੰਗ ਸਭਾ ਸਮਰਾਲਾ ਚੌਕ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਜਾਵੇਗਾ ।
ਗੁਰਦੁਆਰਾ ਸਿੰਘ ਸਭਾ ਹੁਸੈਨਪੁਰਾ ਵਿਖੇ ਹੋਈ ਇਕੱਤਰਤਾ ‘ਚ ਪੰਜ ਪਿਆਰਿਆਂ ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਖੰਡਾ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਤੇ ਭਾਈ ਸਤਨਾਮ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿ: ਰਵੇਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ: ਬਲਵੰਤ ਸਿੰਘ ਨੰਦਗੜ੍ਹ, ਗਿ: ਕੇਵਲ ਸਿੰਘ, ਸ਼ੋ੍ਰਮਣੀ ਕਮੇਟੀ ਮੈਂਬਰ ਕਿਰਨਜੋਤ ਕੌਰ, ਸ: ਮੰਗਲ ਸਿੰਘ, ਪੰਥਕ ਤਾਲਮੇਲ ਦਲ ਵੱਲੋਂ ਐਡਵੋਕੇਟ ਜਸਵਿੰਦਰ ਸਿੰਘ, ਪ੍ਰੋ: ਬਲਜਿੰਦਰ ਸਿੰਘ, ਕੁਲਜੀਤ ਸਿੰਘ ਬ੍ਰਦਰਜ਼, ਅਖੰਡ ਕੀਰਤਨੀ ਜਥੇ ਵੱਲੋਂ ਠੇਕੇਦਾਰ ਮਨਜੀਤ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਪ੍ਰਣਾਮ ਸਿੰਘ ਰਾਜਾਸਾਂਸੀ, ਅਕਾਲੀ ਦਲ 1920 ਦੇ ਸੀਨੀ: ਮੀਤ ਪ੍ਰਧਾਨ ਸ: ਰਘਬੀਰ ਸਿੰਘ ਰਾਜਾਸਾਂਸੀ, ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸਭਾ ਵੱਲੋਂ ਭਾਈ ਜਸਬੀਰ ਸਿੰਘ ਬੈਂਕ ਵਾਲੇ, ਸ੍ਰੀ ਗੁਰੂ ਰਾਮਦਾਸ ਜੋੜਾ ਘਰ ਵੱਲੋਂ ਭਾਈ ਸ਼ਰਨਜੀਤ ਸਿੰਘ, ਭਾਈ ਜੋਗਾ ਸਿੰਘ ਸਮੇਤ ਹੋਰ ਸਿੱਖ ਆਗੂਆਂ ਨੇ ਵਿਚਾਰ-ਵਟਾਂਦਰਾ ਕਰਦਿਆਂ ਪੰਜ ਪਿਆਰਿਆਂ ਵੱਲੋਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੇ ਸਮਾਜਿਕ ਬਾਈਕਾਟ ਸਬੰਧੀ ਦਿੱਤੇ ਫੈਸਲੇ ਦੀ ਹਮਾਇਤ ਕੀਤੀ ।
ਮੀਟਿੰਗ ਦੌਰਾਨ ਪੰਜ ਪਿਆਰਿਆਂ ‘ਚੋਂ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਸ਼ਬਦ ਗੁਰੂ ਦੇ ਪ੍ਰਚਾਰ ਪ੍ਰਸਾਰ ਲਈ ਵੱਖ-ਵੱਖ ਸਿੱਖ ਸੰਸਥਾਵਾਂ ਦੇ ਆਗੂਆਂ ਦੇ ਕੀਮਤੀ ਸੁਝਾਅ ਲਏ ਗਏ ਹਨ ਤੇ ਜਲਦ ਹੀ ਅੰਮਿ੍ਤ ਸੰਚਾਰ ਮੁਹਿੰਮ ਦਾ ਅਗਾਜ਼ ਕਰਨ ਲਈ ਹੋਰ ਸੁਝਾਅ ਲਏ ਜਾਣਗੇ ।
Related Topics: Akal Takhat Sahib, Former Panj Pyare of Akal Takht Shaib, Giani Kewal Singh, Jathedar Balwant Singh Nandgarh, Shiromani Gurdwara Parbandhak Committee (SGPC)