February 12, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਇੰਡੀਆ ਦੇ ਗਵਾਂਡੀ ਮੁਲਕ ਪਾਕਿਸਤਾਨ ਦੇ ਚੋਣ ਨਤੀਜਿਆਂ ਨੇ ਪਹਿਲਾਂ ਤੋਂ ਚੱਲ ਰਹੀ ਸਿਆਸੀ ਅਸਥਿਰਤਾ ਵਿਚ ਹੀ ਵਾਧਾ ਕੀਤਾ ਹੈ ਕਿਉਂਕਿ ਪਾਕਿਸਤਾਨੀ ਫੌਜ (ਇਸਟੈਬਲਿਸ਼ਮੈਂਟ) ਦੀ ਹਿਮਾਇਤ ਦੇ ਬਾਵਜੂਦ ਨਵਾਜ਼ ਸ਼ਰੀਫ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ (ਐਨ)’ ਬਹੁਮਤ ਹਾਸਿਲ ਕਰਨ ਵਿਚ ਨਾਕਾਮ ਰਹੀ ਹੈ।
ਹੁਣ ਤੱਕ ਐਲਾਨੇ ਗਏ ਨਤੀਜਿਆਂ ਮੁਤਾਬਿਕ ਨਵਾਜ਼ ਸ਼ਰੀਫ ਦੀ ਪਾਰਟੀ ਪੀ.ਐਮ.ਐਲ. (ਐਨ) ਨੂੰ 75 ਸੀਟਾਂ ਮਿਲੀਆਂ ਹਨ। ਬਿਲਾਵਲ ਭੁੱਟੋ ਦੀ ਪਾਰਟੀ ਪੀ.ਪੀ.ਪੀ. ਨੂੰ 54 ਸੀਟਾਂ ਮਿਲੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ. ਨੂੰ ਚੋਣਾਂ ਲੜਨ ਤੋਂ ਰੋਕ ਦਿੱਤਾ ਗਿਆ ਸੀ ਪਰ ਇਸ ਪਾਰਟੀ ਦੀ ਹਿਮਾਇਤ ਵਾਲੇ ਅਜ਼ਾਦ ਉਮੀਦਵਾਰ 101 ਸੀਟਾਂ ਲੈਣ ਵਿਚ ਕਾਮਯਾਬ ਰਹੇ ਹਨ। ਇਸ ਤੋਂ ਇਲਾਵਾ ਐਮ.ਕਿਉ.ਐਮ. (ਪੀ) ਨੂੰ 17, ਜੇ.ਯੂ.ਆਈ.-ਐਫ ਨੂੰ 4, ਬੀ.ਐਨ.ਪੀ. ਨੂੰ 2 ਅਤੇ ਪੀ.ਐਮ.ਐਲ-ਕਿਉ ਨੂੰ 3 ਸੀਟਾਂ ਉੱਤੇ ਕਾਮਯਾਬੀ ਮਿਲੀ ਹੈ। ਯਾਦ ਰਹੇ ਕਿ 266 ਸੀਟਾਂ ਵਾਲੀ ਪਾਕਿਸਤਾਨ ਦੀ ਨੈਸ਼ਨਲ ਅਸੰਬਲੀ ਲਈ 8 ਫਰਵਰੀ ਨੂੰ ਵੋਟਾਂ ਪਈਆਂ ਸਨ ਤੇ ਹਾਲੀ ਤੱਕ 256 ਸੀਟਾਂ ਦੇ ਨਤੀਜੇ ਐਲਾਨੇ ਗਏ ਹਨ। ਬਾਕੀ ਹਲਕਿਆਂ ਦੇ ਨਤੀਜੇ ਚੋਣਾਂ ਵਿਚ ਗੜਬੜ ਦੇ ਦੋਸ਼ਾਂ ਦੇ ਮੱਦੇਨਜ਼ਰ ਰੋਕ ਦਿੱਤੇ ਗਏ ਹਨ।
ਪਾਕਿਸਤਾਨ ਵਿਚ ਵੋਟਾਂ ਵਿਚ ਧਾਂਦਲੀ ਹੋਣ ਦੇ ਦੋਸ਼ਾਂ ਦੇ ਚੱਲਿਆਂ ਵੱਡੀ ਪੱਧਰ ਉੱਤੇ ਮੁਜ਼ਾਹਿਰੇ ਹੋ ਰਹੇ ਹਨ ਅਤੇ ਪੀ.ਟੀ.ਆਈ. ਦੀ ਹਿਮਾਇਤ ਵਾਲੇ ਅਜ਼ਾਦ ਉਮੀਦਵਾਰਾਂ ਜਿਹਨਾ ਸੀਟਾਂ ਤੋਂ ਹਾਰੇ ਹਨ ਉਹਨਾ ਦੇ ਨਤੀਜਿਆਂ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਅਦਾਲਤਾਂ ਵਿਚ ਦਾਖਲ ਕੀਤੀਆਂ ਜਾ ਰਹੀਆਂ ਹਨ।
ਇਸੇ ਦਰਮਿਆਨ ਨਵਾਜ਼ ਸ਼ਰੀਫ ਵੱਲੋਂ ਮਿਲੀ-ਜੁਲੀ ਸਰਕਾਰ ਬਣਾਉਣ ਲਈ ਬਿਲਾਵਲ ਭੁੱਟੋ ਦੀ ਪਾਰਟੀ ਪੀ.ਪੀ.ਪੀ. ਤੇ ਮੁਤਾਹਿਦਾ ਕੌਮੀ ਮੂਵਮੈਂਟ (ਐਮ.ਕਿਉ.ਐਮ-ਪੀ) ਨਾਲ ਗੱਲਬਾਤ ਦੇ ਯਤਨ ਕੀਤੇ ਜਾ ਰਹੇ ਹਨ।
Related Topics: Bilawal Bhutto, Imran Khan, Nawaz Sharif, Pakistan Elections