ਸਿਆਸੀ ਖਬਰਾਂ » ਸਿੱਖ ਖਬਰਾਂ

17 ਸਾਲ ਬਾਅਦ ਵੀ ਛੱਤੀਸਿੰਘਪੁਰਾ ਸਿੱਖ ਕਤਲੇਆਮ ਦਾ ਇਨਸਾਫ ਨਹੀਂ: ਸਿੱਖ ਜਥੇਬੰਦੀ ਨੇ ਦੁਬਾਰਾ ਜਾਂਚ ਮੰਗੀ

March 21, 2017 | By

ਚੰਡੀਗੜ੍ਹ: ਕਸ਼ਮੀਰ ਸਥਿਤ ਸਿੱਖ ਜਥੇਬੰਦੀ ਆਲ ਪਾਰਟੀ ਸਿੱਖ ਤਾਲਮੇਲ ਕਮੇਟੀ ਨੇ ਜੰਮੂ ਕਸ਼ਮੀਰ ਦੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ 20 ਮਾਰਚ, 2000 ‘ਚ ਛੱਤੀਸਿੰਘਪੁਰਾ ‘ਚ ਹੋਏ 35 ਸਿੱਖਾਂ ਦੇ ਕਤਲੇਆਮ ਦੀ ਦੁਬਾਰਾ ਜਾਂਚ ਕਰਵਾਈ ਜਾਏ।

ਆਲ ਪਾਰਟੀ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਨਾ ਨੇ ਇਕ ਬਿਆਨ ‘ਚ ਕਿਹਾ, “17 ਸਾਲ ਬਾਅਦ ਜੰਮੂ ਕਸ਼ਮੀਰ ਦੇ ਲੋਕ, ਖਾਸ ਕਰਕੇ ਘਾਟੀ ਦੇ ਸਿੱਖ, ਹਾਲੇ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ। ਅਸੀਂ ਕਤਲੇਆਮ ਦੇ ਦੋਸ਼ੀਆਂ ਨੂੰ ਫੜਨ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ।”

ਛੱਤੀਸਿੰਘਪੁਰਾ 'ਚ "ਅਣਪਛਾਤੇ" ਹਮਲਾਵਰਾਂ ਵਲੋਂ ਕਤਲ ਕੀਤੇ 35 ਸਿੱਖਾਂ ਕੋਲ ਬੈਠੇ ਉਨ੍ਹਾਂ ਦੇ ਰਿਸ਼ਤੇਦਾਰ

ਛੱਤੀਸਿੰਘਪੁਰਾ ‘ਚ “ਅਣਪਛਾਤੇ” ਹਮਲਾਵਰਾਂ ਵਲੋਂ ਕਤਲ ਕੀਤੇ 35 ਸਿੱਖਾਂ ਕੋਲ ਬੈਠੇ ਉਨ੍ਹਾਂ ਦੇ ਰਿਸ਼ਤੇਦਾਰ

ਉਨ੍ਹਾਂ ਕਿਹਾ, “ਇਹ “ਬਦਕਿਸਮਤੀ” ਹੈ ਕਿ ਸਰਕਾਰ ਨੇ ਇਸ ਮੁੱਦੇ ‘ਤੇ “ਚੁੱਪ” ਧਾਰੀ ਹੋਈ ਹੈ।”

ਮੀਡੀਆ ਮੁਤਾਬਕ ਜਗਮੋਹਨ ਸਿੰਘ ਰੈਨਾ ਨੇ ਕਿਹਾ, “ਅਸੀਂ ਇਸ ਘਟਨਾ ਲਈ ਨਵੀਂ ਸਿਰਿਓਂ ਜਾਂਚ ਦੀ ਮੰਗ ਕਰਦੇ ਹਾਂ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਕਸ਼ਮੀਰ ਦੇ ਸਿੱਖ ਇਸ ਨੂੰ ਆਪਣੇ ਨਾਲ ਵੱਡੀ ਬੇਇਨਸਾਫੀ ਮੰਨਾਂਗੇ।”

ਰੈਨਾ ਨੇ ਦਾਅਵਾ ਕੀਤਾ, “ਜਦ ਤਕ ਕਤਲੇਆਮ ਦੇ ਅਸਲ ਦੋਸ਼ੀਆਂ ਨੂੰ ਨਿਆਂ ਤਕ ਨਹੀਂ ਲਿਆਇਆ ਜਾਂਦਾ, ਅਸੀਂ ਚੁੱਪ ਨਹੀਂ ਬੈਠਾਂਗੇ।”

ਜ਼ਿਕਰਯੋਗ ਹੈ ਕਿ 20 ਮਾਰਚ, 2000 ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਛੱਤੀਸਿੰਘਪੁਰਾ ਕਤਲੇਆਮ ਤੋਂ ਬਾਅਦ ਭਾਰਤੀ ਫੌਜੀ ਦਸਤਿਆਂ ਨੇ ਕਤਲੇਆਮ ਲਈ ਜ਼ਿੰਮੇਵਾਰ 5 “ਦਹਿਸ਼ਤਗਰਦਾਂ” ਨੂੰ ਮਾਰ ਦੇਣ ਦਾ ਦਾਅਵਾ ਕੀਤਾ ਸੀ।

ਹਾਲਾਂਕਿ, ਮੀਡੀਆ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਕਹੇ ਜਾਂਦੇ “ਦਹਿਸ਼ਤਗਰਦਾਂ” ਦੀ ਮੌਤ ਤੋਂ ਬਾਅਦ ਵੱਡੇ ਪੱਧਰ ‘ਤੇ ਹੋਏ ਵਿਰੋਧ ਤੋਂ ਬਾਅਦ ਕਸ਼ਮੀਰ ਸਰਕਾਰ ਨੇ ਸੀ.ਬੀ.ਆਈ. ਜਾਂਚ ਕਰਵਾਈ ਸੀ, ਜਿਸ ‘ਚ ਇਹ ਤੱਥ ਸਾਹਮਣੇ ਆਇਆ ਕਿ ਮਾਰੇ ਗਏ ਬੰਦਿਆਂ ਨੂੰ ਪਹਿਲਾਂ ਘਰਾਂ ਤੋਂ ਅਗਵਾ ਕਰ ਲਿਆ ਗਿਆ ਅਤੇ ਫਿਰ ਨਕਲੀ ਪੁਲਿਸ ਮੁਕਾਬਲੇ ‘ਚ ਮਾਰ ਦਿੱਤਾ ਗਿਆ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

No Justice for Chattisinghpora Sikh Massacre even after 17 years: Sikh body asks for Re-Investigation …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,