March 18, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਵੱਖ ਹੋਏ ਮਾਝੇ ਦੇ ਕੁਝ ਆਗੂਆਂ ਵਲੋਂ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਫੁੱਟ ਦਾ ਸ਼ਿਕਾਰ ਚੱਲ ਰਹੀ ਆਮ ਆਦਮੀ ਪਾਰਟੀ ਵਿਚਾਲੇ ਲੋਕ ਸਭਾ ਚੋਣਾਂ ਵਾਸਤੇ ਗੱਠਜੋੜ ਬਣਾਉਣ ਬਾਰੇ ਗੱਲਬਾਤ ਟੁੱਟ ਚੁੱਕੀ ਹੈ।
ਦੋਵੇਂ ਧਿਰਾਂ ਦਰਮਿਆਨ ਸਮਝੌਤੇ ਵਿਚ ਸਭ ਤੋਂ ਵੱਡਾ ਅੜਿੱਕਾ ਆਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਪਹਿਲਾਂ ਹੀ ਐਲਾਨੇ ਜਾ ਚੁੱਕੇ ਉਮੀਦਵਾਰ ਮੰਨੇ ਜਾ ਰਹੇ ਸਨ।
ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਉਮੀਦਵਾਰ ਐਲਾਨਿਆ ਹੈ ਜਦ ਕਿ ਸ਼੍ਰੋ.ਅ.ਦ. (ਟਕਸਾਲੀ) ਵਲੋਂ ਸਾਬਕਾ ਕਾਂਗਰਸੀ ਬੀਰ ਦਵਿੰਦਰ ਸਿੰਘ ਚੋਣ ਮੈਦਾਨ ਵਿਚ ਹੈ।
ਦੋਹਾਂ ਧਿਰਾਂ ਵਿਚੋਂ ਕੋਈ ਵੀ ਇਸ ਸੀਟ ਤੋਂ ਆਪਣਾ ਉਮੀਦਵਾਰ ਵਾਪਣ ਲੈਣ ਲਈ ਸਹਿਮਤ ਨਹੀਂ ਹੋਇਆ ਜਿਸ ਕਾਰਨ ਗੱਲਬਾਤ ਕਿਸੇ ਸਿਰੇ ਨਹੀਂ ਸੀ ਲੱਗ ਰਹੀ।
ਗੱਲਬਾਤ ਟੁੱਟ ਜਾਣ ਦੀ ਤਸਦੀਕ ਕਰਦਿਆਂ ਸ਼੍ਰੋ.ਅ.ਦ. (ਟ) ਦੇ ਆਗੂ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਫਿਲਹਾਲ ਗਲੱਬਾਤ ਖਤਮ ਹੋ ਚੁੱਕੀ ਹੈ।
ਸ਼੍ਰੋ.ਅ.ਦ. (ਟ) ਦਾ ਇਹ ਵੀ ਕਹਿਣਾ ਹੈ ਕਿ ਆਪ ਅਤੇ ਕਾਂਗਰਸ ਵਿਚ ਗਠਜੋੜ ਦੀਆਂ ਕੋਸ਼ਿਸ਼ਾਂ ਦੀਆਂ ਖਬਰਾਂ ਸਾਹਮਣੇ ਆਉਣ ਕਰਕੇ ਵੀ ਗੱਲਬਾਤ ਰੋਕ ਦਿੱਤੀ ਗਈ ਹੈ ਕਿਉਂਕਿ ਜੇਕਰ ਆਪ ਦਾ ਕਾਂਗਰਸ ਨਾਲ ਗਠਜੋੜ ਹੁੰਦਾ ਹੈ ਤਾਂ ਫਿਰ ਸ਼੍ਰੋ.ਅ.ਦ. (ਟ) ਇਸ ਨਾਲ ਗੱਠਜੋੜ ਨਹੀਂ ਕਰੇਗਾ।
ਪੰਜਾਬ ਵਿਚ ਲੋਕ ਸਭਾ ਲਈ ਵੋਟਾਂ 19 ਮਈ ਨੂੰ ਚੋਣਾਂ ਦੇ ਆਖਰੀ ਗੇੜ ਚ ਪੈਣੀਆਂ ਹਨ।
Related Topics: Aam Aadmi Party, Bir Devinder Singh, Lok Sabha, Lok Sabha 2019, Lok Sabha Elections 2019, Narinder Singh Shergill, Punjab Politics, Shiromani Akali Dal (Taksali)