February 10, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਇੰਡੀਆ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ 8 ਫਰਵਰੀ ਨੂੰ ਹੋਈਆਂ ਵੋਟਾਂ ਤੋਂ ਬਾਅਦ ਦਾ ਘਟਨਾਕ੍ਰਮ ਨਾਟਕੀ ਢੰਗ ਨਾਲ ਪੇਸ਼ ਹੋ ਰਿਹਾ ਹੈ।
ਇਹਨਾਂ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਰੀਕੇ ਇਨਸਾਫ (ਪੀਟੀਆਈ) ਨੂੰ ਵੋਟਾਂ ਲੜਨ ਤੋਂ ਰੋਕ ਦਿੱਤਾ ਗਿਆ ਸੀ ਅਤੇ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪੀਟੀਆਈ ਦਾ ਚੋਣ ਨਿਸ਼ਾਨ ਕ੍ਰਿਕਟ ਵਾਲਾ ਬੱਲਾ ਵੀ ਰੱਦ ਕਰ ਦਿੱਤਾ ਸੀ।
ਇਹਨਾਂ ਚੋਣਾਂ ਵਿੱਚ ਪਾਕਿਸਤਾਨੀ ਫੌਜ ਤੇ ਖੁਫੀਆ ਤੰਤਰ, ਜਿਸ ਨੂੰ ਆਮ ਕਰਕੇ ਇਸਟੈਬਲਿਸ਼ਮੈਂਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵੱਲੋਂ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ ਸ਼ਰੀਫ ਦੀ ਮਦਦ ਕੀਤੀ ਜਾ ਰਹੀ ਸੀ।
8 ਫਰਵਰੀ ਨੂੰ ਪਈਆਂ ਵੋਟਾਂ ਦੇ ਜਦੋਂ ਨਤੀਜੇ ਆਉਣੇ ਸਾਹਮਣੇ ਹੋਏ ਤਾਂ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ ਨਵਾਜ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਐਨ) ਅਤੇ ਬਿਲਾਵਲ ਭੁੱਟੋ ਦੀ ਅਗਵਾਈ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਤੋਂ ਅੱਗੇ ਨਜ਼ਰ ਆ ਰਹੇ ਸਨ। ਜਿਸ ਤੋਂ ਬਾਅਦ ਵੋਟਾਂ ਦੇ ਨਤੀਜੇ ਅਚਾਨਕ ਦਰਸਾਉਣੇ ਰੋਕ ਦਿੱਤੇ ਗਏ।
ਪਾਕਿਸਤਾਨ ਤੋਂ ਆ ਰਹੀਆਂ ਤਾਜ਼ਾ ਖਬਰਾਂ ਅਨੁਸਾਰ ਇਮਰਾਨ ਖਾਨ ਦੀ ਪਾਰਟੀ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ ਦੂਜੀਆਂ ਦੋਵਾਂ ਪਾਰਟੀਆਂ ਨਾਲੋਂ ਅੱਗੇ ਚੱਲ ਰਹੇ ਹਨ।
ਇਸ ਸਥਿਤੀ ਵਿੱਚ ਨਵਾਜ਼ ਸ਼ਰੀਫ ਨੇ ਆਪਣੇ ਸਿਆਸੀ ਵਿਰੋਧੀ ਬਿਲਾਵਲ ਭੁੱਟੋ ਦੀ ਪਾਰਟੀ ਨੂੰ ਮਿਲ ਕੇ ਸਾਂਝੀ ਸਰਕਾਰ ਬਣਾਉਣ ਲਈ ਪਹਿਲ ਕਦਮੀ ਕੀਤੀ ਹੈ।
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਮਰਾਨ ਖਾਨ ਤੇ ਉਸਦੀ ਪਾਰਟੀ ਪਾਕਿਸਤਾਨ ਦੀ ਅਵਾਮ ਵਿੱਚ ਇਸ ਵੇਲੇ ਖਾਸਾ ਆਧਾਰ ਰੱਖਦੀ ਹੈ ਇਸੇ ਕਾਰਨ ਇਸਟੈਬਲਿਸ਼ਮੈਂਟ ਅਤੇ ਸਮੁੱਚੇ ਸਰਕਾਰੀ ਤੰਤਰ ਵੱਲੋਂ ਜੋਰ ਲਾਉਣ ਦੇ ਬਾਵਜੂਦ ਵੀ ਇਮਰਾਨ ਦੀ ਪਾਰਟੀ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ ਹੀ ਸਭ ਤੋਂ ਵੱਡੀ ਧਿਰ ਬਣ ਕੇ ਉਭਰਦੇ ਨਜ਼ਰ ਆ ਰਹੇ ਹਨ।
Related Topics: Bilawal Bhutto, Imran Khan, Nawaz Sharif