January 30, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ :- ਨਾਮ ਬਾਣੀ ਦੇ ਰਸੀਏ ‘ਸੰਤ ਅਤਰ ਸਿੰਘ ਮਸਤੂਆਣਾ ਸਾਹਿਬ’ ਵਾਲਿਆਂ ਦੀ ਜੀਵਨੀ ‘ਤੇ ਲਿਖੀ ਕਿਤਾਬ ‘ਰਾਜ ਜੋਗੀ – ਸੰਤ ਅਤਰ ਸਿੰਘ ਜੀ’ ਅੱਜ ਗੁਰਦੁਆਰਾ ਗੁਰਸਾਗਰ ਸਾਹਿਬ ਵਿਚ ਜਾਰੀ ਕੀਤੀ ਗਈ। ਕਿਤਾਬ ਦੀ ਪਹਿਲੀ ਕਾਪੀ ਕਿਤਾਬ ਦੇ ਲੇਖਕ ਭਾਈ ਹਰਪ੍ਰੀਤ ਸਿੰਘ ਲੌਂਗੋਵਾਲ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੇਂਟ ਕੀਤੀ ਗਈ। ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਕਿਤਾਬ ਦੇ ਲੇਖਕ ਨੇ ਦੱਸਿਆ ਕਿ ਇਹ ਕਿਤਾਬ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਹੈ ਅਤੇ ਇਸ ਵਿੱਚ ਸੰਤਾਂ ਵੱਲੋਂ ਪੰਥ ਸੇਵਾ ਦੇ ਪ੍ਰਥਾਏ ਕੀਤੇ ਗਏ ਕਾਰਜਾਂ ਦਾ ਅਤੇ ਮੌਜੂਦਾ ਹਲਾਤਾਂ ਨੂੰ ਨਜਿੱਠਣ ਲਈ ਸੰਤਾਂ ਦੇ ਜੀਵਨ ਵਿੱਚੋਂ ਮਿਲ ਰਹੀਆਂ ਸਿਧਾਂਤਕ ਸੇਧਾਂ ਦਾ ਜਿਕਰ ਹੈ।
ਗੁ:ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਕਿਤਾਬ ਭੇਂਟ ਕਰਨ ਉਪਰੰਤ ਕਿਤਾਬ ਦੇ ਲੇਖਕ ਨੂੰ ਅਕਾਲ ਕੌਂਸਲ ਮਸਤੂਆਣਾ ਸਾਹਿਬ ਦੀ ਧਰਮ ਪ੍ਰਚਾਰ ਜਥੇ ਦੇ ਚੇਅਰਮੈਨ ਸ.ਭੁਪਿੰਦਰ ਸਿੰਘ ਗਰੇਵਾਲ ਨੇ ਸਨਮਾਨਿਤ ਕੀਤਾ। ਸ. ਭੁਪਿੰਦਰ ਸਿੰਘ ਨੇ ਇਸ ਅਹਿਮ ਕਾਰਜ ਲਈ ਭਾਈ ਹਰਪ੍ਰੀਤ ਸਿੰਘ ਲੌਂਗੋਵਾਲ ਦਾ ਅਤੇ ਬਿਬੇਕਗੜ੍ਹ ਪ੍ਰਕਾਸ਼ਨ ਦਾ ਧੰਨਵਾਦ ਕੀਤਾ।
ਕਿਤਾਬ ਜਾਰੀ ਕਰਨ ਉਪਰੰਤ ਭਾਈ ਗੁਰਜੀਤ ਸਿੰਘ ਨੇ ਦੱਸਿਆ ਕਿ ਸੰਤਾਂ ਦੀ ਬਰਸੀ ਦੇ ਸਬੰਧ ਵਿਚ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਇਹ ਕਿਤਾਬ ‘ਸਿੱਖ ਜਥਾ ਮਾਲਵਾ’ ਦੇ ਪੜਾਅ (ਅੰਦਰਲੇ ਖੇਡ ਮੈਦਾਨ ਦੇ ਸਾਹਮਣੇ) ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹਨਾਂ ਦਿਨਾਂ ਤੋਂ ਇਲਾਵਾ ਇਹ ਕਿਤਾਬ ‘ਨੀਸਾਣਿ’ (ਨਾਨਕਿਆਣਾ ਚੌਂਕ ਸੰਗਰੂਰ) ਦੇ ਸਟੋਰ ਤੋਂ ਪ੍ਰਾਪਤ ਕੀਤੀ ਸਕਦੀ ਹੈ।
ਇਸ ਮੌਕੇ ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਭਾਈ ਬਲਕਾਰ ਸਿੰਘ, ਭਾਈ ਰਾਏ ਸਿੰਘ, ਪ੍ਰੋ. ਅਮਨਪ੍ਰੀਤ ਸਿੰਘ ਸੰਗਰੂਰ, ਭਾਈ ਅਮਨਪ੍ਰੀਤ ਸਿੰਘ, ਭਾਈ ਇੰਦਰਪ੍ਰੀਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਨਾਮ ਸਿੰਘ ਦਮਦਮੀ, ਬੀਬੀ ਗੁਰਮੀਤ ਕੌਰ, ਬੀਬੀ ਸੁਖਪ੍ਰੀਤ ਕੌਰ, ਭਾਈ ਜਗਤਾਰ ਸਿੰਘ, ਬੀਬੀ ਜ਼ਿੰਦ ਕੌਰ ਆਦਿ ਹਾਜ਼ਰ ਸਨ।
Related Topics: Bhai Harpreet Singh Longowal, Bibekgarh Parkashan