November 25, 2023 | By ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ
ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਗੁਰਧਾਮਾਂ ਉੱਤੇ ਬਿਪਰਵਾਦੀ ਦਿੱਲੀ ਦਰਬਾਰ ਦੇ ਫੌਜੀ ਹਮਲੇ ਨਾਲ ਖਾਲਸਾ ਪੰਥ ਦੇ ਦਰ ਉੱਤੇ ਜੰਗ ਅਤੇ ਸ਼ਹਾਦਤਾਂ ਦੇ ਦੌਰ ਨੇ ਆਣ ਦਸਤਕ ਦਿੱਤੀ। ਇਹ ਦਸਤਕ ਸੁਣਦਿਆਂ ਹੀ ਗੁਰੂ ਵੱਲੋਂ ਬਖਸ਼ੀਆਂ ਹੋਈਆਂ ਰੂਹਾਂ ਨੇ ਘਰਾਂ ਨੂੰ ਅਲਵਿਦਾ ਆਖ ਦਿੱਤੀ ਤੇ ਦਰਬਾਰ ਸਾਹਿਬ ਦੀ ਅਜ਼ਮਤ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਕਰਦਿਆਂ ਜੰਗ ਤੇ ਸ਼ਹਾਦਤ ਦੇ ਰਸਤੇ ਉੱਤੇ ਤੁਰ ਪਏ। ਇਹਨਾਂ ਧੁਰ ਥੀਂ ਅਜ਼ਾਦ ਜੁਝਾਰੂਆਂ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਦਿੱਲੀ ਦਰਬਾਰ ਦੀ ਹਕੂਮਤ ਹੀ ਨਹੀਂ ਬਲਕਿ ਸੰਸਾਰ ਨੂੰ ਪਤਾ ਲੱਗਣ ਲਾ ਦਿੱਤਾ ਸੀ ਕਿ ਖਾਲਸਾ ਪੰਥ ਦਾ ਇਤਿਹਾਸ ਮਹਿਜ਼ ਕਥਾ ਕਹਾਣੀਆਂ ਨਹੀਂ ਬਲਕਿ ਇਸ ਪਿੱਛੇ ਕੰਮ ਕਰਦਾ ਸੱਚਾ ਤੇ ਸੁੱਚਾ ਜਜ਼ਬਾ ਅੱਜ ਵੀ ਸਿੱਖਾਂ ਦੀ ਦੇਹ ਵਿਚ ਦਿਲ ਬਣ ਕੇ ਧੜਕ ਰਿਹਾ ਹੈ ਅਤੇ ਉਹਨਾਂ ਦੀਆਂ ਰਗਾਂ ਵਿਚ ਖੂਨ ਬਣ ਕੇ ਦੌੜ ਰਿਹਾ ਹੈ।
ਇਹ ਗੁਰੂ ਸਾਹਿਬ ਦੀ ਕਲਾ ਹੀ ਸੀ ਕਿ ਬਿਪਰ ਦੀ ਵੰਗਾਰ ਦਾ ਜਵਾਬ ਦੇਣ ਤੁਰੇ ਜੁਝਾਰੂਆਂ ਦੇ ਮੇਲ ਦਾ ਇਕ ਅਜਿਹਾ ਜਥਾ ਬਣਿਆ ਜਿਸ ਨੇ ਨਿਸ਼ਕਾਮ ਸ਼ੰਘਰਸ਼ ਕਰਦਿਆਂ ਉਹ ਕਾਰਨਾਮੇ ਸਰ-ਅੰਜਾਮ ਦਿੱਤੇ ਕਿ ਸਮੁੱਚਾ ਖਾਲਸਾ ਪੰਥ ਅਤੇ ਸਿੱਖ ਸੰਗਤ ਉਹਨਾ ਉੱਤੇ ਮਾਣ ਕਰਦੀ ਹੈ।
ਕੁਝ ਸਮਾਂ ਪਹਿਲਾਂ ਇਸ ਜਥੇ ਵਿਚੋਂ ਅੱਜ ਸਾਡੇ ਵਿਚ ਮੌਜੂਦ ਭਾਈ ਦਲਜੀਤ ਸਿੰਘ ਬਿੱਟੂ ਨੇ ਜਦੋਂ ਉਸ ਦੌਰ ਨੂੰ ਬਿਆਨਣ ਦਾ ਕਾਰਜ ਸ਼ੁਰੂ ਕੀਤਾ ਤਾਂ ਉਹਨਾ ਦੀ ਕਹੀ ਗੱਲ ਨੇ ਕਈਆਂ ਦਾ ਧਿਆਨ ਖਿੱਚਿਆ ਕਿ ਇਸ ਜਥੇ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਕਦੇ ਜਿੰਮੇਵਾਰੀ ਨਹੀਂ ਸੀ ਲਈ ਜਾਂਦੀ। ਉਹਨਾਂ ਕਿਹਾ ਕਿ ਅਸੀਂ ਜਿੰਮੇਵਾਰੀ ਲੈਣ ਦੀ ਲੋੜ ਨਹੀਂ ਸੀ ਸਮਝਦੇ ਕਿਉਂਕਿ ਅਸੀਂ ਤਾਂ ਗੁਰੂ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਕਰ ਰਹੇ ਸਾਂ। ਬਿਲਕੁਲ ਇਹੀ ਗੱਲ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਆਪਣੀਆਂ ਜੇਲ੍ਹ ਚਿੱਠੀਆਂ ਵਿਚ ਬਿਆਨ ਕਰਦੇ ਹਨ। ਇਹ ਗੱਲ ਵੇਖਣ ਨੂੰ ਜਿੰਨੀ ਸਧਾਰਨ ਜਿਹੀ ਲੱਗਦੀ ਹੈ ਇਸ ਦੇ ਮਾਅਨੇ ਓਨੇ ਹੀ ਵੱਡੇ ਅਤੇ ਡੂੰਘੇ ਹਨ। ਇਹ ਫਰਜ਼ ਦੇ ਅਹਿਸਾਸ ਦੀ ਗੱਲ ਹੈ। ਇਹ ਗੁਰੂ ਉੱਤੇ ਓਟ ਤੇ ਭਰੋਸੇ ਨਾਲ ਜੁੜੀ ਗੱਲ ਹੈ ਜਿਸ ਵਿਚੋਂ ਇਹ ਅਹਿਸਾਸ ਹੁੰਦਾ ਹੈ ਕਿ ਗੁਰੂ ਹੀ ਸੇਵਾ ਲੈਣ ਦੇ ਸਮਰੱਥ ਹੈ ਤੇ ਉਹ ਹੀ ਆਪ ਕਿਰਪਾ ਕਰਕੇ ਸੇਵਾ ਲੈ ਰਿਹਾ ਹੈ। ਵਿਅਕਤੀ, ਵਿਓਂਤਾਂ, ਘਟਨਾਵਾਂ ਤੇ ਮੌਕੇ ਮੇਲ ਸਭ ਓਸੇ ਦੀ ਖੇਡ ਦਾ ਹਿੱਸਾ ਹਨ।
ਅਸੀਂ ਇਸ ਜਥੇ ਬਾਰੇ ਇਥੇ ਜਾਣਕਾਰੀ ਦਰਜ਼ ਨਹੀਂ ਕਰ ਰਹੇ ਕਿਉਂਕਿ ਇਹ ਜਾਣਕਾਰੀ ਪਾਠਕਾਂ ਨੂੰ ਹਥਲੀ ਕਿਤਾਬ ਵਿਚ ਸ਼ਹੀਦ ਭਾਈ ਸੁੱਖਾ-ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਜ਼ੁਬਾਨੀ ਪੜ੍ਹਨ ਨੂੰ ਮਿਲ ਜਾਵੇਗੀ।
ਜੇਲ੍ਹ ਚਿੱਠੀਆਂ ਆਪਣੇ ਆਪ ਵਿਚ ਇਤਿਹਾਸਕ ਦਸਤਾਵੇਜ਼ਾਂ ਦੀ ਇਕ ਅਹਿਮ ਵੰਨਗੀ ਹੈ। ਸਿੱਖ ਜਗਤ ਦੀ ਗੱਲ ਕਰੀਏ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਗ਼ਦਰ ਲਹਿਰ ਮੌਕੇ ਹੋਈ ਕੈਦ ਦੌਰਾਨ ਜੇਲ੍ਹ ਵਿਚੋਂ ਲਿਖੀਆਂ ਗਈਆਂ ਜੇਲ੍ਹ ਚਿੱਠੀਆਂ ਬਹੁਤ ਮਕਬੂਲ ਹਨ। ਗ਼ਦਰ ਲਹਿਰ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ ਵੱਲੋਂ ਜੇਲ੍ਹ ਵਿਚੋਂ ਲਿਖੀ ਗਈ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ’ ਵੀ ਇਕ ਤਰ੍ਹਾਂ ਨਾਲ ਜੇਲ੍ਹ ਚਿੱਠੀਆਂ ਦਾ ਹੀ ਦਸਤਾਵੇਜ਼ ਹੈ ਕਿਉਂਕਿ ਉਹ ਕੈਦ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਖਤਰਿਆਂ ਦੇ ਬਾਵਜੂਦ ਆਪਣੀ ਆਤਮ-ਬਿਆਨੀ ਜੇਲ੍ਹ ਵਿਚੋਂ ਲਿਖ ਕੇ ਭੇਜਦੇ ਰਹੇ ਜੋ ਕਿ ਸਮਕਾਲੀ ਪਰਚਿਆਂ ਵਿਚ ਛਪਦੀ ਰਹੀ।
ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੀ ਜੇਲ੍ਹ ਦੇ ਜੀਵਨ ਦੌਰਾਨ ਕਈ ਚਿੱਠੀਆਂ ਲਿਖੀਆਂ। ੯ ਅਕਤੂਬਰ ੧੯੯੨ ਨੂੰ ਉਹਨਾਂ ਦੀ ਸ਼ਹਾਦਤ ਤੋਂ ਦੋ ਕੁ ਮਹੀਨੇ ਬਾਅਦ ਹੀ ਉਹਨਾਂ ਦੀਆਂ ਲਿਖੀਆਂ ਚੋਣਵੀਆਂ ਚਿੱਠੀਆਂ ਤੇ ਹੋਰ ਦਸਤਾਵੇਜ਼ਾਂ ਉੱਤੇ ਅਧਾਰਤ ਇਕ ਕਿਤਾਬ ਸਿੱਖ ਸਟੂਡੈਂਟਸ ਫਰੰਟ ਵੱਲੋਂ ਦਸੰਬਰ ੧੯੯੨ ਵਿਚ ਛਾਪ ਦਿੱਤੀ ਗਈ ਸੀ। ਇਹ ਕਿਤਾਬ ਸਾਲ ੧੯੯੨, ੧੯੯੩ ਅਤੇ ੧੯੯੬ ਵਿਚ ਛਪੀ। ਉਸ ਤੋਂ ਬਾਅਦ ਗੁਰਮਤਿ ਪੁਸਤਕ ਭੰਡਾਰ (੩੧ ਨੰਬਰ ਦੁਕਾਨ) ਵੱਲੋਂ ਸ਼ਹੀਦ ਭਾਈ ਸੁੱਖਾ-ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਇਕ ਕਿਤਾਬ ਛਾਪੀ ਗਈ ਸੀ। ਇਸੇ ਤਰ੍ਹਾਂ ਇਕ ਕਿਤਾਬ ਦਮਦਮੀ ਟਕਸਾਲ (ਸੰਗਰਾਵਾਂ) ਵੱਲੋਂ ਵੀ ਛਾਪੀ ਗਈ ਹੈ ਜਿਸ ਨੂੰ ਸ. ਚਰਨਜੀਤ ਸਿੰਘ ਨੇ ਸੰਪਾਦਤ ਕੀਤਾ ਹੈ। ਇਹਨਾਂ ਕਿਤਾਬਾਂ ਦਾ ਆਪਣਾ ਮਹੱਤਵ ਹੈ, ਖਾਸ ਕਰਕੇ ਸ. ਨਵਦੀਪ ਸਿੰਘ ਬਿੱਟੂ (ਸਕਰੌਦੀ), ਸਿੱਖ ਸਟੂਡੈਂਟਸ ਫਰੰਟ ਵੱਲੋਂ ਛਾਪੀ ਗਈ ਕਿਤਾਬ ਦਾ। ਇਹ ਕਿਤਾਬ ਭਾਈ ਸਾਹਿਬਾਨ ਦੀ ਸ਼ਹਾਦਤ ਤੋਂ ਫੌਰਨ ਬਾਅਦ ਹੀ ਦਸੰਬਰ ੧੯੯੨ ਵਿਚ ਛਪ ਕੇ ਆ ਗਈ ਸੀ ।
ਕੁਝ ਅਰਸਾ ਪਹਿਲਾਂ ਭਾਈ ਦਲਜੀਤ ਸਿੰਘ ਜੀ ਨੇ ਇਹ ਜ਼ਿਕਰ ਕੀਤਾ ਕਿ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਚਿੱਠੀਆਂ ਇਕੱਤਰ ਕਰਕੇ ਛਾਪਣੀਆਂ ਚਾਹੀਦੀਆਂ ਹਨ। ਗੁਰੂ ਸਾਹਿਬ ਦੀ ਮਿਹਰ ਨਾਲ ਅਜਿਹਾ ਸਬੱਬ ਬਣਿਆ ਕਿ ੧੩ ਸਤੰਬਰ ੨੦੨੩ ਨੂੰ ਗਦਲੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ੯ ਅਕਤੂਬਰ ੨੦੨੩ ਨੂੰ ਆ ਰਹੇ ਭਾਈ ਸਾਹਿਬਾਨ ਦੇ ਸ਼ਹੀਦੀ ਦਿਹਾੜੇ ਬਾਰੇ ਹੋਈ ਇੱਕ ਇਕੱਤਰਤਾ ਦੌਰਾਨ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਕਿਤਾਬ ਬਾਰੇ ਜ਼ਿਕਰ ਤੇ ਇਕ ਸੁਝਾਅ ਆਇਆ। ਇਸ ਸਬੱਬ ਨਾਲ ਇਹ ਫੁਰਨਾ ਬਣਿਆ ਕਿ ਇਸ ਸ਼ਹੀਦੀ ਦਿਹਾੜੇ ਤੱਕ ਭਾਈ ਸੁੱਖਾ-ਜਿੰਦਾ ਦੀਆਂ ਜੇਲ੍ਹ ਚਿੱਠੀਆਂ ਇਕੱਤਰ ਕਰਕੇ ਇਸ ਨੂੰ ਕਿਤਾਬ ਦਾ ਰੂਪ ਦਿੱਤਾ ਜਾਵੇ। ਇਹ ਕਾਰਜ ਦਾ ਦਾਇਰਾ ਬਹੁਤ ਵੱਡਾ ਸੀ ਤੇ ਸਮਾਂ ਬਿਲਕੁਲ ਸੀਮਤ ਸੀ। ਗਦਲੀ ਪਿੰਡ ਤੋਂ ਵਾਪਿਸ ਪਰਤਦਿਆਂ ਗੁਰੂ ਸਾਹਿਬ ਦੀ ਓਟ ਤੱਕ ਕੇ ਇਹ ਕਾਰਜ ਕਰਨ ਦਾ ਫੁਰਨਾ ਪਕਾਇਆ ਤੇ ਉਹਨਾਂ ਜੀਆਂ ਨਾਲ ਤਾਲਮੇਲ ਸਾਧਿਆ ਜਿਹਨਾਂ ਕੋਲ ਭਾਈ ਸਾਹਿਬਾਨ ਦੀਆਂ ਚਿੱਠੀਆਂ ਹੋ ਸਕਦੀਆਂ ਸਨ। ਮਾਤਾ ਸੁਰਜੀਤ ਕੌਰ ਜੀ (ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ, ਜੋ ਕਿ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਮੀ ਜੀ ਹਨ ਅਤੇ ਜਿਹਨਾਂ ਨੂੰ ਭਾਈ ਸੁਖਦੇਵ ਸਿੰਘ ਸੁੱਖਾ ਆਪਣੀਆਂ ਚਿੱਠੀਆਂ ਵਿਚ ‘ਬੀਜੀ’ ਕਹਿ ਕੇ ਸੰਬੋਧਨ ਕਰਦੇ ਸਨ) ਕੋਲੋਂ ਭਾਈ ਸਾਹਿਬਾਨ ਦੀਆਂ ਅਤੇ ਕੁਝ ਹੋਰ ਮਹੱਤਵਪੂਰਨ ਚਿੱਠੀਆਂ ਮਿਲੀਆਂ।
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭੈਣ ਜੀ ਤੇ ਭਾਈਆ ਜੀ, ਬੀਬੀ ਬਲਵਿੰਦਰ ਕੌਰ ਅਤੇ ਭਾਜੀ ਇੰਦਰਜੀਤ ਸਿੰਘ ਮੰਡਿਆਲਾ ਕੋਲੋਂ ਅਤੇ ਸ਼ਹੀਦ ਭਾਈ ਸੁੱਖਾ-ਜਿੰਦਾ ਦੇ ਸਾਥੀ ਭਾਈ ਨਿਰਮਲ ਸਿੰਘ ਨਿੰਮਾ, ਜੋ ਭਾਈ ਸਾਹਿਬਾਨ ਦੀ ਸ਼ਹਾਦਤ ਵੇਲੇ ਪੂਨਾ ਜੇਲ੍ਹ ਵਿਚ ਹੀ ਕੈਦ ਸਨ, ਕੋਲੋਂ ਵੀ ਚਿੱਠੀਆਂ ਇਕੱਤਰ ਕੀਤੀਆਂ। ਭਾਈ ਨਿਰਮਲ ਸਿੰਘ ਕੋਲੋਂ ਜੰਮੂ ਵਾਲੀਆਂ ਬੀਬੀਆਂ, ਭੈਣ ਜੀ ਰਵਿੰਦਰ ਕੌਰ, ਭੈਣ ਜੀ ਚਰਨਜੀਤ ਕੌਰ ਰਾਜੂ ਨੂੰ ਭਾਈ ਸਾਹਿਬਾਨ ਵੱਲੋਂ ਲਿਖੀਆਂ ਚਿੱਠੀਆਂ ਮਿਲੀਆਂ ਹਨ।
ਜੇਲ੍ਹ ਜੀਵਨ ਦੌਰਾਨ ਭਾਈ ਸੁੱਖਾ-ਜਿੰਦਾ ਦਾ ਉਸ ਵੇਲੇ ਅਮਰੀਕਾ ਵਿਚ ਕੈਦ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਅਤੇ ਭਾਈ ਸੁਖਮਿੰਦਰ ਸਿੰਘ ਸੁੱਖੀ ਨਾਲ ਵੀ ਚਿੱਠੀਆਂ ਰਾਹੀਂ ਰਾਬਤਾ ਕਾਇਮ ਹੋ ਗਿਆ ਸੀ। ਉਹਨਾਂ ਕੋਲ ਵੀ ਅਮਰੀਕਾ ਦੀ ਜੇਲ੍ਹ ਵਿਚ ਭਾਈ ਸੁੱਖਾ-ਜਿੰਦਾ ਦੀਆਂ ਚਿੱਠੀਆਂ ਸਨ। ਭਾਈ ਕੁੱਕੀ-ਸੁੱਖੀ ਨੂੰ ਇੰਡੀਆ ਵਿਚ ਭੇਜਣ ਲਈ ਜਦੋਂ ਜੇਲ੍ਹ ਵਿਚੋਂ ਬਾਹਰ ਲਿਆਂਦਾ ਗਿਆ ਤਾਂ ਜੇਲ੍ਹ ਵਿਚੋਂ ਉਹਨਾਂ ਨੂੰ ਕੋਈ ਵੀ ਕਾਗਜ਼-ਪੱਤਰ ਬਾਹਰ ਨਹੀਂ ਲਿਆਉਣ ਦਿੱਤਾ ਗਿਆ। ਇਸ ਲਈ ਉਹ ਚਿੱਠੀਆਂ ਨਹੀਂ ਮਿਲ ਸਕੀਆਂ।
ਭਾਈ ਸੁੱਖਾ-ਜਿੰਦਾ ਦਾ ਇੰਗਲੈਂਡ ਦੀ ਜੇਲ੍ਹ ਵਿਚ ਕੈਦ ਰਹੇ ਭਾਈ ਰਾਜਿੰਦਰ ਸਿੰਘ ਮੁਗਲਵਾਲ ਅਤੇ ਭਾਈ ਮਨਜੀਤ ਸਿੰਘ ਖਾਨੋਵਾਲ ਨਾਲ ਵੀ ਚਿੱਠੀਆਂ ਰਾਹੀਂ ਰਾਬਤਾ ਸੀ। ਇਹਨਾਂ ਦੋਵਾਂ ਸਿੰਘਾਂ ਨੂੰ ਗੁਰੂ ਦੋਖੀ ਦਰਸ਼ਨ ਦਾਸ ਨੂੰ ਇੰਗਲੈਂਡ ਵਿਚ ਸੋਧਣ ਬਦਲੇ ਉਮਰ ਕੈਦ ਸੁਣਾਈ ਗਈ ਸੀ। ਉਹਨਾਂ ਨੇ ਵੀ ਭਾਈ ਸਾਹਿਬਾਨ ਦੀਆਂ ਚਿੱਠੀਆਂ ਵਿਚੋਂ ਇਸ ਪੁਸਤਕ ਲਈ ਮਸੌਦਾ ਸਾਂਝਾ ਕੀਤਾ ਹੈ।
ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ ਦੀ ਪਤਨੀ ਬੀਬੀ ਪਰਮਜੀਤ ਕੌਰ ਦਾ ਭਾਈ ਸੁੱਖਾ-ਜਿੰਦਾ ਨਾਲ ਜੇਲ੍ਹ ਵਿਚ ਮੁਲਾਕਾਤਾਂ ਤੇ ਚਿੱਠੀ-ਪੱਤਰ ਰਾਹੀਂ ਰਾਬਤਾ ਸੀ। ਭੈਣ ਜੀ ਭਾਈ ਸੁੱਖਾ-ਜਿੰਦਾ ਤੇ ਜੁਝਾਰੂ ਸਿੰਘਾਂ ਦਰਮਿਆਨ ਸੁਨੇਹਿਆਂ ਦਾ ਅਦਾਨ-ਪ੍ਰਦਾਨ ਵੀ ਕਰਦੇ ਸਨ। ਬੀਬੀ ਪਰਮਜੀਤ ਕੌਰ ਅੱਜ ਸੰਸਾਰ ਵਿਚ ਨਹੀਂ ਹਨ ਤੇ ਹਾਲਾਤ ਕੁਝ ਐਸੇ ਬਣੇ ਕਿ ਉਹਨਾਂ ਕੋਲ ਭਾਈ ਸੁੱਖਾ-ਜਿੰਦਾ ਦੀਆਂ ਜੋ ਜੇਲ੍ਹ ਚਿੱਠੀਆਂ ਸਨ ਉਹ ਵੀ ਹੁਣ ਮੌਜੂਦ ਨਹੀਂ ਹਨ।
ਇਸ ਤੋਂ ਇਲਾਵਾ ਕਈ ਹੋਰ ਸੱਜਣ, ਜਿਹਨਾਂ ਦਾ ਭਾਈ ਸੁੱਖਾ-ਜਿੰਦਾ ਨਾਲ ਚਿੱਠੀ-ਪੱਤਰ ਦਾ ਰਾਬਤਾ ਸੀ, ਕੋਲੋਂ ਚਿੱਠੀਆਂ ਬਾਰੇ ਪਤਾ ਕਰਨ ਲਈ ਸੰਪਰਕ ਕੀਤਾ ਸੀ ਪਰ ਇਸ ਵਾਰ ਹੋਰ ਚਿੱਠੀਆਂ ਨਹੀਂ ਮਿਲ ਸਕੀਆਂ। ਵੈਸੇ ਅਸੀਂ ਯਤਨ ਜਾਰੀ ਰੱਖਾਂਗੇ।
ਭਾਈ ਸਾਹਿਬਾਨ ਦੀਆਂ ਇਹ ਚਿੱਠੀਆਂ ਪੜ੍ਹਦਿਆਂ ਉਹਨਾਂ ਦੀ ‘ਧੁਰ ਥੀਂ ਅਜ਼ਾਦ’ ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। ਪੜ੍ਹਦਿਆਂ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਕਿਵੇਂ ਉਹ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਅਡੋਲ ਤੇ ਪ੍ਰਸੰਨ ਚਿਤ ਖੜ੍ਹੇ ਸਨ ਤੇ ‘ਯਾਰੜੇ ਦੀ ਗਲਵੱਕੜੀ’ ਤੇ ਸ਼ਹਾਦਤ ਦੀ ਸੁਲੱਖਣੀ ਘੜੀ ਦੀ ਉਡੀਕ ਕਰ ਰਹੇ ਹਨ। ਇਸੇ ਅਹਿਸਾਸ ਦੇ ਮੱਦੇਨਜ਼ਰ ਹੀ ਇਸ ਕਿਤਾਬ ਦਾ ਨਾਮ ‘ਅਜ਼ਾਦਨਾਮਾ’ ਰੱਖਣ ਦਾ ਫੁਰਨਾ ਬਣਿਆ।
ਭਾਈ ਸਾਹਿਬਾਨ ਦੀਆਂ ਚਿੱਠੀਆਂ ਦਾ ਮਜ਼ਮੂਨ ਅਜ਼ਾਦ ਜੀਵਨ ਦਾ ਝਲਕਾਰਾ ਦਿੰਦਾ ਹੈ। ਉਹਨਾਂ ਦੀਆਂ ਕੀਤੀਆਂ ਆਮ ਗੱਲਾਂ ਤੇ ਹਾਸਾ-ਮਖੌਲ ਵੀ ਉਹਨਾਂ ਦੀ ਸ਼ਹਾਦਤ ਦੇ ਪਰਸੰਗ ਵਿਚ ਵੇਖਿਆਂ ਵੱਡੇ ਅਰਥ ਦਿੰਦਾ ਹੈ। ਇਹਨਾਂ ਚਿੱਠੀਆਂ ਵਿਚ ਭਾਈ ਸਾਹਿਬਾਨ ਨੇ ਗੁਰਬਾਣੀ ਪ੍ਰੇਮ, ਗੁਰਮਤਿ ਦੀ ਮਾਰਗ ਸੇਧ, ਨਾਮ ਸਿਮਰਨ ਦੀ ਮਹਿਮਾ, ਗੁਰਬਾਣੀ ਪੜ੍ਹਨ, ਨਾਮ ਸਿਮਰਨ ਕਰਨ ਤੇ ਖਾਲਸਾਈ ਜੀਵਨ ਤੇ ਰਹਿਤ ਧਾਰਨ ਕਰਨ ਦੀ ਪ੍ਰੇਰਣਾ, ਖਾਲਿਸਤਾਨ ਬਾਰੇ ਸਿਧਾਂਤਕ ਸਪੱਸ਼ਟਤਾ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਲਿਖਿਆ ਹੈ।
ਖਾਲਿਸਤਾਨ ਅਤੇ ਸੰਘਰਸ਼ ਬਾਰੇ ਭਾਈ ਸਾਹਿਬਾਨ ਦੀਆਂ ਜੇਲ੍ਹ ਚਿੱਠੀਆਂ ਵਿਚ ਦਰਜ ਸਪੱਸ਼ਟ ਬਿਆਨੀਆਂ ਅੱਜ ਦੇ ਸਮੇਂ ਹੋਰ ਵੀ ਵੱਧ ਅਹਿਮੀਅਤ ਅਖਤਿਆਰ ਕਰਦੀਆਂ ਹਨ। ੧੯੯੨ ਵਿਚ ਭਾਈ ਹਰਜਿੰਦਰ ਸਿੰਘ ਜਿੰਦਾ ਵੱਲੋਂ ਆਪਣੇ ਮਾਤਾ ਗੁਰਨਾਮ ਕੌਰ ਜੀ ਨੂੰ ਲਿਖੀ ਚਿੱਠੀ ਵਿਚ ਦਰਜ਼ ‘ਖਾਲਿਸਤਾਨ ਦਾ ਪਵਿੱਤਰ ਸੰਕਲਪ’, ‘ਜੰਗ-ਏ-ਖਾਲਿਸਤਾਨ’, ‘ਸਾਡਾ ਉਦੇਸ਼’, ‘ਸਾਡਾ ਕੇਂਦਰੀ ਨੁਕਤਾ’, ‘ਸਾਡੇ ਦੁਸ਼ਮਣ ਤੇ ਮਿੱਤਰ’ ਆਦਿ ਨੁਕਤੇ ਅੱਜ ਦੇ ਨੌਜਵਾਨਾਂ ਲਈ, ਅੱਜ ਦੇ ਸਮੇਂ ਵਿਚਾਰਨੇ ਹੋਰ ਵੀ ਵਧੇਰੇ ਅਹਿਮ ਹਨ।
ਚਿੱਠੀਆਂ ਪੜ੍ਹ ਕੇ ਇਕ ਗੱਲ ਬਹੁਤ ਸਾਫ ਹੋ ਜਾਂਦੀ ਹੈ ਕਿ ਭਾਈ ਸਾਹਿਬਾਨ ਆਪਣੇ ਬਾਰੇ ਬਹੁਤਾ ਕੁਝ ਬਿਆਨ ਕਰਨ ਦੀ ਲੋੜ ਨਹੀਂ ਸੀ ਸਮਝਦੇ। ਆਪਣੇ ਬਾਰੇ ਅਤੇ ਆਪਣੇ ਜੁਝਾਰੂ ਜਥੇ ਬਾਰੇ ਜੋ ਬਿਆਨੀ ਉਹਨਾਂ ਦਰਜ ਕੀਤੀ ਹੈ ਉਹ ਵੀ ਚਿੱਠੀਆਂ ਲਿਖਣ ਵਾਲਿਆਂ ਦੇ ਬਹੁਤ ਕਹਿਣ ਉੱਤੇ ਕੀਤੀ ਹੈ। ਜਦੋਂ ਕੋਈ ਉਹਨਾਂ ਨੂੰ ਉਹਨਾਂ ਬਾਰੇ ਕੋਈ ਖਾਸ ਗੱਲ ਪੁੱਛ ਲੈਂਦਾ ਸੀ ਤਾਂ ਉਹ ਉਸੇ ਗੱਲ ਦਾ ਹੀ ਸੰਖੇਪ ਜਿਹਾ ਜਵਾਬ ਲਿਖ ਦਿੰਦੇ ਸਨ। ਆਪਣੇ ਜਥੇ ਦੇ ਹੋਰਨਾਂ ਜੁਝਾਰੂਆਂ ਬਾਰੇ ਵੀ ਇਸੇ ਤਰ੍ਹਾਂ ਦੇ ਹੀ ਸੰਖੇਪ ਬਿਆਨ ਦਰਜ਼ ਹਨ ਜੋ ਚਿੱਠੀਆਂ ਪੜ੍ਹਨ ਉੱਤੇ ਪਤਾ ਲੱਗ ਜਾਂਦਾ ਹੈ ਕਿ ਉਸ ਤੋਂ ਪਹਿਲਾਂ ਮਿਲੀ ਚਿੱਠੀ ਦੇ ਜਵਾਬ ਵਿਚ ਲਿਖੇ ਗਏ ਹਨ।
ਭਾਈ ਸਾਹਿਬਾਨ ਦੀਆਂ ਚਿੱਠੀਆਂ ਵਿਚਲੇ ਮਸੌਦੇ ਵਿਚੋਂ ਕਿਤਾਬ ਲਈ ਸਮੱਗਰੀ ਦੀ ਚੋਣ ਅਸੀਂ ਆਪਣੀ ਤੁੱਛ ਬੁੱਧੀ ਅਨੁਸਾਰ ਕੀਤੀ ਹੈ। ਪ੍ਰਮੁੱਖ ਪੈਮਾਨੇ ਇਹ ਰੱਖੇ ਹਨ ਕਿ ਸੰਘਰਸ਼ ਦੀਆਂ ਘਟਨਾਵਾਂ, ਸੰਘਰਸ਼ ਦੇ ਕਿਰਦਾਰਾਂ ਅਤੇ ਸੰਘਰਸ਼ ਦੇ ਕੇਂਦਰੀ ਨੁਕਤਿਆਂ ਬਾਰੇ ਸਪੱਸ਼ਟਤਾ ਦੇਣ ਵਾਲੀ, ਗੁਰਮਤਿ ਆਸ਼ੇ, ਗੁਰਬਾਣੀ, ਨਾਮ ਸਿਮਰਨ ਦੀ ਮਹਿਮਾ ਬਿਆਨ ਕਰਦੀ ਤੇ ਪ੍ਰੇਰਣਾ ਕਰਨ ਵਾਲੀ, ਭਾਈ ਸਾਹਿਬ ਤੇ ਉਹਨਾਂ ਦੇ ਸੰਗੀਆਂ ਬਾਰੇ ਜਾਣਕਾਰੀ ਦਿੰਦੀ, ਉਹਨਾਂ ਦੀ ਸਖਸ਼ੀਅਤ, ਦ੍ਰਿੜ੍ਹਤਾ ਤੇ ਸ਼ਹਾਦਤ ਪ੍ਰਤੀ ਚਾਅ ਨੂੰ ਬਿਆਨ ਕਰਦੀ ਸਮੱਗਰੀ ਸ਼ਾਮਿਲ ਕੀਤੀ ਜਾਵੇ। ਕੁਝ ਗੱਲਾਂ ਜੋ ਉਹਨਾਂ ਵੱਲੋਂ ਜੇਲ੍ਹ ਜੀਵਨ ਦੌਰਾਨ ਰੱਖੀ ਠਾਠ ਨੂੰ ਬਿਆਨ ਕਰਦੀਆਂ ਹਨ, ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਪਰਿਵਾਰਕ ਜੀਆਂ ਜਾਂ ਜਿਹਨਾਂ ਨੂੰ ਚਿੱਠੀਆਂ ਲਿਖੀਆਂ ਸਨ, ਨਾਲ ਨਿੱਜੀ ਗੱਲਬਾਤ, ਸੁੱਖ-ਸਾਂਦ ਦੇ ਵਿਸਤਾਰਤ ਸੁਨੇਹੇ ਲੱਗਦੀ ਵਾਹ ਸ਼ਾਮਿਲ ਨਹੀਂ ਕੀਤੇ ਗਏ।
ਭਾਈ ਸਾਹਿਬਾਨ ਵੱਲੋਂ ਕਈ ਵਾਰ ਕਿਸੇ ਮਸਲੇ ਜਾਂ ਵਿਸ਼ੇ ਬਾਰੇ ਇਕ ਤੋਂ ਵੱਧ ਚਿੱਠੀਆਂ ਵਿਚ ਜ਼ਿਕਰ ਕੀਤਾ ਜਾਂਦਾ ਸੀ। ਜੋ ਲਿਖਤਾਂ ਇੰਨ-ਬਿੰਨ ਇਕ ਤੋਂ ਵੱਧ ਚਿੱਠੀਆਂ ਵਿਚ ਸਨ ਲੱਗਦੀ ਵਾਹ ਉਨ੍ਹਾਂ ਦਾ ਦੁਹਰਾਓ ਨਾ ਛਾਪਣ ਦੀ ਹੀ ਪਹੁੰਚ ਅਪਨਾਈ ਹੈ। ਪਰ ਫਿਰ ਵੀ ਕੁਝ ਕੁ ਚਿੱਠੀਆਂ ਵਿਚ ਇਹ ਦੁਹਰਾਉ ਜ਼ਰੂਰ ਆਵੇਗਾ।
ਇੱਕ ਹੋਰ ਅਹਿਮ ਪੈਮਾਨਾ ਅਸੀਂ ਇਹ ਰੱਖਿਆ ਹੈ ਕਿ ਹਰ ਚਿੱਠੀ ਦੀ ਲਿਖਤ ਅਸਲੀ ਚਿੱਠੀ ਵਿੱਚ ਦਰਜ਼ ਇਬਾਰਤ ਦੀ ਤਰਜ ਉੱਤੇ ਹੀ ਸ਼ੁਰੂ ਕੀਤੀ ਜਾਵੇ ਅਤੇ ਇਸੇ ਤਰਜ ਉੱਤੇ ਹੀ ਖਤਮ ਕੀਤੀ ਜਾਵੇ ਤਾਂ ਕਿ ਪਾਠਕ ਲਿਖਤ ਪੜਦਿਆਂ ਮਹਿਸੂਸ ਕਰ ਸਕਣ ਕਿ ਉਹ ਭਾਈ ਸਾਹਿਬਾਨ ਦੀ ਚਿੱਠੀ ਪੜ੍ਹ ਰਹੇ ਹਨ।
ਅਸੀਂ ਆਪਣੀ ਤੁੱਛ ਬੁੱਧੀ ਅਨੁਸਾਰ ਚਿੱਠੀਆਂ ਨੂੰ ਸਿਰਲੇਖ ਦਿੱਤੇ ਹਨ। ਇਸੇ ਤਰ੍ਹਾਂ ਚਿੱਠੀ ਵਿਚ ਦਰਜ ਵੱਖ-ਵੱਖ ਵਿਸ਼ਿਆਂ ਦੇ ਬਾਰੇ ਉੱਪ-ਸਿਰਲੇਖ ਇਸ ਆਸ ਨਾਲ ਕੱਢੇ ਹਨ ਕਿ ਸ਼ਾਇਦ ਇਸ ਨਾਲ ਪਾਠਕਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਦਰਜ ਵਾਰਤਾ ਲੱਭਣ ਵਿਚ ਅਸਾਨੀ ਹੋਵੇਗੀ।
ਭਾਈ ਸੁੱਖਾ-ਜਿੰਦਾ ਨੂੰ ਜੇਲ੍ਹ ਵਿਚ ਜੋ ਚਿੱਠੀਆਂ ਜਾਂਦੀਆਂ ਸਨ ਉਹਨਾਂ ਵਿਚੋਂ ਕੁਝ ਕੁ ਚਿੱਠੀਆਂ ਉਹ ਹੋਰਨਾਂ ਨੂੰ ਡਾਕ ਰਾਹੀਂ ਜਾਂ ਹੋਰ ਸਾਧਨ ਰਾਹੀਂ ਭੇਜ ਦਿੰਦੇ ਸਨ। ਬਾਕੀ ਚਿੱਠੀਆਂ ਉਹ ਪਾੜ ਜਾਂ ਅਗਨਭੇਟ ਕਰ ਦਿੰਦੇ ਸਨ। ਇਸ ਗੱਲ ਦਾ ਜ਼ਿਕਰ ਉਹਨਾਂ ਵਲੋਂ ਲਿਖੀਆਂ ਚਿੱਠੀਆਂ ਵਿਚ ਹੀ ਮਿਲਦਾ ਹੈ।
ਪਾਠਕ ਧਿਆਨ ਦੇਣ ਕਿ ਕੁਝ ਚਿੱਠੀਆਂ ਭਾਈ ਸਾਹਿਬਾਨ ਨੇ ਦੋ-ਤਿੰਨ ਦਿਨਾਂ ਵਿਚ ਵੀ ਲਿਖੀਆਂ ਸਨ। ਇਸ ਲਈ ਕਈ ਚਿੱਠੀਆਂ ਦੇ ਸ਼ੁਰੂ ਤੇ ਅੰਤ ਵਿਚ ਵੱਖ-ਵੱਖ ਤਰੀਕਾਂ ਦਰਜ਼ ਹਨ। ਇਸ ਕਿਤਾਬ ਦੇ ਅਖੀਰ ਵਿਚ ਕੁਝ ਅੰਕਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਜਿਸ ਵਿਚ ਹੋਰਨਾਂ ਵੱਲੋਂ ਸ਼ਹੀਦ ਭਾਈ ਸੁੱਖਾ-ਜਿੰਦਾ ਨੂੰ ਲਿਖੀਆਂ ਚਿੱਠੀਆਂ ਤੇ ਕੁਝ ਹੋਰ ਚਿੱਠੀਆਂ ਤੇ ਲਿਖਤਾਂ ਸ਼ਾਮਿਲ ਹਨ।
ਜੁਝਾਰੂ ਸਿੰਘਾਂ ਭਾਈ ਦਲਜੀਤ ਸਿੰਘ ਬਿੱਟੂ, ਸ਼ਹੀਦ ਭਾਈ ਗੁਰਜੰਟ ਸਿੰਘ, ਸ਼ਹੀਦ ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ ਅਤੇ ਭਾਈ ਗੁਰਸ਼ਰਨ ਸਿੰਘ ਗਾਮਾ ਉਰਫ ਭਲਵਾਨ ਦੀ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਲਿਖੀ ਇਕ ਚਿੱਠੀ ਭਾਈ ਨਿਰਮਲ ਸਿੰਘ ਨਿੰਮਾ ਕੋਲੋਂ ਮਿਲੇ ਦਸਤਾਵੇਜ਼ਾਂ ਵਿਚ ਮਿਲੀ ਸੀ, ਉਹ ਵੀ ਅੰਕਿਤਾਵਾਂ ਵਿਚ ਸ਼ਾਮਿਲ ਕੀਤੀ ਗਈ ਹੈ।
ਪੰਡਤ ਬਿਹਾਰੀ ਲਾਲ ਸਿੰਘ, ਜਿਹਨਾਂ ਦੇ ਪਰਿਵਾਰ ਦਾ ਸੰਘਰਸ਼ ਵਿਚ ਯੋਗਦਾਨ ਹੈ ਅਤੇ ਉਹਨਾਂ ਦੇ ਪਰਿਵਾਰ ਦੇ ਜੀਆਂ ਨੇ ਤੀਜੇ ਘੱਲੂਘਾਰਾ (ਜੂਨ ੧੯੮੪) ਅਤੇ ਖਾੜਕੂ ਸੰਘਰਸ਼ ਦੌਰਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਹਨ, ਦੀਆਂ ਦੋ ਚਿੱਠੀਆਂ ਤੇ ਉਹਨਾਂ ਦੇ ਪਰਿਵਾਰ ਦੇ ਪੰਜ ਸ਼ਹੀਦਾਂ ਦੀ ਜੀਵਨੀ ਵਾਲੀ ਲਿਖਤ ਵੀ ਇਸ ਕਿਤਾਬ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ। ਇਹ ਚਿੱਠੀਆਂ ਤੇ ਜੀਵਨੀ ਭਾਈ ਸਾਹਿਬਾਨ ਨੇ ਪੂਨਾ ਜੇਲ੍ਹ ਵਿਚੋਂ ਜੰਮੂ ਵਾਲੀਆਂ ਬੀਬੀਆਂ ਨੂੰ ਭੇਜ ਦਿੱਤੀਆਂ ਸਨ ਜਿਹਨਾਂ ਦੀ ਨਕਲ ਭਾਈ ਨਿਰਮਲ ਸਿੰਘ ਨਿੰਮਾ ਕੋਲੋਂ ਮਿਲੇ ਦਸਤਾਵੇਜ਼ਾਂ ਵਿਚ ਮਿਲੀ ਹੈ।
ਇਸ ਕਿਤਾਬ ਵਿਚ ਭਾਈ ਸਾਹਿਬਾਨ ਦੀਆਂ ਜੇਲ੍ਹ ਵਿਚ ਖਿਚਵਾਈਆਂ ਤਸਵੀਰਾਂ ਵਿਚੋਂ ਕੁਝ ਚੋਣਵੀਆਂ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਹੋ ਸਕਦਾ ਹੈ ਕਿ ਪਾਠਕਾਂ ਦੇ ਮਨ ਵਿਚ ਸਵਾਲ ਆਵੇ ਕਿ ਉਹਨਾਂ ਜੇਲ੍ਹ ਵਿਚ ਤਸਵੀਰਾਂ ਕਿਵੇਂ ਖਿਚਵਾ ਲਈਆਂ ਸਨ? ਇਸ ਦਾ ਜਵਾਬ ਤੁਹਾਨੂੰ ਕਿਤਾਬ ਪੜ੍ਹ ਕੇ ਭਾਈ ਸਾਹਿਬਾਨ ਦੀ ਜ਼ੁਬਾਨੀ ਹੀ ਮਿਲ ਜਾਵੇਗਾ।
ਇਸ ਕਿਤਾਬ ਵਿਚ ਭਾਈ ਸੁੱਖਾ-ਜਿੰਦਾ ਦੀਆਂ ਨਿਸ਼ਾਨੀਆਂ ਦੀਆਂ ਤਸਵੀਰਾਂ ਅਤੇ ਵੇਰਵੇ ਵੀ ਸ਼ਾਮਿਲ ਕੀਤੇ ਗਏ ਹਨ। ਇਹ ਨਿਸ਼ਾਨੀਆਂ ਭੈਣ ਜੀ ਬਲਵਿੰਦਰ ਕੌਰ ਅਤੇ ਭਾਜੀ ਇੰਦਰਜੀਤ ਸਿੰਘ ਮੰਡਿਆਲਾ ਦੇ ਪਰਿਵਾਰ ਨੇ ਸਾਂਭ ਕੇ ਰੱਖੀਆਂ ਹੋਈਆਂ ਹਨ। ਇਹਨਾਂ ਨਿਸ਼ਾਨੀਆਂ ਵਿਚ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦਾ ਸ਼ਹੀਦੀ ਚੋਲਾ ਤੇ ਦਸਤਾਰ, ਕਲਮਾਂ ਤੇ ਦਵਾਤਾਂ ਜਿਹਨਾਂ ਨਾਲ ਸ਼ਹੀਦ ਸਿੰਘ ਚਿੱਠੀਆਂ ਲਿਖਦੇ ਸਨ, ਵੀ ਸ਼ਾਮਿਲ ਹੈ। ਇਹਨਾਂ ਵਿਚ ਉਹ ਥਰਮੋਸ ਵੀ ਸ਼ਾਮਿਲ ਹੈ ਜਿਸ ਵਿਚ ਭਾਈ ਸਾਹਿਬਾਨ ਨੇ ਸ਼ਹਾਦਤ ਤੋਂ ਪਹਿਲੀ ਰਾਤ ਨੂੰ ਕੁਝ ਚਿੱਠੀਆਂ ਤੇ ਦਸਤਾਵੇਜ਼ ਪਾ ਦਿੱਤੇ ਸਨ ਤੇ ਪਰਿਵਾਰ ਨੂੰ ਜਦੋਂ ਉਹਨਾਂ ਦਾ ਸਾਰਾ ਸਮਾਨ ਦਿੱਤਾ ਗਿਆ ਤਾਂ ਉਸ ਵਿਚੋਂ ਉਹਨਾਂ ਨੂੰ ਉਹ ਚਿੱਠੀਆਂ ਮਿਲ ਗਈਆਂ ਸਨ।
ਭਾਈ ਸਾਹਿਬਾਨ ਦੀਆਂ ਕੁਝ ਨਿਸ਼ਾਨੀਆਂ ਭਾਈ ਨਿਰਮਲ ਸਿੰਘ ਨਿੰਮਾ ਕੋਲ ਹਨ ਪਰ ਉਹਨਾਂ ਦੀਆਂ ਤਸਵੀਰਾਂ ਲਾਹੁਣ ਤੇ ਵੇਰਵੇ ਦਰਜ ਕਰਨ ਦਾ ਸਬੱਬ ਇਸ ਵਾਰ ਨਹੀਂ ਬਣ ਸਕਿਆ। ਭਵਿੱਖ ਦੀਆਂ ਛਾਪਾਂ ਤੱਕ ਇਹ ਕਾਰਜ ਕਰਕੇ ਤਸਵੀਰਾਂ/ਵੇਰਵੇ ਦਰਜ ਕਰਨ ਦੀ ਕੋਸ਼ਿਸ਼ ਰਹੇਗੀ। ਭਾਈ ਸਾਹਿਬਾਨ ਦੀਆਂ ਕੁਝ ਨਿਸ਼ਾਨੀਆਂ ਵਿਦੇਸ਼ ਵਿਚ ਹਨ। ਜਿਹਨਾਂ ਵਿਚੋਂ ਇਕ ਕਮੀਜ਼ ਅਤੇ ਜੇਲ੍ਹ ਵਿਚ ਸਾਂਭੇ ਕੇਸਾਂ ਦੇ ਖਜਾਨੇ ਵਿਚੋਂ ਕੁਝ ਹਿੱਸਾ ਨਿਊਜ਼ੀਲੈਂਡ ਵਿਖੇ ਹੈ। ਭਾਈ ਸਾਹਿਬਾਨ ਦੇ ਦੋ ਚੋਲੇ ਭਾਈ ਸੁੱਖਾ-ਜਿੰਦਾ ਤੇ ਭਾਈ ਬਲਜਿੰਦਰ ਸਿੰਘ ਰਾਜੂ ਦੇ ਰਿਸ਼ਤੇਦਾਰਾਂ ਕੋਲ ਇੰਗਲੈਂਡ ਵਿਚ ਹਨ। ਇਸੇ ਤਰ੍ਹਾਂ ਭਾਈ ਸਾਹਿਬਾਨ ਦੀ ਇਕ ਦਸਤਾਰ ਅਮਰੀਕਾ ਵਿਚ ਡਾਕਟਰ ਪ੍ਰਿਤਪਾਲ ਸਿੰਘ ਕੋਲ ਹੈ।
ਇਸ ਕਾਰਜ ਦੀ ਪ੍ਰੇਰਨਾ ਕਰਨ, ਚਿੱਠੀਆਂ, ਨਿਸ਼ਾਨੀਆਂ ਤੇ ਤਸਵੀਰਾਂ ਸਾਂਝੀਆਂ ਕਰਨ ਅਤੇ ਕਿਤਾਬ ਦੀ ਤਿਆਰੀ ਵਿਚ ਸਹਿਯੋਗ ਕਰਨ ਵਾਲੇ ਸਮੂਹ ਜੀਆਂ ਦਾ ਹਾਰਦਿਕ ਧੰਨਵਾਦ।
ਅਸੀਂ ਇਹ ਗੱਲ ਮੰਨਣ ਵਿਚ ਕੋਈ ਝਿਜਕ ਨਹੀਂ ਰੱਖਣੀ ਚਾਹੁੰਦੇ ਕਿ ਇਹ ਕਾਰਜ ਅਹਿਮ ਤੇ ਵੱਡਾ ਸੀ ਤੇ ਸਾਡੀ ਸਮਰੱਥਾ ਤੇ ਬੁੱਧੀ ਸੀਮਤ ਹੈ। ਇਸ ਕਾਰਨ ਇਹ ਕਾਰਜ ਵਿਚ ਕੁਝ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਜਿਹਨਾਂ ਦੀ ਅਸੀਂ ਅਗਾਊਂ ਮਾਫੀ ਮੰਗਦੇ ਹਾਂ। ਸਤਿਗੁਰਾਂ ਦੇ ਚਰਨਾਂ ਵਿਚ ਸੁਮੱਤ ਦਾਨ ਦੀ ਅਰਦਾਸ ਕਰਦੇ ਹਾਂ ਤੇ ਸ਼ਹੀਦਾਂ ਦੀ ਸ਼ਹਾਦਤ ਅੱਗੇ ਸਿਰ ਨਿਵਾਉਂਦੇ ਹਾਂ।
ਪਰਮਜੀਤ ਸਿੰਘ ਗਾਜ਼ੀ, ਰਣਜੀਤ ਸਿੰਘ
੮ ਅਕਤੂਬਰ ੨੦੨੩, ਪਟਿਆਲਾ ।
Related Topics: Azadnama, New Book Azadnama, Parmjeet Singh Gazi, Ranjit Singh, Shaheed Bhai Harjinder Singh Jinda, Shaheed Bhai Sukhdev Singh Sukha