February 1, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ: ਲੰਡਨ ਵਿੱਚ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਬਣਾਉਣ ਲਈ ਸੱਦੀ ਗਈ ਪਹਿਲੀ ਮੀਟਿੰਗ ਵਿੱਚ ਹੀ 3.75 ਲੱਖ ਪੌਂਡ ਇਕੱਠੇ ਹੋ ਗਏ ਹਨ। ਪਰਵਾਸੀ ਸਿੱਖਾਂ ਵੱਲੋਂ ਭਰੇ ਇਸ ਹੁੰਗਾਰੇ ਨਾਲ ਪ੍ਰਬੰਧਕਾਂ ਦਾ ਹੌਸਲਾ ਵਧਿਆ ਹੈ ਕਿ ਇਹ ਜੰਗੀ ਯਾਦਗਾਰ ਉਸਾਰਨ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਬਣਾਉਣ ਲਈ ਮਨਜ਼ੂਰੀ ਮਿਲ ਗਈ ਹੈ।
ਤਕਰੀਬਨ ਦਰਜਨ ਐਮ.ਪੀ ਨੇ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਬਣਾਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੰਗਲੈਂਡ ਦੇ ਰਾਜਸੀ ਆਗੂਆਂ ਨੇ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਇਸ ਕਾਰਜ ਦੀ ਹਮਾਇਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ 15 ਦਾਨੀ ਸੱਜਣਾਂ ਨੇ ਹੀ 3.75 ਲੱਖ ਪੌਂਡ ਇਕੱਤਰ ਕੀਤੇ ਹਨ ਅਤੇ ਹਰ ਮੈਂਬਰ ਨੇ 25 ਹਜ਼ਾਰ ਪੌਂਡ ਦਾਨ ਕੀਤੇ ਹਨ। ਇਸ ਰਾਸ਼ੀ ਦਾ ਚੈੱਕ ਬਣਾ ਦਿੱਤਾ ਗਿਆ ਹੈ। ਢੇਸੀ ਨੇ ਦੱਸਿਆ ਕਿ ਲੰਡਨ ਦੇ ਮੇਅਰ ਤੇ ਉਥੋਂ ਦੀਆਂ ਹੋਰ ਸਥਾਨਕ ਅਥਾਰਟੀਜ਼ ਨੇ ਵੀ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨੇੜ ਭਵਿੱਖ ਵਿੱਚ ਸਾਰਿਆਂ ਦੇ ਸਹਿਯੋਗ ਨਾਲ ਇਹ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਢੇਸੀ ਨੇ ਦੱਸਿਆ ਕਿ ਇਸ ਜੰਗੀ ਯਾਦਗਾਰ ’ਚ ਵਿਸ਼ਵ ਜੰਗਾਂ ਵਿੱਚ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਦਰਸਾਉਂਦੀਆਂ ਨਿਸ਼ਾਨੀਆਂ ਸਥਾਪਤ ਕੀਤੀ ਜਾਣਗੀਆਂ। ਇਸ ਮੀਟਿੰਗ ਵਿੱਚ ਲੰਡਨ ਦੇ ਮੇਅਰ ਸਾਦਿਕ ਖਾਨ ਸਮੇਤ, ਜਸਪਾਲ ਸਿੰਘ ਢੇਸੀ, ਗੁਰਮੇਲ ਸਿੰਘ ਮੱਲ੍ਹੀ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
Related Topics: National Sikh War Memorial in London, Sikhs in London, Tanmanjit Singh Dhesi