ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਪੰਜਾਬ ਅਤੇ ਕਸ਼ਮੀਰ ਦੇ ਆਜ਼ਾਦੀ ਪੱਖੀ ਸੰਗਠਨਾਂ ਨੇ ਯੁਰਪੀਨ ਪਾਰਲੀਮੈਂਟ ਨੂੰ ਕੌਮੀ ਕੇਸ ਪੇਸ਼ ਕੀਤਾ

April 3, 2016 | By

ਬਰਸਲਜ਼ (ਬੈਲਜੀਅਮ): ਅੰਤਰਰਾਸ਼ਟਰੀ ਭਾਈਚਾਰੇ ਤੱਕ ਆਪਣੀ ਆਵਾਜ਼ ਅਤੇ ਪੀੜਾ ਨੂੰ ਪਹੁੰਚਾਉਣ ਲਈ ਯੂਰਪ ਵਿੱਚ ਵਸਦੇ ਸਿੱਖ ਅਤੇ ਕਸ਼ਮੀਰੀ ਭਾਈਚਾਰੇ ਦੇ ਪ੍ਰਤੀਨਿਧਾਂ ਨੇ ਯੂਰਪੀਅਨ ਯੂਨੀਅਨ ਕੋਲ ਪਹੁੰਚ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਉਹ ਸਿੱਖਾਂ ਅਤੇ ਕਸ਼ਮੀਰੀਆਂ ਸਮੇਤ ਭਾਰਤ ਅਧੀਨ ਰਹਿਣ ਵਾਲੇ ਦਲਿਤਾਂ ਨੂੰ ਦਬਾਉਣ ਲਈ ਭਾਰਤੀ ਰਾਜਪ੍ਰਣਾਲੀ ਵੱਲੋਂ ਵਰਤੇ ਜਾ ਰਹੇ ਹੱਥਕੰਡਿਆਂ ਸਬੰਧੀ ਭਾਰਤੀ ਸਰਕਾਰ ਦੀ ਜਵਾਬਤਲਬੀ ਕਰਨ।

ਯੂਰਪੀਨ ਪਾਰਲੀਮੈਂਟ ਨੂੰ ਮੈਮੋਰੈਂਡਮ ਸੌਂਪਦੇ ਹੋਏ ਸਿੱਖ ਅਤੇ ਕਸ਼ਮੀਰੀ ਆਗੂ

ਯੂਰਪੀਨ ਪਾਰਲੀਮੈਂਟ ਨੂੰ ਮੈਮੋਰੈਂਡਮ ਸੌਂਪਦੇ ਹੋਏ ਸਿੱਖ ਅਤੇ ਕਸ਼ਮੀਰੀ ਆਗੂ

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰੂਸਲਜ਼ ਦੌਰੇ ਦਾ ਵਿਰੋਧ ਕਰਦਿਆਂ ਯੁਰਪ ਦੀਆਂ ਚਾਰ ਸਿੱਖ ਜਥੇਬੰਦੀਆਂ ਨੇ ਕਸ਼ਮੀਰ ਦੇ ਆਜ਼ਾਦੀ ਪੱਖੀ ਸੰਗਠਨਾਂ ਨਾਲ ਮਿਲ ਕੇ ਯੂਰਪੀਅਨ ਕੌਂਸਲ ਦੇ ਨੁਮਾਇੰਦਿਆਂ ਨੂੰ ਪੰਜਾਬ ਅਤੇ ਕਸ਼ਮੀਰ ਦੇ ਲੋਕਾਂ ਦੇ ਮਨੁੱਖੀ ਹੱਕਾਂ ਦੀ ਸਥਿਤੀਂ ਬਾਰੇ ਮੈਮੋਰੈਂਡਮ ਦਿੱਤੇ। ਦੋਨਾਂ ਕੌਮਾਂ ਦੇ ਪ੍ਰਤੀਨਿਧਾਂ ਨੇ ਵੱਖ-ਵੱਖ ਮੈਮੋਰੈਡਮ ਦਿੱਤੇ।

ਇਸ ਦੌਰਾਨ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ-ਯੂਰਪੀਨ ਯੁਨੀਅਨ ਸੰਮੇਲਨ ਵਿੱਚ ਹਿੱਸਾ ਲੈ ਰਹੇ ਸਨ ਉਸ ਸਮੇਂ ਸਿੱਖ ਅਤੇ ਕਸ਼ਮੀਰੀ ਜਥੇਬੰਦੀਆਂ ਦੇ ਨੁਮਾਂਇੰਦਿਆਂ ਨੇ ਬਰੂਸਲਜ਼ ਵਿੱਚ ਸਥਿਤ ਯੁਰਪੀਨ ਪਾਰਲੀਮੈਂਟ ਦੇ ਬਾਹਰ ਰੋਸ ਮੁਜ਼ਾਹਰਾ ਵੀ ਕੀਤਾ।

ਦਲ ਖਾਲਸਾ ਦੇ ਬੈਲਜੀਅਮ ਦੇ ਪ੍ਰਧਾਨ ਭਾਈ ਜਗਮੋਹਨ ਸਿੰਘ ਮੰਡ ਨੇ ਸਿੱਖ ਕੌਮ ਵੱਲੋਂ ਯੂਰਪੀਅਨ ਕੌਂਸਲ ਦੇ ਪਧਾਨ ਮਾਰਟਿਨ ਸਕਲਜ਼ ਨੂੰ ਮੈਮੋਰੈਂਡਮ ਦਿੰਦਿਆਂ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਤੇ ਹੋ ਰਿਹਾ ਜੁਲਮ, ਵਿਤਕਰਾ ਅਤੇ ਨਫਰਤ ਕੋਈ ਨਵੀਂ ਨਹੀਂ ਹੈ, ਇਹ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਲਗਾਤਾਰ ਲੁਕਵੇਂ ਰੂਪ ਵਿੱਚ ਜਾਰੀ ਹੈ ਜੋ ਹੁਣ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਲੋਕ ਅਤਿ ਖਤਰਨਾਕ ਸਮਿਆਂ ਵਿੱਚੋਂ ਦੀ ਲੰਘ ਰਹੇ ਹਨ।

ਦਲ ਖਾਲਸਾ, ਸਿੱਖ ਫੇਡਰੇਸ਼ਨ (ਜਰਮਨੀ), ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬੱਬਰ ਖਾਲਸਾ (ਬੈਲਜੀਅਮ) ਦੇ ਨੁਮਾਇੰਦਿਆਂ ਵੱਲੋਂ ਸਾਂਝੇ ਤੌਰ ਉਤੇ ਦਿੱਤੇ ਗਏ ਇਸ ਮੈਮੋਰੈਂਡਮ ਵਿੱਚ ਕਿਹਾ ਗਿਆ ਹੈ ਇਸਾਈ, ਮੁਸਲਮਾਨ, ਸਿੱਖਾਂ ਤੋਂ ਇਲਾਵਾ ਜੈਅਨਯੂ ਅਤੇ ਹੈਦਰਬਾਦ ਯੁਨੀਵਰਸਿਟੀ ਦੇ ਵਿਦਿਆਰਥੀਆਂ ਤੋਂ ਪ੍ਰੋਫੈਸਰਾਂਂ ਤਕ ਹਰ ਕੋਈ ਆਰ.ਐਸ.ਐਸ ਵਲੋਂ ਥੋਪੇ ਜਾ ਰਹੇ ਅਖੌਤੀ ਰਾਸ਼ਟਰਵਾਦ ਦੇ ਸੰਕਲਪ ਦਾ ਸ਼ਿਕਾਰ ਹੋ ਰਿਹਾ ਹੈ। ਉਹਨਾਂ ਦਸਿਆ ਕਿ ਇਸ ਤਰ੍ਹਾਂ ਦੇ ਡਰ ਵਾਲੇ ਮਾਹੌਲ ਵਿੱਚ ਘੱਟਗਿਣਤੀਆਂ ਅਤੇ ਦਲਿਤਾਂ ਨੂੰ  ਸਾਫ ਸਾਫ ਕਿਹਾ ਜਾ ਰਿਹਾ ਹੈ ਕਿ ਜੇਕਰ “ਤੁਸੀਂ ਸਾਡੀ  (ਹਿੰਦੂ) ਰਾਸ਼ਟਰਵਾਦ ਦੀ ਪ੍ਰੀਭਸ਼ਾ ਨਾਲ ਸਹਿਮਤ ਨਹੀਂ ਤਾਂ ਤੁਸੀ ਦੇਸ਼ ਵਿਰੋਧੀ ਹੋ”।

ਆਰ.ਐਸ.ਐਸ-ਭਾਜਪਾ ਵੱਲੋਂ ਘੜੀ ਜਾ ਰਹੀ ਰਾਸ਼ਟਰਵਾਦ ਦੀ ਪ੍ਰੀਭਾਸ਼ਾ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਪਣੀ ਆਜ਼ਾਦ ਪਛਾਣ ਅਤੇ ਸੁਨਿਹਰੀ ਇਤਿਹਾਸ ਹੈ।ਉਨ੍ਹਾਂ ਯੂਰਪੀਅਨ ਕੌਂਸਲ ਦੇ ਨੁਮਾਂਇੰਦਿਆਂ ਨੂੰ ਅਪੀਲ਼ ਕੀਤੀ ਕਿ ਉਹ ਨਰਿੰਦਰ ਮੋਦੀ ਵਰਗੇ ਆਗੂਆਂ ਨਾਲ ਗੱਲਬਾਤ ਕਰਨ ਮੌਕੇ ਭਾਰਤ ਵਿੱਚ ਰਹਿ ਰਹੀਆਂ ਘੱਟਗਿਣਤੀ ਕੌਮਾਂ ਅਤੇ ਸੰਘਰਸ਼ਸ਼ੀਲ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣ। ਉਨ੍ਹਾਂ ਵਿਸ਼ਵ ਭਾਈਚਾਰੇ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਰਥਿਕ ਲਾਭਾਂ ਦੇ ਬਦਲੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਨਜ਼ਰਅੰਦਾਜ ਕਰਨਾ ਖਤਰਨਾਕ ਹੈ।

ਇਸ ਮੈਮੋਰੈਂਡਮ ਵਿੱਚ ਬੀਤੇ ਦਹਾਕਿਆਂ ਦੌਰਾਨ ਪੰਜਾਬ ਵਿੱਚ ਹੋਏ ਵੱਡੇ ਪੱਧਰ ਤੇ ਮਨੁੱਖੀ ਅਧਿਖਾਰਾਂ ਦੇ ਘਾਣ ਦੇ ਵੇਰਵਿਆਂ ਬਾਰੇ ਤਫਸੀਲ ਵਿੱਚ ਜਾਣਕਾਰੀ ਦਿੱਤੀ ਗਈ।ਇਸ ਦੇ ਨਾਲ ਹੀ ਬੀਤੇ ਨਵੰਬਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਦੇ ਪ੍ਰਬੰਧਕਾਂ ਦੀ ਦੇਸ਼ ਧਰੋਹ ਦੇ ਕੇਸ ਵਿੱਚ ਕੀਤੀ ਗਈ ਗ੍ਰਿਫਤਾਰੀ ਅਤੇ ਬਹਿਬਲ ਕਲ਼ਾਂ ਵਿਖੇ ਪੁਲਿਸ ਗੋਲੀ ਨਾਲ ਮਾਰੇ ਗਏ ੨ ਸਿੱਖਾਂ ਦਾ ਵੀ ਜਿਕਰ ਕੀਤਾ ਗਿਆ ਹੈ।

ਮੈਮੋਰੈਂਡਮ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਭਾਰਤ ਦੀਆਂ ਸਰਕਾਰਾਂ ਵੱਲੋਂ ਰਾਇਪੇਰੀਅਨ ਕਾਨੂੰਨ ਦੀਆਂ ਧੱਜੀਆਂ ਉੜਾ ਕੇ ਭਾਰਤੀ ਸੰਵਿਧਾਨ ਦੇ ਵੀ ਵਿਰੁੱਧ ਜਾ ਕੇ ਪੰਜਾਬ ਦੇ ਇੱਕ-ਮਾਤਰ ਕੁਦਰਤੀ ਸਰੋਤ ਪਾਣੀ ਦੀ ਲਗਾਤਾਰ ਲੁੱਟ ਕੀਤੀ ਜਾ ਰਹੀ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦਾ ੫੫ ਫਸਿਦੀ ਹਿੱਸਾ ਗੈਰ- ਰਾਇਪੇਰੀਅਨ ਸੂਬਿਆਂ ਰਾਜਸਥਾਨ, ਦਿੱਲੀ ਅਤੇ ਹਰਿਆਣਾ ਨੂੰ ਭਾਰਤੀ ਆਗੂਆਂ ਵੱਲੋਂ ਪੰਜਾਬ ਨਾਲ ਧੋਖਾ ਕਰਕੇ ਬਿਨ੍ਹਾਂ ਕਿਸੇ ਭੁਗਤਾਨ ਦੇ ਬੀਤੇ ਕਈ ਵਰ੍ਹਿਆਂ ਤੋਂ ਲੁਟਾਇਆ ਜਾ ਰਿਹਾ ਹੈ।

ਬੈਲਜੀਅਮ ਸਰਕਾਰ ਨਾਲ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਦਿਆਂ ਸਿੱਖ ਆਗੂਆਂ ਨੇ ਬਰੂਸਲਜ਼ ਬੰਬ ਧਮਾਕੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,