September 1, 2015 | By ਸਿੱਖ ਸਿਆਸਤ ਬਿਊਰੋ
ਅੰਮਿ੍ਤਸਰ (31 ਅਗਸਤ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਾਪਾਂ ਦਾ ਅੰਤ ਕਰਨ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ।
ਭਾਈ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦਾ ਖਿਤਾਬ ਦੇਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਇਸ ਮੌਕੇ ਕਿਹਾ ਕਿ ਸ਼ਹੀਦ ਕੌਮ ਦੇ ਸਾਂਝੇ ਹੁੰਦੇ ਹਨ ਤੇ ਉਨ੍ਹਾਂ ਦੀ ਸੋਚ ‘ਤੇ ਪਹਿਰਾ ਦੇਣਾ ਸਮੁੱਚੀ ਕੌਮ ਦਾ ਫਰਜ਼ ਹੈ ।
ਉਨ੍ਹਾਂ ਇਸ ਮੌਕੇ ਸਮੂਹ ਸਿੱਖਾਂ ਨੂੰ ਆਪੋ ਧਾਪ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦੀ ਤਾਕੀਦ ਕੀਤੀ ।
ਸਮਾਗਮ ਦੌਰਾਨ ਅਖੰਡ ਕੀਤਰਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਨੇ ਬੱਬਰ ਖਾਲਸਾ ਦੇ ਮੁਖੀ ਭਾਈ ਵਧਾਵਾ ਸਿੰਘ ਤੇ ਉਪ ਮੁਖੀ ਭਾਈ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਵੀ ਪੜ੍ਹ ਕੇ ਸੰਗਤ ਨੂੰ ਸੁਣਾਏ ।
ਇਹ ਸਮਾਗਮ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਬਿ੍ਟਿਸ਼ ਸਿੱਖ ਕੌਾਸਲ ਵੱਲੋਂ ਰੱਖਿਆ ਗਿਆ ਸੀ, ਜਿਨ੍ਹਾਂ ‘ਚੋਂ ਭਾਈ ਜੋਗਾ ਸਿੰਘ ਯੂ.ਕੇ., ਭਾਈ ਅਵਤਾਰ ਸਿੰਘ ਯੂ.ਕੇ., ਭਾਈ ਬਲਬੀਰ ਸਿੰਘ, ਭਾਈ ਰਜਿੰਦਰ ਸਿੰਘ ਪੁਰੇਵਾਲ, ਭਾਈ ਬਲਵਿੰਦਰ ਸਿੰਘ ਨਨੂੰਆਂ ਆਦਿ ਦੇ ਸੁਨੇਹੇ ਵੀ ਇਸ ਮੌਕੇ ਪੜ੍ਹੇ ਗਏ ।
ਸਮਾਗਮ ਦੌਰਾਨ ਕੌਮੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਤੇ ਪਾਬੰਦੀਆਂ ਕਾਰਨ ਵਿਦੇਸ਼ਾਂ ‘ਚ ਰਹਿ ਰਹੇ ਖਾੜਕੂ ਸਿੰਘਾਂ ਨੂੰ ਪੰਜਾਬ ਆਉਣ ਦੀ ਖੁੱਲ੍ਹ ਦੇਣ ਬਾਬਤ ਸਰਕਾਰ ਤੋਂ ਮੰਗ ਕੀਤੀ ਗਈ ।
ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਭਾਈ ਦਿਲਾਵਰ ਸਿੰਘ ਦੀ ਤਸਵੀਰ ਕੌਮੀ ਸ਼ਹੀਦ ਹੋਣ ਨਾਤੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਾਉਣ ਦੀ ਵੀ ਮੰਗ ਕੀਤੀ, ਜਿਸ ‘ਤੇ ਸਿੰਘ ਸਾਹਿਬ ਵੱਲੋਂ ਵਿਚਾਰ ਦਾ ਭਰੋਸਾ ਦਿੱਤਾ ਗਿਆ।
ਗਿਆਨੀ ਗੁਰਬਚਨ ਸਿੰਘ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਮਾਤਾ ਬੀਬੀ ਸੁਰਜੀਤ ਕੌਰ, ਭਰਾ ਭਾਈ ਚਮਕੌਰ ਸਿੰਘ, ਭਾਈ ਸ਼ਮਸ਼ੇਰ ਸਿੰਘ ਦੇ ਭਰਾ ਭਾਈ ਭਗਵੰਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਦਲ ਖਾਲਸਾ ਦੇ ਭਾਈ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੰੁਮਾਣ, ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਭਾਈ ਭਪਿੰਦਰ ਸਿੰਘ ਭਲਵਾਨ, ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਹਰਪਾਲ ਸਿੰਘ ਚੀਮਾ, ਅਕਾਲੀ ਦਲ ਅੰਮਿ੍ਤਸਰ ਦੇ ਸਕੱਤਰ ਜਨਰਲ ਜਸਕਰਨ ਸਿੰਘ ਕਾਹਣ ਸਿੰਘ ਵਾਲਾ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਪ੍ਰੋ: ਮਹਿੰਦਰ ਪਾਲ ਸਿੰਘ, ਸਿੱਖ ਸਟੂਡੈਂਟ ਫੈੱਡਰੇਸ਼ਨ ਭਿੰਡਰਾਵਾਲਾ ਦੇ ਭਾਈ ਬਲਵੰਤ ਸਿੰਘ ਗੋਪਾਲਾ, ਸਿੱਖ ਰਲੀਫ ਯੂ.ਕੇ. ਦੇ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ, ਭਾਈ ਪਰਮਿੰਦਰ ਸਿੰਘ, ਸਿੰਘ ਸਭਾ ਲਹਿਰ ਭਾਈ ਰਾਜ ਸਿੰਘ ਸਹਿਣਾ, ਸਿੱਖ ਯੂਥ ਫੈੱਡਰੇਸ਼ਨ ਭਿੰਡਰਾਵਾਲਾ ਅੰਮਿ੍ਤਸਰ ਦੇ ਡਾ: ਗੁਰਜਿੰਦਰ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪਰਮਜੀਤ ਸਿੰਘ ਟਾਂਡਾ, ਅਮਰੀਕ ਸਿੰਘ ਨੰਗਲ, ਭਾਈ ਬਲਜੀਤ ਸਿੰਘ ਖਾਲਸਾ, ਭਾਈ ਕਮਿਕਰ ਸਿੰਘ, ਭਾਈ ਰਣਜੀਤ ਸਿੰਘ ਸਮੇਤ ਸਿੱਖ ਸੰਗਤਾਂ ਹਾਜ਼ਰ ਸਨ।
Related Topics: Akal Takhat Sahib, Shaheed Bhai Dilawar Singh