January 11, 2016 | By ਸਿੱਖ ਸਿਆਸਤ ਬਿਊਰੋ
ਫ਼ਤਹਿਗੜ੍ਹ ਸਾਹਿਬ (10 ਜਨਵਰੀ, 2016): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨਿਤ ਕਰਨ ਲਈ ਅੱਜ ਸਿੱਖ ਜੱਥੇਬੰਦੀਆਂ ਦਾ ਜੱਥਾ ਇੱਥੋਂ ਦਿੱਲੀ ਰਵਾਨਾ ਹੋਇਆ। ਜੱਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸਰਬੱਤ ਖਾਲਸਾ ਸਮਾਗਮ ਦੌਰਾਨ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਥਾਪਣ ਤੋਂ ਬਾਅਦ ਇਹ ਸਨਮਾਨ ਦਿੱਤਾ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਕਈ ਪੰਥਕ ਜਥੇਬੰਦੀਆਂ ਦੇ ਮੈਂਬਰ ਕਾਫ਼ਲੇ ਦੇ ਰੂਪ ਰਵਾਨਾ ਹੋਣ ਤੋਂ ਪਹਿਲਾਂ ਜਥੇਬੰਦੀਆਂ ਦੇ ਆਗੂਆਂ ਨੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸਾਹਮਣੇ ਇਕੱਠ ਕਰ ਕੇ ਆਪਣੇ ਵਿਚਾਰ ਰੱਖੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਗਤਾਰ ਸਿੰਘ ਹਵਾਰਾ ਨੂੰ ‘ਕੌਮ ਦਾ ਹੀਰਾ’ ਦੱਸਦਿਆਂ ਕਿਹਾ ਕਿ ਸਰਬੱਤ ਖ਼ਾਲਸਾ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੌਂਪੀ ਗਈ ਹੈ। ਉਨ੍ਹਾਂ ਦੇ ਸਨਮਾਨ ਲਈ ਕੱਲ੍ਹ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਲੈ ਕੇ ਰਵਾਨਾ ਹੋਏ ਪੰਜ ਸਿੰਘ ਫ਼ਤਹਿਗੜ੍ਹ ਸਾਹਿਬ ਪੁੱਜੇ ਹਨ, ਜਿਨ੍ਹਾਂ ਨਾਲ ਸਮੂਹ ਪੰਥਕ ਜਥੇਬੰਦੀਆਂ ਭਲਕੇ ਦਿੱਲੀ ਦੀ ਅਦਾਲਤ ਵਿੱਚ ਪੇਸ਼ੀ ਮੌਕੇ ਜਗਤਾਰ ਸਿੰਘ ਹਵਾਰਾ ਦਾ ਸਨਮਾਨ ਕਰਨਗੀਆਂ।
ਪੰਥਕ ਆਗੂ ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸਰਬੱਤ ਖ਼ਾਲਸਾ ਵੱਲੋਂ ਸਮੁੱਚੀ ਕੌਮ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਭਾੲੀ ਹਵਾਰਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗੲੀ ਹੈ। ਉਨ੍ਹਾਂ ਕਿਹਾ ਕਿ ਸਨਮਾਨ ਕਰਨ ਮੌਕੇ ਹਵਾਰਾ ਨਾਲ ਸਿੱਖ ਪੰਥ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵੀ ਕੀਤੀ ਜਾਵੇਗੀ।
ਇਸ ਮੌਕੇ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਮਾਸਟਰ ਕਰਨੈਲ ਸਿੰਘ ਨਾਰੀਕੇ, ਫ਼ਤਹਿਗੜ੍ਹ ਸਾਹਿਬ ਦੇ ਹਲਕਾ ਇੰਚਾਰਜ ਕੁਲਦੀਪ ਸਿੰਘ ਪਹਿਲਵਾਨ, ਜਗਤਾਰ ਸਿੰਘ ਹਵਾਰਾ ਦਾ ਜੀਜਾ ਹਰਪ੍ਰੀਤ ਸਿੰਘ ਅਤੇ ਭੈਣ ਪੁਸ਼ਪਿੰਦਰ ਕੌਰ, ਪੀਏਸੀ ਮੈਂਬਰ ਬਹਾਦਰ ਸਿੰਘ ਭਦੌੜ, ਕੌਮੀ ਯੂਥ ਪ੍ਰਧਾਨ ਰਣਦੇਵ ਸਿੰਘ ਦੇਬੀ, ਸੀਨੀਅਰ ਯੂਥ ਆਗੂ ਭਾਈ ਕੁਲਦੀਪ ਸਿੰਘ ਦੁਭਾਲੀ, ਦਫ਼ਤਰ ਸਕੱਤਰ ਰਣਜੀਤ ਸਿੰਘ ਚੀਮਾ ਆਦਿ ਮੌਜੂਦ ਸਨ।
Related Topics: Bhai Jagtar Singh Hawara, Sarbat Kalsa(2015), Shiromani Akali Dal Amritsar (Mann), Simranjeet Singh Mann