February 15, 2012 | By ਸਿੱਖ ਸਿਆਸਤ ਬਿਊਰੋ
– ਇੰਜੀ. ਮਨਵਿੰਦਰ ਸਿੰਘ ਗਿਆਸਪੁਰ
ਜਰਮਨ ਵਿੱਚ ਯਹੂਦੀਆਂ ਦੇ ਕਤਲੇਆਮ ਦਾ ਮੁੱਢ 9 ਨਵੰਬਰ 1938 ਨੂੰ ਬੰਨਿਆ ਗਿਆ। ਉਸ ਦਿਨ ਹਿਟਲਰ ਨੇ ਆਪਣੇ ਖਾਸਮ ਖਾਸ ਮੰਤਰੀ ਗੋਬਲਜ਼ ਨਾਲ਼ ਸੰਖੇਪ ਰੂਪ ਵਿੱਚ ਸਲਾਹ ਮਸ਼ਵਰਾ ਕੀਤਾ ਅਤੇ ਗੋਬਲਜ਼ ਨੇ ਮੀਟਿੰਗ ਵਿੱਚ ਪਰਤ ਕੇ ਬਾਕੀ ਮੈਂਬਰਾਂ ਨੂੰ ਸਿਰਫ ਏਨੀ ਕੁ ਗੱਲ ਹੀ ਦੱਸੀ ਕਿ ਰਾਜ ਦੇ ਮੁਖੀ ਹਿਟਲਰ ਦਾ ਫੈਸਲਾ ਹੈ ਕਿ ਅੱਜ ਦੀ ਰਾਤ ਜੇਕਰ ਦੇਸ਼ ਭਰ ਅੰਦਰ ਹਿੰਸਾਂ ਤੇ ਦੰਗੇ ਭੜਕ ਉੱਠਦੇ ਹਨ ਤਾਂ ਉਹਨਾਂ ਤੋਂ ਘਬਰਾਉਣ ਤੇ ਉਹਨਾਂ ਨੂੰ ਦਬਾਉਣ ਦੀ ਖੇਚਲ ਨਾਂ ਕੀਤੀ ਜਾਵੇ । ਪਾਰਟੀ ਦੇ ਲੀਡਰਾਂ ਨੇ ਆਪਣੇ ਆਗੂ ਦਾ ਇਸ਼ਾਰਾ ਸਮਝ ਲਿਆ ਸੀ । ਉਸ ਰਾਤ ਜਰਮਨੀ ਦੇ ਤਕਰੀਬਨ ਹਰ ਸ਼ਹਿਰ ਅੰਦਰ ਯਹੂਦੀਆਂ ਉਪਰ ਹਿੰਸਕ ਹਮਲੇ, ਸਾੜਫੂਕ, ਕਤਲ ਠੀਕ ਉਸੇ ਤਰੀਕੇ ਕੀਤੇ ਗਏ, ਜਿਵੇ 31 ਅਕਤੂਬਰ 84 ਵਿੱਚ ਰਾਜੀਵ ਗਾਂਧੀ ਦੇ ਉਸ ਬਿਆਨ ਜੋ ਉਹਨਾਂ ਧਰਮ ਦਾਸ ਸ਼ਾਸਤਰੀ ਜੀ ਦੇ ਸਾਹਮਣੇ ਦਿਤਾ ‘ ਮੇਰੀ ਮਾਂ ਮਰ ਗਈ ਹੈ, ਅਤੇ ਤੁਸੀਂ ਕੀ ਕੀਤਾ ਹੈ?’ ਤੋਂ ਬਾਅਦ ਕਤਲੇਆਮ ਹੋਇਆ ।
ਯਹੂਦੀਆਂ ਦਾ ਕਤਲ ਤੇ ਅਗਜਨੀ ਨੂੰ ਜਰਮਨ ਸਰਕਾਰ ਨੇ ‘ਆਪ ਮੁਹਾਰੇ ਪ੍ਰਤੀਕਰਮ’ ਦਾ ਨਾਉ ਦਿਤਾ । ਜਦੋ ਕਿ ਭਾਰਤੀ ਪ੍ਰਧਾਨ ਮੰਤਰੀ ਨੇ ਇਸ ਨੂੰ ਏਦਾਂ ਬਿਆਨ ਕੀਤਾ ‘ ਇੰਦਰਾ ਜੀ ਦੇ ਕਤਲ ਪਿਛੋਂ ਦੇਸ਼ ਵਿੱਚ ਕੁੱਝ ਦੰਗੇ ਹੋਏ । ਅਸੀਂ ਜਾਣਦੇ ਹਾਂ ਕਿ ਲੋਕ ਬਹੁਤ ਗੁੱਸੇ ਵਿੱਚ ਸਨ ਅਤੇ ਕੁੱਝ ਦਿਨ ਨਜਰ ਆਇਆਂ ਕਿ ਭਾਰਤ ਹਿੱਲਿਆ ਪਿਆ ਸੀ । ਪਰ ਜਦੋਂ ਇੰਝ ਸ਼ਕਤੀਸ਼ਾਲੀ ਦਰੱਖਤ ਡਿੱਗਦਾ ਹੈ, ਇਹ ਕੁਦਰਤੀ ਹੈ ਕਿ ਇਸ ਦੇ ਦੁਆਲ਼ੇ ਦੀ ਧਰਤੀ ਥੋੜਾ ਹਿੱਲਦੀ ਹੈ’ । ਨਵੰਬਰ 84 ਦਾ ਸਿੱਖ ਕਤਲੇਆਮ ਜਰਮਨਾ ਦੁਆਰਾ ਕੀਤੇ ਯਹੁਦੀਆਂ ਦੇ ਕਤਲੇਆਮ ਨਾਲ਼ ਬਹੁਤ ਮੇਲ ਖਾਂਦਾ ਹੈ । ਜਰੂਰੀ ਗੱਲ ਜਦੋ ਏਦਾਂ ਦਾ ਕਤਲੇਆਮ ਸਰਕਾਰੀ ਧਿਰ ਵਲੋਂ ਕੀਤਾ ਹੋਵੇ ਤਾਂ ਸਮੁੱਚੇ ਵਰਤਾਰੇ ਦੀ ਛਾਣਬੀਣ, ਪੁਖਤਾ ਸਬੂਤ ਜੁਟਾਉਣ ਦਾ ਕੰਮ ਕੋਈ ਸੌਖਾ ਨਹੀਂ ਰਹਿ ਜਾਂਦਾ । ਦੁੱਖ ਦੀ ਗੱਲ ਇਸ ਵਰਤਾਰੇ ਨੂੰ ਵਰਤਾਉਣ ਵਾਲੇ ਅਸਲੀ ਮੁਜਰਮਾਂ ਤੱਕ ਤਾ ਅਜੇ ਤੱਕ ਅਸੀਂ ਪਹੁੰਚੇ ਹੀ ਨਹੀਂ । ਜਿਵੇਂ ਯਹੂਦੀ ਵਿਦਵਾਨਾ ਅਨੁਸਾਰ ਜਰਮਨ ਦੇ ਲੋਕ ਸਾਰੀ ਜਿੰਮੇਵਾਰੀ ਨਾਜੀਵਾਦ ਸਿਰ ਮੜ ਕੇ ਦੋਸ਼ ਮੁਕਤ ਨਹੀਂ ਹੋ ਸਕਦੇ । ਇਹ ਵਰਤਾਰਾ ਕੋਈ ਬਾਹਰੀ ਵਰਤਾਰਾ ਨਹੀਂ ਸੀ ਇਹ ਜਰਮਨ ਵਿੱਚੋਂ ਹੀ ਉੱਗਿਆ ਅਤੇ ਹਮਾਇਤ ਹਾਸਲ ਹੋਈ ਸੀ । ਕਾਤਲਾ ਦਾ ਸੱਭ ਤੋਂ ਢੁਕਵਾਂ ਨਾਮ ਜਰਮਨ ਸੀ । ਇਹੋ ਗੱਲ ਨਵੰਬਰ 1984 ਦੇ ਵਰਤਾਰੇ ਵਿਚੋਂ ਭੀ ਝਲਕਦੀ ਹੈ । ਨਵੰਬਰ 84 ਦਾ ਕਤਲੇਆਮ ਹਿੰਦੂ ਸਮਾਜ ਵਿੱਚੋ ਹੀ ਉੱਗਿਆ ਸੀ । ਇਹ ਕੋਈ ਬਾਹਰੀ ਵਰਤਾਰਾ ਨਹੀਂ ਸੀ ਅਤੇ ਇਸ ਨੂੰ ਹਿੰਦੂ ਸਮਾਜ ਦੀ ਹਮਾਇਤ ਹਾਸਲ ਹੋਈ ਸੀ । ਜਿਸ ਦੀ ਪ੍ਰਤੱਖ ਉਦਾਹਰਣ ਕਾਂਗਰਸ ਦਾ ਭਾਰੀ ਬਹੁਮਤ ਨਾਲ਼ ਜਿਤਣਾ ਸੀ, ਜਿਸ ਨੂੰ ਕਿ ਹਰ ਪਾਰਟੀ ਦੇ ਹਿੰਦੂ ਨੇ ਵੋਟ ਪਾਈ ਸੀ । ਸਿੱਖਾਂ ਤੇ ਜੁਲਮ ਕਰਨ ਵਾਲੇ ਬੇਸ਼ੱਕ ਬਹੁਤੇ ਕਾਂਗਰਸੀ ਸਨ ਪਰ ਕੁੱਝ ਕਾਗਰਸੀ ਨਹੀਂ ਵੀ ਸਨ । ਇਹਨਾਂ ਵਿੱਚ ਕੁੱਝ ਗੁੰਡੇ ਲਫੰਗੇ ਸਨ ਪਰ ਕੁੱਝ ਗੁੰਡੇ ਲਫੰਗੇ ਨਹੀਂ ਵੀ ਸਨ । ਕਾਤਲ ਭੀੜਾ ਨੂੰ ਨਿਰੋਲ ਕਾਂਗਰਸੀ ਕਹਿਣਾ ਜਾਂ ਗੁੰਡੇ ਬਦਮਾਸ਼ਾ ਦੀਆਂ ਕਹਿਣਾ ਸਰਾਸਰ ਗਲਤ ਹੈ ਜਦੋ ਕਿ ਉਹਨਾਂ ਵਿੱਚੋਂ ਚੋਖੀ ਗਿਣਤੀ ਦੂਸਰੀਆਂ ਰਾਜਸੀ ਪਾਰਟੀਆਂ ਅਤੇ ਹਮਦਰਦਾ ਦੀਆਂ ਸਨ । ਮਿਸਾਲ ਦੇ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਦਿੱਲੀ ਵਿੱਚ ਤਕੜਾ ਅਧਾਰ ਰਿਹਾ ਹੈ , ਪਰ ਦਿਲੀ ਅੰਦਰ ਸਿੱਖਾਂ ਦੇ ਕਤਲੇਆਮ ਦਾ ਜਥੇਬੰਦਕ ਰੂਪ ਵਿੱਚ ਵਿਰੋਧ ਕਰਨ ਦੀ ਕੋਈ ਇੱਕ ਵੀ ਉਦਾਹਰਣ ਨਹੀਂ ਮਿਲਦੀ । ਸੋ ਕਾਤਲ ਭੀੜਾਂ ਨੇ ਹਿੰਦੂਆਂ ਵਜੋਂ ਸੋਚਿਆ, ਹਿੰਦੂਆਂ ਵਜੋ ਮਹਿਸੂਸ ਕੀਤਾ ਅਤੇ ਹਿੰਦੂਆਂ ਦੇ ਤੌਰ ਤੇ ਹੀ ਆਪਣਾ ਪਰਤੀਕਰਮ ਪ੍ਰਗਟਾਇਆ ਸੀ । ਜਿੰਨਾ ਨੂੰ ਮਾਰਿਆ ਜਾਂ ਸਾੜਿਆ ਗਿਆ ਸੀ ਉਹ ਸਿੱਖ ਹੋਣ ਕਰਕੇ ਹੀ ਮਾਰਿਆ ਜਾਂ ਸਾੜਆ ਗਿਆ ਸੀ ਕਿਸੇ ਇੱਕ ਰਾਜਸ਼ੀ ਧੜੇ ਦਾ ਹੋਣ ਕਰਕੇ ਨਹੀਂ । ਸੋ ਇਹ ਗੱਲ ਸਹਿਜੇ ਹੀ ਕਹਿ ਸਕਦੇ ਹਾਂ ਕਿ ਕਾਤਲ ਹਿੰਦੂ ਸਨ ਤੇ ਕਤਲ ਹੋਣ ਵਾਲੇ ਸਿੱਖ । ਇਹ ਗੱਲ ਕਹਿਣੀ ਜਾਂ ਕਰਨੀ ਦਾ ਤੰਗ ਸੋਚ ਦਾ ਪ੍ਰਗਟਾਵਾ ਨਹੀਂ, ਬਲਕਿ ਵਾਪਰ ਚੁੱਕੇ ਖੂਨੀ ਵਰਤਾਰੇ ਨੂੰ ਠੀਕ ਰੂਪ ਵਿੱਚ ਸਮਝਣ ਲਈ ਅਜਿਹਾ ਕਰਨਾ ਅਤਿਅੰਤ ਜਰੂਰੀ ਹੈ ਤਾਂ ਜੋ ਅਜਿਹਾ ਗੈਰ ਮਨੁੱਖੀ ਕੰਮ ਅਗਾਹ ਤੋਂ ਕਿਸੇ ਨਾਲ਼ ਵੀ ਨਾਂ ਵਾਪਰੇ ।
ਸਿੱਖਾਂ ਨੂੰ ਕਿਉਂ ਨਿਸਾਨਾ ਬਣਾਇਆ ਗਿਆ ਇਸ ਦੀ ਅਸਲੀ ਮਨਸ਼ਾ ਸਮਝੇ ਬਿਨਾ ਹਿੰਦੂ ਸਮਾਜ ਅੰਦਰ ਪੈਦਾ ਹੋਈ ਪ੍ਰਵਿਰਤੀ ਦੀ ਸਮਝ ਨਹੀਂ ਪੈ ਸਕਦੀ । ਸਿੱਖਾ ਦੇ ਕਤਲੇਆਮ ਦਾ ਮੁੱਖ ਕਾਰਨ ਅਤੇ ਕੇਦਰੀ ਮਨੋਰਥ ਸਿੱਖਾਂ ਨੂੰ ਹਿੰਦੂ ਸਮਾਜ ਵਿੱਚ ਰਲਾਉਣਾ ਅਤੇ ਸਿੱਖਾਂ ਦੁਆਰਾ ਕੀਤੀ ਜਾ ਰਹੀ ਅੜੀ ਅਤੇ ਵਿਦਰੋਹ ਨੂੰ ਕੁਚਲ ਦੇਣਾ ਸੀ । ਕਾਗਰਸ ਦੇ ਰਵਾਇਤੀ ਵਿਰੋਧੀ ਅਡਵਾਨੀ (ਬੀ.ਜੇ.ਪੀ) ਨੇ ਸਿੱਖ ਸਮੱਸਿਆ ਦਾ ਹੱਲ ਇੱਕ ਬੰਬ ਦੱਸਿਆ ਸੀ । ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ ਇਕੱਲੇ ਕਾਂਗਰਸੀ ਹਿੰਦੂ ਵਰਗ ਅੰਦਰ ਹੀ ਨਹੀਂ ਲੱਗਭੱਗ ਹਰ ਤਰਾਂ ਦੇ ਹਿੰਦੂ ਵਰਗਾਂ, ਉਦਾਰ ਖਿਆਲੀਆਂ ਅਤੇ ਕਮਿਉਨਿਸਟਾਂ ਤੱਕ ਨੂੰ ਭਾਰੀ ਔਖ ਤੇ ਜਲਣ ਸੀ । ਨਵੰਬਰ 1984 ਵਿੱਚ ਹਿੰਦੂ ਵਰਗ ਨੇ ਸਿੱਖਾਂ ਵਿਰੁੱਧ ਆਪਣੀ ਕਿੜ ਕੱਢੀ ਸੀ । ਇਸ ਦੀ ਪੁਸਟੀ ਕਤਲੇਆਮ ਤੋਂ ਤੁਰੰਤ ਬਾਅਦ ਕਈ ਪ੍ਰਸਿੱਧ ਹਿੰਦੂ ਲੇਖਕਾ ਦੇ ਬੇਹੱਦ ਜਹਿਰੀਲੇ ਲੇਖਾਂ ਤੋ ਅੰਦਾਜਾ ਸਹਿਜੇ ਹੀ ਲਗਾ ਸਕਦੇ ਹਾਂ । ਐੱਮ ਵੀ ਕਾਮਥ ਵਰਗਿਆਂ ਤਾਂ ਇਥੋਂ ਤੱਕ ਕਹਿ ਦਿਤਾ ਕਿ ਸਿੱਖਾਂ ਨੇ ਕਾਲ ਦੀ ਗਤੀ ਤੇ ਸ਼ਕਤੀ ਨੂੰ ਮਨੋਂ ਭੁਲਾ ਛੱਡਿਆ ਹੈ, ਜਿਸ ਕਰਕੇ ਉਹ ਆਪਣੇ ਆਪ ਨੂੰ ਸਮੇਂ ਦੇ ਨਾਲ਼ ਬਦਲਣ ਤੋਂ ਇਨਕਾਰੀ ਹਨ ਅਤੇ ਇਸ ਤਰਾਂ ਉਹ ਸਿੱਖ ਸਮਾਜ ਨੂੰ ਮੁੜ 17 ਵੀਂ ਸਦੀ ਵਿੱਚ ਲੈ ਜਾਣਾ ਚਾਹੁੰਦੇ ਹਨ । ਉਹ ਅਤੀਤ ਵਿੱਚ ਹੀ ਰਹਿਣਾ ਚਾਹੁੰਦੇ ਹਨ ਅਤੇ ਭਵਿੱਖ ਵੱਲ੍ਹ ਵਧਣ ਤੋਂ ਡਰਦੇ ਹਨ । ਇਸ ਕਰਕੇ ਉਹ ਤੱਤ ਨੂੰ ਭੁਲਾ ਕੇ ਆਪਣਾ ਸਰੂਪ ਕਾਇਮ ਰੱਖਣ ਦੀ ਗੱਲ ਉੱਤੇ ਹੀ ਅੜੇ ਤੇ ਖੜੇ ਰਹਿਣਾ ਚਾਹੁੰਦੇ ਹਨ । ਇਸ ਸਾਰੇ ਲੇਖ ਦਾ ਕੇਦਰੀ ਭਾਵ ਸਿਰਫ ਇਹ ਹੀ ਸੀ ਕਿ ਨਵੰਬਰ 1984 ਵਿੱਚ ਪਈ ਮਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਵੱਖਰੀ ਪਛਾਣ ਰੱਖਣ ਦੀ ਜਿੱਦ ਛੱਡ ਕੇ ਹਿੰਦੂ ਮੁੱਖ ਧਾਰਾ ਵਿੱਚ ਸਾਮਿਲ ਹੋ ਜਾਣਾ ਚਾਹੀਦਾ ਹੈ ।
ਇਸ ਅਣਮਨੁੱਖੀ ਵਰਤਾਰੇ ਤੋਂ ਬਾਅਦ ਢੇਰ ਸਾਰੀਆਂ ਅਵਾਜਾ ਉੱਠੀਆਂ । ਮੀਤਾਂ ਬੋਸ ਜਿਸ ਨੇ ਪੀੜਤ ਸਿੱਖ ਬਾਈਚਾਰੇ ਨਾਲ਼ ਅਥਾਹ ਲਗਨ ਅਤੇ ਸਿਦਕ ਨਾਲ਼ ਕੰਮ ਕੀਤਾ ਨੇ ਇਕ ਇੰਟਰਵਿਊ ਵਿੱਚ ਕਿਹਾ, ‘ਸਿੱਖਾਂ ਬਾਰੇ ਤਾਂ ਪੱਕ ਨਾਲ਼ ਨਹੀਂ ਕਿਹਾ ਜਾ ਸਕਦਾ ਕਿ ਇੰਨਾ ਸਾਰਾ ਜ਼ੁਲਮ ਤੇ ਅਪਮਾਨ ਭੋਗਣ ਤੋਂ ਬਾਅਦ ਉਹ ਹੁਣ ਕੀ ਸੋਚਦੇ ਹਨ ਮੈਨੂੰ ਨਹੀਂ ਪਤਾ, ਪਰ ਜੇਕਰ ਮੈਂ ਸਿੱਖ ਹੁੰਦੀ ਤਾਂ ਇਹ ਸੱਭ ਭੋਗਣ ਤੋਂ ਬਾਅਦ ਮੈ ਭਾਰਤ ਦੇ ਕਿਸੇ ਕੜੇ-ਕਾਨੂੰਨ ਵਿੱਚ ਵਿਸ਼ਵਾਸ਼ ਨਹੀਂ ਸੀ ਰੱਖਣਾ..ਮੈਨੂੰ ਹੁਣ ਕੋਈ ਅਜਿਹੀ ਜਗ੍ਹਾ ਚਾਹੀਦੀ ਹੈ ਜਿਥੇ ਮੈਂ ਸੁਰੱਖਿਅੱਤ ਹੋ ਸਕਾਂ, ਕਿਉਂਕਿ ਜਿਸ ਸਿਸਟਮ ਨੇ ਮੇਰੀ ਇਸ ਕਦਰ ਹੇਠੀ ਕੀਤੀ ਕੀਤੀ ਹੈ ਉਸ ਵਿਚ ਮੈਨੂੰ ਹੁਣ ਕੋਈ ਵਿਸ਼ਵਾਸ ਨਹੀਂ ਰਹਿ ਗਿਆ ।(ਮੀਤਾ ਬੋਸ ਇੰਨ ਉਮਾਂ ਚੱਕਰਵਰਤੀ ਅਤੇ ਨੰਦਤਾ ਹਾਸਕਰ ਪੰਨਾ 295)
ਸਿੱਖਾਂ ਦੇ ਉਪਰਲੇ ਵਰਗ ਦੀ ਅਕਾਲੀਆਂ ਜਾਂ ਭਿੰਡਰਾਂਵਾਲਿਆਂ ਨਾਲ਼ ਕੋਈ ਹਮਦਰਦੀ ਨਹੀਂ ਸੀ ਖਾਸ ਕਰ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਕੈਪਟਨ ਤਲਵਾੜ ਵਰਗਿਆਂ ਦੀ ਪਰ ਜਦੋਂ ਇਹਨਾਂ ਨੂੰ ਨਵੰਬਰ 1984 ਵਿੱਚ ਦਬੋਚਿਆ ਗਿਆ ਤਾਂ ਇਹਨਾਂ ਨੂੰ ਪਹਿਲਾ ਵਾਰ ਬੇਗਾਨਗੀ ਦਾ ਅਹਿਸਾਸ ਹੋਇਆ ਅਤੇ ਸੰਤਾਂ ਦੀ ਅਦੁਤੀ ਸੂਝ ਉਹਨਾਂ ਦੇ ਕਾਨੇ ਵੜੀ । ਸਾਇਦ ਹੁਣ ਫੇਰ ਮਰ ਗਈ ਜਾ ਵਿਕ ਗਈ । ਤਲਵਾੜ ਇੱਕ ਗਰੁੱਪ ਕੈਪਟਨ ਦੇ ਤੌਰ ਤੇ ਸੇਵਾ ਮੁਕਤ ਹੋਇਆ ਅਤੇ ਇਕ ਬਿਜਨਸ ਮੈਨ ਦੇ ਤੌਰ ਤੇ ਉਸ ਦਾ ਨਵਾਂ ਕੈਰੀਅਰ ਸਥਾਪਿਤ ਹੋ ਚੁੱਕਾ ਸੀ । ਉਸ ਦਾ ਆਪਣਾ ਕੱਪੜੇ ਦਾ ਸੋ ਰੂਮ ਸੀ । 1 ਨਵੰਬਰ 1984 ਤਲਵਾੜ ਦੀ ਪ੍ਰਾਈਮ ਮਨਿਸਟਰ ਦੀ ਮੌਤ ਦੇ ਸੋਗ ਵਜੋਂ ਦੁਕਾਨ ਬੰਦ ਸੀ । ਅਚਾਨਕ 9:30 ਤੇ ਪਥਰਾਅ ਸ਼ੁਰੂ ਹੋ ਗਿਆ । ਧਾੜਵੀਆਂ ਨੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ । ਤਲਵਾੜ ਨੇ ਆਪਣੀ ਪਤਨੀ ਤੇ ਪੁੱਤਰਾਂ ਦੀ ਸਹਾਇਤਾ ਨਾਲ਼ ਜਲਦੀ ਹੀ ਬੁਝਾ ਲਈ ਗਈ ਜਦੋਂ ਕਿ ਪੁਲਿਸ ਸਟੇਸ਼ਨ ਉਹਨਾਂ ਦੇ ਘਰ ਤੋਂ ਸਿਰਫ ਅੱਧਾ ਕਿਲੋਮੀਟਰ ਹੀ ਦੂਰ ਸੀ । ਜੰਗੀ ਹੀਰੋ ਪੁਲਿਸ ਦੀਆਂ ਮਿੰਨਤਾ ਕਰਦਾ ਰਿਹਾ ਫਿਰ ਉਹ ਭੀੜ ਦੀਆਂ ਮਿੰਨਤਾ ਕਰਨ ਬਾਹਰ ਆ ਗਿਆ । ਉਸ ਦੇ ਹੱਥ 12 ਬੋਰ ਦੀ ਲਾਇਸੰਸੀ ਗੰਨ ਹੋਣ ਦੇ ਬਾਵਜੂਦ ਭੀੜ ਦੇ ਹੱਥ ਜੋੜ ਛੱਡ ਜਾਣ ਦੀ ਬੇਨਤੀ ਕਰਨ ਲੱਗਾ । ਉਸ ਨੇ ਭੀੜ ਨੂੰ ਇਥੋ ਤੱਕ ਕਿਹਾ ਕਿ ਉਹ ਮਿਲਟਰੀ ਅਫਸਰ ਹੈ ਤੇ ਉਸ ਨੂੰ ਪਰਮਵੀਰ ਚੱਕਰ ਵੀ ਮਿਲਿਆ ਹੋਇਆ ਹੈ । ਪਰ ਚਾਮਲੀ ਭੀੜ ਨੇ ਉਸ ਦੀ ਇੱਕ ਨਾ ਸੁਣੀ ਤੇ ਉਸ ਦੀ ਦੁਕਾਨ ਦੇ ਸ਼ਟਰ ਤੋੜ ਦੁਕਾਨ ਨੂੰ ਅੱਗ ਲਗਾ ਦਿਤੀ । ਤਲਵਾੜ ਦੇ ਘਰ ਤੇ ਧਾੜ ਦਾ ਤੀਜਾ ਹਮਲਾ 2.30 ਤੇ ਸ਼ੁਰੂ ਹੋਇਆਂ । ਇਸ ਹਮਲੇ ਦੌਰਾਨ ਦੋ ਸਰਕਾਰੀ ਬੱਸਾਂ ਅਚਾਨਕ ਗੇਟ ਮੂਹਰੇ ਰੁਕੀਆਂ । ਉਹ ਅੱਗ ਲਗਾਊ ਸਮੱਗਰੀ ਅਤੇ ਲੋਹੇ ਦੀਆਂ ਰਾਡਾ ਨਾਲ਼ ਲੈਸ ਸਨ । 4 ਵਜੇ ਤੱਕ ਭੀੜ ਦੀ ਗਿਣਤੀ 5000 ਤੱਕ ਹੋ ਗਈ ਸੀ । ਸਥਿਤੀ ਕੰਟਰੋਲ ਤੋਂ ਬਾਹਰ ਹੋ ਰਹੀ ਸੀ । ਭੀੜ ਨੇ ਘਰ ਦੇ ਦਰਵਾਜੇ ਤੋੜ ਮਾਲਕਾਂ ਨੂੰ ਲੁਕਣ ਥਾਂ ਤੋਂ ਲੱਭ ਲਿਆ । ਇਕ ਹਮਲਾਵਰ ਨੇ ਲੋਹੇ ਦੀ ਰਾਡ ਤਲਵਾਰ ਦੇ ਮੂੰਹ ਤੇ ਮਾਰ ਉਸ ਦਾ ਜਬਾੜਾ ਕੱਢ ਦਿਤਾ । ਪਰਿਵਾਰ ਨੂੰ ਕਾਤਲਾਨਾ ਧਾੜ ਤੋਂ ਬਚਾਉਣ ਦੇ ਆਖਰੀ ਚਾਰੇ ਵਜੋਂ ਤਲਵਾੜ ਨੇ ਗੋਲ਼ੀ ਚਲਾ ਦਿਤੀ । ਭੀੜ ਪੂਛ ਦਬਾ ਭੱਜ ਗਈ । ਤੁਰੰਤ ਖਾਕੀ ਵਰਦੀ ਵਾਲ਼ੇ ਪਹੁੰਚ ਗਏ ਉਹਨਾਂ ਨੇ ਆਪਣੀਆਂ ਬੰਦੂਕਾਂ ਭੀੜ ਨੂੰ ਫੜਾ ਦਿਤੀਆਂ । ਭੀੜ ਨੇ ਗੁਆਂਢੀਆਂ ਦੀ ਛੱਤ ਤੇ ਚੜ੍ਹ ਤਲਵਾੜ ਦੇ ਘਰ ਹੱਥ ਗੋਲੇ ਸੁੱਟੇ ਅਤੇ ਤਲਵਾੜ ਦੇ ਚੁਬਾਰੇ ਨੂੰ ਅੱਗ ਲੱਗ ਗਈ । ਇਸ ਦਾ ਲਾਭ ਲੈਂਦਿਆਂ ਭੀੜ ਨੇ ਘਰ ਅੰਦਰ ਇਕ ਵਾਰ ਫਿਰ ਦਾਖਲ ਹੋਣ ਦੀ ਕੋਸਿਸ ਕੀਤੀ । ਗੋਲੀ ਬਾਰੀ ਵਿੱਚ ਧਾੜ ਦੇ ਤਿੰਨ ਮੈਂਬਰ ਮੌਕੇ ਤੇ ਮਾਰੇ ਗਏ ਸੱਤ ਜਖਮੀਆਂ ਵਿੱਚੋਂ ਦੋ ਹਸਪਤਾਲ਼ ਵਿੱਚ ਦਮ ਤੋੜ ਗਏ ।
ਤਲਵਾੜ ਦੇ ਘਰ ਅੱਗੇ ਭੀੜ ਦੇ ਮਿਰਤਕਾਂ ਤੇ ਜਖਮੀਆਂ ਦੀ ਗਿਣਤੀ ਨੇ ਪੁਲਿਸ ਫੋਰਸ ਨੂੰ ਡਰਾ ਦਿਤਾ । ਸੀਨੀਅਰ ਅਫਸਰ ਤੇ ਜਿਲਾ ਇੰਨਚਾਰਜ ਅਮੋਦ ਕਾਂਤ ਅਤੇ ਸੁਭਾਸ਼ ਟੰਡਨ ਆਪ ਭੱਜਦੇ ਆਏ । ਇਹਨਾਂ ਸੀਨੀਅਰ ਅਫਸਰਾਂ ਨੇ ਭੀੜ ਨੂੰ ਖਿਡਾਉਣ ਦੀ ਕੋਈ ਵੀ ਕੋਸਿਸ ਨਾਂ ਕੀਤੀ । ਉਹਨਾਂ ਦਾ ਸਾਰਾ ਧਿਆਨ ਤਲਵਾੜ ਨੂੰ ਨਿਹੱਥੇ ਕਰਨ ਦਾ ਸੀ । ਅਮੋਦ ਕਾਤ ਨੇ ਲਾਉਡ ਸਪੀਕਰ ਰਾਂਹੀ ਜਾਨ ਮਾਲ ਦੀ ਰਾਖੀ ਦੀ ਸ਼ਰਤ ਤੇ ਤਲਵਾੜ ਨੂੰ ਹਥਿਆਰ ਸੁੱਟਣ ਲਈ ਮਨਾ ਲਿਆ । ਪਰ ਕਾਂਤ ਆਪਣੇ ਵਾਅਦੇ ਤੋਂ ਮੁੱਕਰ ਗਿਆ ਅਤੇ ਸਾਰਾ ਕਸੂਰ ਤਲਵਾੜ ਦੇ ਸਿਰ ਪਾ ਤਿਹਾੜ ਜੇਲ਼ ਭੇਜ ਦਿਤਾ । ਜਿਥੇ ਉਸ ਨਾਲ਼ ਅਣਮਨੁੱਖੀ ਵਤੀਰਾ ਕੀਤਾ ਗਿਆ । ਇਹ ਸੀ ਇੱਕ ਜੰਗੀ ਹੀਰੋ ਦੀ ਕਹਾਣੀ ।
ਤ੍ਰਿਲੋਕਪੁਰੀ ਜਿਥੇ ਸੱਭ ਤੋਂ ਵੱਧ ਕਤਲੇਆਮ ਹੋਇਆ ।ਇਸੇ ਇਲਾਕੇ ਦੀਆਂ ਤਕਰੀਬਨ ਸਾਰੀਆਂ ਜੁਆਨ ਲੜਕੀਆਂ ਨੂੰ ਗੁੰਡਿਆ ਦੁਆਰਾ ਚੁੱਕ ਨਾਲ਼ ਦੇ ‘ਚਿਲਾ’ ਪਿੰਡ ਵਿੱਚ ਲਿਜਾਇਆ ਗਇਆ । ਉਹਨਾ ਦੀ ਇਜਤ ਨੂੰ ਰੋਲਿਆ ਗਿਆ ਜਿਸ ਨੂੰ ਲਿਖਦਿਆਂ ਕਲਮ ਵੀ ਸ਼ਰਮਸਾਰ ਹੋ ਰਹੀ ਹੈ । ਇਸੇ ਤ੍ਰਿਲੋਕਪੁਰੀ ਵਿੱਚ ਹੀ ‘ਕਿਸੋਰੀ ਬੁੱਚੜ’ ਨੇ ਤਕਰੀਬਨ ਤੀਹ ਜਣਿਆ ਨੂੰ ਆਪਣੇ ਬੱਕਰੇ ਝਟਕਾਉਣ ਵਾਲੇ ਦਾਹ ਨਾਲ਼ ਕੱਟਿਆ ਸੀ । ਉਸ ਨੇ ਤਕਰੀਬਨ ਹਰੇਕ ਲਾਸ਼ ਤੇ ਪੰਦਰਾ ਟੁੱਕੜੇ ਕੀਤੇ । ਚਸ਼ਮਦੀਨ ਮੋਹਿੰਦਰ ਸਿੰਘ ਜੋ 32/7 ਤ੍ਰਿਲੋਕਪੁਰੀ ਦਾ ਨਿਵਾਸੀ ਸੀ ਉਸ ਦੇ ਆਪਣੇ ਬਿਆਨ ਮੁਤਾਬਕ ਇਸ ਬੁੱਚੜ ਨੇ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਪਿਤਾ ਦਰਸਣ ਸਿੰਘ ਨੂੰ ਦਾਹ ਨਾਲ਼ ਮਾਰਿਆ ਸੀ । ਉਸ ਨੇ ਪਿਤਾ ਜੀ ਦੇ ਕਈ ਟੁੱਕੜੇ ਕਰ ਦਿਤੇ, ਜਿਸ ਦੇ ਖੌਫ ਤੋਂ ਮੈਂ ਅੱਜ ਤੱਕ ਭੀ ਉਭਰ ਨਹੀਂ ਪਾਇਆ । ਇਸ ਬੁੱਚੜ ਨੇ ਤਿੰਨ ਭਾਈਆਂ ਦਰਸਣ ਸਿੰਘ, ਅਮਰ ਸਿੰਘ ਅਤੇ ਨਿਰਮਲ ਸਿੰਘ ਦੇ ਅਣਗਿਣਤ ਟੁੱਕੜੇ ਕੀਤੇ ਸਨ।
ਇਕ ਦੇ ਪਰਿਵਾਰ ਵਿੱਚ ਵਿਆਹ ਸੀ । ਵਿਆਹ ਹੋਣ ਕਾਰਨ ਬਹੁਤ ਸਾਰੇ ਪ੍ਰਾਹੁਣੇ ਆਏ ਹੋਏ ਸਨ । ਭੀੜ ਨੇ ਆਉਂਦਿਆਂ ਹੀ ਚਰਨ ਸਿੰਘ, ਅਸ਼ੋਕ ਸਿੰਘ, ਬਲਵਿੰਦਰ ਸਿੰਘ, ਇੰਦਰ ਸਿੰਘ, ਦਲੀਪ ਸਿੰਘ, ਭਜਨ ਸਿੰਘ, ਪ੍ਰੇਮ ਸਿੰਘ, ਧਰਮ ਸਿੰਘ ਅਤੇ ਅਨਿਲ ਸਿੰਘ ਸੱਭ ਨੂੰ ਹੀ ਮਾਰ ਦਿਤਾ । ਇਹ ਬੁੱਚੜ ਉਹਨਾਂ ਨੂੰ ਦਾਹ ਨਾਲ਼ ਵੱਢਣ ਤੋਂ ਬਾਅਦ ਉਹਨਾਂ ਦਾ ਖੁਨ ਮੂੰਹ ਨੂੰ ਲਗਾਉਂਦਾ ਸੀ । ਇਸ ਬੁੱਚੜ ਨੂੰ ਅੱਜ ਦੇਸ਼ ਦਾ ਕਾਨੂੰਨ ਵਧੀਆ ਆਚਰਣ ਵਾਲਾ ਮੰਨਦਾ ਹੋਇਆ ਰਿਹਾ ਕਰਨ ਜਾ ਰਿਹਾ ਹੈ । ਕੀ ਏਹੋ ਲੋਕ ਤੰਤਰ ਹੈ ?? ਅੱਜ ਤੱਕ ਹਤਿਆਰੇ ਸੱਤਾ ਦਾ ਨਿੱਘ ਮਾਣ ਰਹੇ ਨੇ ਤੇ ਸਾਡੇ ਵਿਚਾਰੇ ਬੇਕਸੂਰੇ ਸਿੰਘ ਜਿੰਨਾ ਸਿਰਫ ਜਬਰ ਵਿਰੁੱਧ ਬੋਲਣ ਦੀ ਜੁਰੱਅਤ ਕੀਤੀ ਉਹ ਕਾਲ਼ ਕੋਠੜੀਆਂ ਵਿੱਚ ਬੰਦ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ । ਕੀ ਏਦਾਂ ਦੀ ਅਜਾਦੀ ਲਈ ਅਸੀਂ ਕੁਰਬਾਨੀਆਂ ਕੀਤੀਆਂ ?
ਪ੍ਰੋ ਦਵਿੰਦਰ ਪਾਲ ਸਿੰਘ ਜੀ ਨੂੰ ਭਾਰਤ ਸਰਕਾਰ ਨੇ ਸਮਝੌਤੇ ਤਹਿਤ 1995 ਵਿੱਚ ਜਰਮਨ ਤੋਂ ਇਹ ਕਹਿ ਕੇ ਵਾਪਿਸ ਮੰਗਵਾ ਲਿਆ ਸੀ ਕਿ ਅਸੀਂ ਮੌਤ ਦੀ ਸਜਾ ਨਹੀਂ ਸੁਣਾਵਾਂਗੇ ਪਰ 29 ਅਗਸਤ 2001 ਨੂੰ ਫਾਂਸੀ ਦੀ ਸਜਾ ਸੁਣਾ ਦਿਤੀ ਗਈ ਕੀ ਇਹ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਨਹੀਂ ਹੈ । ਇਸ ਨੂੰ ਅਸੀਂ ਆਮ ਸਬਦਾਂ ਵਿੱਚ ਸਰਕਾਰ ਦਾ ਸਿੱਖਾਂ ਨਾਲ਼ ਕੀਤਾ ਧੋਖਾ ਵੀ ਆਖ ਸਕਦੇ ਹਾਂ ਜੋ ਇਹ ਕਰਦੇ ਆਏ ਹਨ । ਹੋਰ ਸੁਣੋ ਤਿੰਨ ਜੱਜਾਂ ਦੇ ਪੈਨਲ ਵਿੱਚੋਂ ਜਸਟਿਸ ਸ਼ਾਹ ਨੂੰ ਇਹ ਫਾਂਸੀ ਦੀ ਸਜਾ ਮੰਜੂਰ ਨਹੀਂ ਸੀ । ਇਤਿਹਾਸ ਵਿੱਚ ਇਹ ਕਦੇ ਨਹੀਂ ਹੋਇਆ ਕਿ ਕਿਸੇ ਨੂੰ ਪੂਰਨ ਸਰਬ ਸੰਮਤੀ ਤੋਂ ਬਿਨਾ ਫਾਂਸੀ ਦਿਤੀ ਗਈ ਹੋਵੇ । ਕੀ ਇਹ ਤੁਗਲਕੀਆ ਫੁਰਮਾਨ ਨਹੀਂ ?? ਸਰਕਾਰੀ ਝੂਠੇ 133 ਗਵਾਹਾ ਵਿੱਚੋਂ ਕੋਈ ਇੱਕ ਵੀ ਗਵਾਹ ਭੁਗਤਿਆ ਨਹੀਂ । ਫਿਰ ਵੀ ਫਾਂਸੀ ਦੀ ਸਜਾ ਬਰਕਰਾਰ ਪਰ ਕਿਸੋਰੀ ਬੁੱਚੜ ਜਿਸ ਨੇ ਸ਼ਰੇਆਮ ਬੰਦੇ ਝਟਕਾਏ ਉਹ ਉੱਚ ਕਰੈਕਟਰ ਵਾਲ਼ਾ ਕੀ ਏਹੋ ਭਾਰਤ ਹੈ ?
ਸਾਰੇ ਜਾਣਦੇ ਹੀ ਹਨ ਕਿ ਪੁਲਿਸ ਇਕਬਾਲੀਆ ਬਿਆਨ ਕਿਵੇ ਮੰਨਵਾਉਂਦੀ ਹੈ । ਪੁਲਿਸ ਨੇ ਇਕਬਾਲੀਆ ਬਿਆਨ ਵਿੱਚ ਵੀ ਦਸਤਖਤ ਨਹੀਂੰ ਜਬਰਦਸਤੀ ਭੁੱਲਰ ਸਾਹਿਬ ਤੋਂ ਅੰਗੂਠਾ ਲਗਵਾਇਆ । ਇਸ ਇਕਬਾਲੀਆ ਬਿਆਨ ਦਾ ਖੰਡਨ ਭੁੱਲਰ ਸਾਹਿਬ ਨੇ ਅਦਾਲਤ ਵਿੱਚ ਚੀਖ-ਚੀਖ ਕੇ ਕੀਤਾ । ਇਹ ਤਾਂ ਜੀ ਦੇਸ਼ ਭਗਤ ਨੇ ਕੀ ਕਰੀਏ ਇਹਨਾਂ ਦਾ ?? ਜੀ ਆਲਮਾ ਇਕਬਾਲ ਇੱਕ ਉਰਦੂ ਦਾ ਸਾਰਿ ਹੋਇਆ ਉਸ ਨੂੰ ਆਪਣੇ ਵਤਨ ਹਿੰਦੋਸਤਾਨ ਨਾਲ਼ ਬਹੁਤ ਪਿਆਰ ਸੀ, ਉਸ ਨੇ ਇੱਕ ਤਰਾਨਾ ਲਿਖਿਆ :-
ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ,
ਹਮ ਬੁਲਬੁਲੇ ਹੈ ਇਸਕੀ ਯੇਹ ਗੁਲਸਤਾਂ ਹਮਾਰਾ ॥
ਉਸ ਤੋਂ ਬਾਅਦ ਜਦ ਆਲਮਾ ਇਕਬਾਲ ਸਾਹਿਬ ਨੂੰ ਸਤਾਇਆ ਗਿਆ, ਪਰੇਸ਼ਾਨ ਕੀਤਾ ਗਿਆ ਤਾਂ ਉਹਨਾਂ ਦਾ ਦਿਲ ਐਨਾ ਖੱਟਾ ਹੋਇਆ ਤਾਂ ਇਕਬਾਲ ਸਾਹਿਬ ਨੇ ਇੱਕ ਹੋਰ ਸ਼ੇਅਰ ਲਿਖਿਆ :-ਮੁਦਤੇ ਹੁਈ ਹੈ ਇਤਨੀ ਰੰਜੋ ਗਮ ਸਹਿਤੇ ਹੂਏ,
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।
* ਪਿੰਡ ਗਿਆਸਪੁਰ
ਡਾਕ: ਢੰਡਾਰੀ ਕਲਾਂ
ਲੁਧਿਆਣਾ- 141014
Related Topics: Kishori Lal, ਸਿੱਖ ਨਸਲਕੁਸ਼ੀ 1984 (Sikh Genocide 1984)