July 19, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (18 ਜੁਲਾਈ, 2015): ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਪੰਜਾਬ ਅਤੇ ਫਰਾਂਸ ਵਿਚਕਾਰ ਕਾਇਮ ਹੋਏ ਆਪਸੀ ਸਬੰਧਾਂ ਦੇ ਸਨਮਾਨ ‘ਚ ਇਥੇ ਫਰਾਂਸ ਦੂਤਾਵਾਸ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਫਰਾਂਸ ‘ਚ ਸਿੱਖਾਂ ਦੇ ਮਾਮਲਿਆਂ ਬਾਰੇ ਪ੍ਰਤਿਨਿਧ ਕੌਾਸਲ ਦੇ ਪ੍ਰਧਾਨ ਸ: ਰਣਜੀਤ ਸਿੰਘ ਗੋਰਾਇਆ ਨੇ ਜਾਣਕਾਰੀ ਦਿੱਤੀ ਕਿ ਅਗਲੇ ਵਰ੍ਹੇ 2016 ਦੇ ਜੂਨ ਮਹੀਨੇ ‘ਚ ਫਰਾਂਸ ਦੇ ਸੇਂਟ ਟਰਾਪੇਜ਼ ਸ਼ਹਿਰ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਇਕ ਵੱਡਾ ਬੁੱਤ ਸਥਾਪਿਤ ਕੀਤਾ ਜਾਵੇਗਾ ।
ਭਾਰਤ ‘ਚ ਫਰਾਂਸ ਦੇ ਰਾਜਦੂਤ ਸ੍ਰੀ ਫ੍ਰੈਂਕਾਇਸ ਰਿਚੀਅਰ ਨੇ ਕਿਹਾ ਕਿ ਫਰਾਂਸ ਅਤੇ ਸਿੱਖਾਂ ਦੇ ਸਬੰਧਾਂ ਦੀ ਤਸਦੀਕ ਜਨਰਲ ਜੀਨ ਫ੍ਰੈਂਕਾਇਸ ਅਲਾਰਡ ਦੇ ਕਾਰਜਕਾਲ ਤੋਂ ਹੁੰਦੀ ਹੈ, ਜੋ ਪੈਦਾ ਤਾਂ ਫਰਾਂਸ ਵਿਚ ਹੋਏ ਸਨ, ਪਰ ਜਿਨ੍ਹਾਂ ਨੇ ਬਾਅਦ ‘ਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ‘ਚ ਸ਼ਾਮਿਲ ਹੋ ਕੇ ਪੰਜਾਬ ਦੇ ਸਿੱਖ ਰਾਜ ਦੀ
ਸਥਾਪਨਾ ‘ਚ ਅਹਿਮ ਭੂਮਿਕਾ ਨਿਭਾਈ ਸੀ ।
”ਦਿ ਲਾਇਨਸ ਫਿਰੰਗੀਜ਼ : ਯੂਰਪੀਅਨਸ ਐਟ ਦ ਕੋਰਟ ਆਫ ਲਾਹੌਰ” ਪੁਸਤਕ ਦੇ ਉੱਘੇ ਬਿ੍ਟਿਸ਼ ਲੇਖਕ ਸ: ਬੌਬੀ ਸਿੰਘ ਬੰਸਲ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ‘ਚ ਆਈਆਂ ਅਹਿਮ ਸ਼ਖਸੀਅਤਾਂ, ਵਿਸ਼ੇਸ਼ਕਰ ਫਰਾਂਸੀਸੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਸਿੱਖਾਂ ਅਤੇ ਫ੍ਰਾਂਸ ਵਿਚਲੇ ਇਤਿਹਾਸਕ ਸਬੰਧਾਂ ਬਾਰੇ ਅਜੋਕੇ ਸਮੇਂ ‘ਚ ਚਰਚਾ ਦੀ ਲੋੜ ਬਾਰੇ ਆਪਣੀਆਂ ਟਿੱਪਣੀਆਂ ਦਿੱਤੀਆਂ।
ਪੈਰਿਸ ਤੋਂ ਆਏ ਫਿਲਮ ਨਿਰਮਾਤਾ ਵਿਜੈ ਸਿੰਘ ਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਦੇ ਬਚਾਅ ਵਾਸਤੇ ਲੜਨ ਵਾਲੇ ਪੰਜਾਬੀ ਤੇ ਸਿੱਖ ਫੌਜੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪਹਿਲੀ ਵਿਸ਼ਵ ਜੰਗ ‘ਚ ਸਿੱਖਾਂ ਦੀ ਭੂਮਿਕਾ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ।
ਇਸ ਮੌਕੇ ਮਹਾਰਾਜਾ ਰਣਜੀਤ ਸਿੰਘ, ਜਨਰਲ ਅਲਾਰਡ, ਉਨ੍ਹਾਂ ਦੀ ਪਤਨੀ ਅਤੇ ਹੋਰ ਸਮਕਾਲੀ ਫਰਾਂਸੀਸੀਆਂ ਦੀਆਂ ਅਸਲ ਤਸਵੀਰਾਂ ਦੀਆਂ ਪੇਂਟਿੰਗਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਯੂਰਪ ਵਿਸ਼ੇਸ਼ ਤੌਰ ‘ਤੇ ਫਰਾਂਸ ‘ਚ ਸਿੱਖ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ 1 ਸਤੰਬਰ ਤੋਂ ਇਕ ਪ੍ਰਦਰਸ਼ਨੀ ਲਗਾਈ ਜਾਵੇਗੀ।ਇਸ ਪ੍ਰਦਰਸ਼ਨੀ ‘ਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1849 ਤੱਕ ਦੇ ਸਿੱਖ ਇਤਿਹਾਸ ਦਾ ਵਰਨਣ ਕੀਤਾ ਜਾਵੇਗਾ ਨਾਲ ਹੀ ਉਸ ਸਮੇਂ ਦੇ ਸਾਹਿਤ, ਤਸਵੀਰਾਂ, ਪੋਸਟ ਕਾਰਡ ਅਤੇ ਚਿੱਤਰਕਾਰੀ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ 16 ਤੋਂ 18 ਸਤੰਬਰ ਤੱਕ ਸਿੱਖ ਧਰਮ ਦੇ ਤੱਥਾਂ ਦੇ ਆਧਾਰ ‘ਤੇ ਕਾਨਫਰੰਸ ਵੀ ਕੀਤੀ ਜਾਵੇਗੀ ।
Related Topics: Maharaja Ranjeet Singh, Sikhs in France