ਚੋਣਵੀਆਂ ਲਿਖਤਾਂ » ਲੇਖ » ਸਾਹਿਤਕ ਕੋਨਾ

ਮਹਾਰਾਜਾ ਰਣਜੀਤ ਸਿੰਘ ਦੇ ਨਿਪਾਲੀ ਰਾਜ ਨਾਲ ਰਾਜਨੀਤਿਕ ਸਬੰਧ

June 22, 2020 | By

ਲੇਖਕ: ਇੰਦਰਪ੍ਰੀਤ ਸਿੰਘ

ਮਾਰਚ 1809 ਵਿਚ, ਗੋਰਖੇ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਸੰਪਰਕ ਵਿਚ ਆਉਂਦੇ ਹਨ। ਨਿਪਾਲੀ ਸਾਮਰਾਜ ਆਪਣੀਆਂ ਹੱਦਾਂ ਦਾ ਘੇਰਾ ਪੱਛਮ ਵੱਲ ਵਧਾਉਣ ਦੀ ਇੱਛਾ ਨਾਲ ਭੀਮਸੇਨ ਥਾਪਾ, ਨਿਪਾਲ ਦਾ ਪ੍ਰਧਾਨ ਮੰਤਰੀ, ਨੇ ਕੁਮਾਊਂ ਅਤੇ ਗੜ੍ਹਵਾਲ ਦੇ ਇਲਾਕਿਆਂ ਨੂੰ ਜਿੱਤ ਕੇ ਨਿਪਾਲੀ ਸਾਮਰਾਜ ਦਾ ਹਿੱਸਾ ਬਣਾ ਲਿਆ ਸੀ। ਉਹਨਾਂ ਦੀ ਅੱਖ ਹੁਣ ਕਾਂਗੜੇ ਤੇ ਸੀ। ਜਿਥੋਂ ਦਾ ਰਾਜਾ ਸੰਸਾਰ ਚੰਦ ਸੀ। ਮਾਰਚ 1809 ਵਿਚ, ਅਮਰ ਸਿੰਘ ਥਾਪਾ ਦੀ ਅਗਵਾਈ ਹੇਠ ਨਿਪਾਲੀ ਫੌਜ ਨੇ ਕਾਂਗੜੇ ਦੇ ਬਹੁਤੇ ਇਲਾਕੇ ਤੇ ਕਬਜ਼ਾ ਕਰ ਲਿਆ। ਕਾਂਗੜੇ ਦੇ ਰਾਜੇ ਸੰਸਾਰ ਚੰਦ ਨੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ। ਮਹਾਰਾਜੇ ਰਣਜੀਤ ਸਿੰਘ ਨੇ ਮਦਦ ਲਈ ਹਾਮੀ ਤਾਂ ਭਰ ਦਿੱਤੀ। ਪਰ, ਮਹਾਰਾਜਾ ਕਾਂਗੜੇ ਨੂੰ ਸਿੱਖ ਰਾਜ ਦਾ ਹਿੱਸਾ ਬਣਾਉਣਾ ਚਾਹੁੰਦਾ ਸੀ। ਸਿੱਖ ਫੌਜ ਨੇ ਨਿਪਾਲੀਆਂ ਦੀ ਘੇਰਾ ਬੰਦੀ ਕਰ ਲਈ ਅਤੇ ਖਾਣ ਪੀਣ ਦੀ ਸਪਲਾਈ ਬੰਦ ਕਰ ਦਿੱਤੀ। 

ਅਮਰ ਸਿੰਘ ਥਾਪਾ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਨਜ਼ਰਾਨੇ ਦੀ  ਪੇਸ਼ਕਸ਼ ਕੀਤੀ ਅਤੇ ਘੇਰਾ ਚੁੱਕਣ ਦੀ ਬੇਨਤੀ ਕੀਤੀ। ਮਹਾਰਾਜੇ ਨੇ ਉਲਟਾ ਆਪਣੇ ਵਲੋਂ ਪੇਸ਼ਕਸ਼ ਕਰ ਦਿੱਤੀ ਜੇਕਰ ਅਮਰ ਸਿੰਘ ਫੌਜ ਨੂੰ ਲੈ ਕੇ ਵਾਪਿਸ ਮੁੜ ਜਾਵੇ ਤਾਂ ਉਹ ਅੰਗਰੇਜਾਂ ਵਿਰੁੱਧ ਨਿਪਾਲੀ ਸਾਮਰਾਜ ਦਾ ਸਾਥ ਦੇਵੇਗਾ। ਅਮਰ ਸਿੰਘ ਥਾਪਾ ਨੇ ਇਹ ਪੇਸ਼ਕਸ਼ ਇਸ ਅਧਾਰ ਤੇ ਠੁਕਰਾ ਦਿੱਤੀ ਕਿ ਮਹਾਰਾਜੇ ਦੀ ਅੰਗਰੇਜ਼ਾਂ ਨਾਲ ਸੰਧੀ, ਅੰਮ੍ਰਿਤਸਰ ਦੀ ਸੰਧੀ ,ਹੋ ਚੁੱਕੀ ਹੈ ਅਤੇ ਇਹ ਇੱਕ ਚਾਲ ਹੈ। ਉਸ ਨੇ ਸੰਦੇਸ਼ਵਾਹਕ ਸਿੱਖ ਨੂੰ ਗ੍ਰਿਫ਼ਤਾਰ ਕਰ ਲਿਆ। ਅਖੀਰ, ਅਮਰ ਸਿੰਘ ਥਾਪਾ ਦੀ ਏਸ ਕਸ਼ਮਕਸ਼ ਵਿਚ ਹਾਰ ਹੋਈ ਅਤੇ ਉਹ ਮੈਦਾਨ ਛੱਡ ਭੱਜ  ਗਿਆ। 

ਨਿਪਾਲੀ ਜਰਨੈਲ ਅਮਰ ਸਿੰਘ ਥਾਪਾ।

ਹਰੀ ਰਾਮ ਗੁਪਤਾ ਹਿਸਟਰੀ ਆਫ਼ ਸਿੱਖਸ ਵਿਚ ਲਿਖਦਾ ਹੈ ਕਿਉਸ ਤੋਂ ਬਾਅਦ ਅਮਰ ਸਿੰਘ ਥਾਪਾ ਨੇ ਰਣਜੀਤ ਸਿੰਘ ਵਿਰੁੱਧ ਅੰਗਰੇਜਾਂ ਤੋਂ ਮਦਦ ਮੰਗੀ। ਜਿਸ ਨੂੰ ਓਹਨਾਂ ਠੁਕਰਾਇਆ ਹੀ ਨਹੀਂ ਸਗੋਂ, ਮਹਾਰਾਜੇ ਪਟਿਆਲੇ ਦੀ ਨਿੰਦਿਆ ਵੀ ਕੀਤੀ ਜੋ ਰਣਜੀਤ ਸਿੰਘ ਤੇ ਚੜ੍ਹਾਈ ਕਰਨ ਨੂੰ ਮੰਨ ਗਿਆ ਸੀ

1814-16 ਐਂਗਲੋ-ਗੋਰਖਾ ਜੰਗ ਦੌਰਾਨ ਅਮਰ ਸਿੰਘ ਥਾਪਾ ਨੇ ਮਹਾਰਾਜੇ ਤੋਂ ਅੰਗਰੇਜਾਂ ਖਿਲਾਫ਼ ਸੈਨਿਕ ਮਦਦ ਮੰਗੀ ਜਿਸਦਾ ਮਹਾਰਾਜੇ ਨੇ ਕੋਈ ਜਵਾਬ ਨਹੀਂ ਦਿੱਤਾ।  

ਐਂਗਲੋ-ਗੋਰਖਾ ਜੰਗ ਦੀ ਕਾਰਵਾਈ ਤੇ ਮਹਾਰਾਜੇ ਦੀ ਤਿੱਖੀ ਨਿਗ੍ਹਾ ਸੀ। ਇਸ ਦੇ ਦੋ ਕਾਰਨ ਸਨ ਇੱਕ ਤਾਂ ਮਹਾਰਾਜਾ ਇਸ ਗੱਲ ਤੋਂ ਜਾਣੂ ਸੀ ਕਿ ਸਿੱਖ ਫੌਜ ਵਿਚ  ਦਲੇਰੀ , ਹਿੰਮਤ ਅਤੇ ਹੌਸਲੇ ਦੀ ਕੋਈ ਘਾਟ ਨਹੀਂ। ਪਰ ਸਿੱਖ ਫੌਜੀ, ਫਰੰਗੀ ਫੌਜ ਦੇ ਲੜਨ ਢੰਗ ਤੋਂ ਅਣਜਾਣ ਹੈ ਅਤੇ ਉਹ ਚਾਹੁੰਦਾ ਸੀ ਕਿ ਸਿੱਖ ਫੌਜੀ, ਅੰਗਰੇਜ਼ਾਂ ਦੇ ਲੜਾਈ ਢੰਗ ਤੋਂ ਜਾਣੂ ਹੋਣ। ਦੂਜਾ ਗੋਰਖੇ, ਜੋ ਕਿ ਰਵਾਇਤੀ ਢੰਗ ਦੇ ਲੜਾਕੂ ਸਨ ਉਹ ਗੋਰਖਾ ਫੌਜ ਦੇ ਅੰਗਰੇਜ਼ਾਂ ਖਿਲਾਫ਼ ਪ੍ਰਦਰਸ਼ਨ ਨੂੰ ਦੇਖਣਾ ਚਾਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਗੋਰਖਾ (ਨਿਪਾਲੀ) ਫ਼ੌਜ ਦੀ ਅੰਗਰੇਜ਼ ਨੂੰ ਟੱਕਰ ਤੋਂ ਪ੍ਰਭਾਵਿਤ ਹੋਇਆ ਸੀ। ਗੋਰਖੀਆਂ ਦੀ ਇੱਕ ਤਾਕਤਵਰ ਲੜਾਕੂ ਵਜੋਂ ਪਹਿਚਾਣ ਕਰਨ ਵਿਚ ਮਹਾਰਾਜੇ ਨੂੰ ਦੇਰ ਨਾ ਲੱਗੀ।  

ਐਂਗਲੋ- ਗੋਰਖਾ ਜੰਗ ਦਾ ਇੱਕ ਚਿੱਤਰ।

ਐਂਗਲੋ- ਗੋਰਖਾ ਜੰਗ ਤੋਂ ਬਾਅਦ, ਮਹਾਰਾਜੇ ਰਣਜੀਤ ਸਿੰਘ ਵਲੋਂ ਲਏ ਗਏ ਦੋ ਫੈਸਲਿਆਂ ਉੱਤੇ ਇਸ ਜੰਗ ਦਾ ਪ੍ਰਭਾਵ ਮੰਨਿਆ ਜਾ ਸਕਦਾ ਹੈ। ਪਹਿਲਾ, ਗੋਰਖਿਆਂ ਨੂੰ ਸਿੱਖ ਫੌਜ ਵਿਚ ਭਰਤੀ ਲਈ ਪ੍ਰੇਰਿਤ ਕਰਨਾ ਸੀ ਅਤੇ ਦੂਜਾ 1820 ਵਿਚ ਪੱਛਮੀ ਤਰਜ ਤੇ ਸਿੱਖ ਫੌਜ ਨੂੰ ਤਿਆਰ ਕਰਨ ਲਈ ਯੋਰਪੀਅਨ ਅਫਸਰਾਂ ਦੀ ਭਰਤੀ ਸੀ। ਜੋ ਕੇ ਮੁੱਖ ਤੌਰ ਤੇ ਫਰੈਂਚ ਸਨ। 

ਚੰਦਰਵੇਕਰ ਆਪਣੇ ਪਰਚੇ, ਹਿਮਾਚਲ ਇਨ ਐਂਗਲੋ-ਸਿੱਖ ਰਿਲੇਸ਼ਨ, ਵਿਚ ਸ਼ਿਵ ਦੱਤ ਰਾਏ ਵਲੋਂ ਬਰਤਾਨਵੀ ਫੌਜ ਵਿਚਲੇ ਗੋਰਖਾ ਫੌਜੀਆਂ ਨੂੰ ਸਿੱਖ ਫੌਜ ਵਿਚ ਭਰਤੀ ਹੋਣ ਲਈ ਉਸਕਾਉਣ ਦੀ ਗੱਲ ਕਰਦਾ ਹੈ। ਸ਼ਿਵ ਦੱਤ ਰਾਏ, ਬਿਲਾਸਪੁਰ ਦੇ ਰਾਜੇ ਮਹਾਂ ਚੰਦ ਦਾ ਵਕੀਲ ਅਤੇ ਭਰੋਸੇਯੋਗ ਸੀ। ਸ਼ਿਵ ਦੱਤ ਰਾਏ ਨਿਪਾਲੀ ਸਾਮਰਾਜ ਨਾਲ ਇਸ ਗੱਲ ਤੋਂ ਨਿਰਾਜ਼ ਸੀ ਕਿ ਵਾਅਦਾ ਕਰਨ ਤੋਂ ਬਾਅਦ ਵੀ ਉਸ ਨੂੰ ਬਾਘਲ (ਹੁਣ ਹਿਮਾਚਲ ਪ੍ਰਦੇਸ ) ਦੀ ਜਗੀਰਦਾਰੀ ਨਹੀਂ ਦਿੱਤੀ ਗਈ। ਸ਼ਿਵ ਦੱਤ ਨੇ ਅੰਗਰੇਜਾਂ ਦੀ ਮਦਦ ਵੀ ਮੰਗੀ ਪਰ ਲੈਫਟੀਨੈਂਟ ਰੋਜ਼ ਨੇ ਉਸ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਅਖੀਰ ਉਸ ਨੇ ਮਹਾਰਾਜੇ ਰਣਜੀਤ ਸਿੰਘ ਦੀ ਹਮਾਇਤ ਕਰਨ ਦਾ ਫੈਸਲਾ ਕਰ ਲਿਆ। 

3 ਮਾਰਚ 1816 ਨੂੰ ਦੋ ਚਿੱਠੀਆਂ ਮਿਲੀਆਂ । ਇੱਕ ਸ਼ਿਵ ਦੱਤ ਵਲੋਂ ਅਤੇ ਦੂਜੀ ਸੰਗਤ ਸਿੰਘ ਵਲੋਂ ਜੋ ਕਿ ਫਸਟ ਨੁਸਰੀ ਬਟਾਲੀਅਨ ਸਬਾਥੂ ਦੇ ਅਫਸਰਾਂ ਨੂੰ ਸੰਬੋਧਨ ਸੀ ਕਿ ਬਰਤਾਨਵੀ ਫੌਜ ਛੱਡ ਦੇਣ ਅਤੇ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਹੋਣ। ਨੁਸਰੀ ਬਟਾਲੀਅਨ, ਸਬਾਥੂ ਬਰਤਾਨਵੀ ਭਾਰਤ ਦੀ ਗੋਰਖਾ ਪਿਆਦਾ ਫੌਜ ਸੀ। ਇਸ ਗਲੋਂ ਦੁਖੀ ਅੰਗਰੇਜ਼ਾਂ ਨੇ ਰਾਜੇ ਮਹਾਂ ਚੰਦ ਨੂੰ ਸ਼ਿਵ ਦੱਤ ਦੀ ਲਗਾਮ ਖਿੱਚਣ ਲਈ ਕਿਹਾ ਸੀ । 

ਫਸਟ ਨੂਸਰੀ ਬਟਾਲੀਅਨ, ਸਬਾਥੂ ਦੇ ਗੋਰਖਿਆਂ ਦਾ ਇੱਕ ਚਿੱਤਰ। ਚਿੱਤਰਕਾਰ ਅਗਿਆਤ ।

ਸ਼ਿਵ ਦੱਤ ਨੇ ਉਸ ਤੋਂ ਬਾਅਦ ਇੱਕ ਫਿਰ ਆਪਣਾ ਆਦਮੀ ਭੇਜ ਕੇ ਕੋਟਗੜ੍ਹ ਮੁਨਾਦੀ ਕਰਵਾ ਦਿੱਤੀ ਕਿ ਜੋ ਬਰਤਾਨਵੀ ਫੋਜ ਛੱਡ ਕੇ ਸਿੱਖ ਫ਼ੌਜ ਵਿਚ ਭਰਤੀ ਹੋਣਗੇ ਉਹਨਾਂ ਨੂੰ ਚੰਗੀ ਤਨਖਾਹ ਦਿੱਤੀ ਜਾਵੇਗੀ। ਉਸ ਆਦਮੀਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਮਹਾਰਾਜੇ ਰਣਜੀਤ ਸਿੰਘ ਵਲੋਂ ਜਾਰੀ ਕੀਤਾ ਕੋਈ ਵੀ ਦਾਸਤਾਵੇਜ਼ ਨਾ ਮਿਲਿਆ। 

ਅੰਗਰੇਜ਼ਾਂ ਵਲੋਂ ਇਸ ਸਾਰੇ ਮਸਲੇ ਬਾਰੇ ਮਹਾਰਾਜੇ ਰਣਜੀਤ ਸਿੰਘ ਦੀ ਸਿੱਧੀ-ਅਸਿੱਧੀ ਸ਼ਮੂਲੀਅਤ ਤੇ ਸ਼ੱਕ ਕੀਤਾ ਗਿਆ। ਅਖੀਰ, ਕੋਈ ਸਬੂਤ ਨਾ ਹੋਣ ਕਾਰਨ ਇਹ ਮਸਲਾ ਠੰਡੇ ਬਸਤੇ ਪੈ ਗਿਆ।  

1809 ਤੋਂ 1834 ਤੱਕ, ਲਾਹੌਰ ਅਤੇ ਕਾਠਮੰਡੂ ਵਿਚਕਾਰ ਸਿੱਧੇ ਡਿਪਲੋਮੈਟਿਕ ਮਿਸ਼ਨਾਂ ਦੇ ਕੋਈ ਸਬੂਤ ਨਹੀਂ ਮਿਲਦੇ। ਪਰ ਅਸਿਧੇ ਢੰਗ ਨਾਲ ਨਿਪਾਲ ਦੇ ਕੁਝ ਚੰਗੇ ਪਰਿਵਾਰਾਂ ਨਾਲ ਸੁਗਾਤਾਂ ਦੇ ਵਟਾਂਦਰੇ ਜ਼ਰੂਰ ਹੁੰਦੇ ਰਹੇ। ਸਿੱਖ ਫੌਜ ਵਿਚ ਗੋਰਖੇ ਇਸ ਦਾ ਮਾਧਿਅਮ ਰਹੇ। ਅਮਰ ਸਿੰਘ ਥਾਪਾ ਦੇ ਪੁੱਤਰ ਭੋਪਾਲ ਸਿੰਘ ਅਤੇ ਅਰਜਨ ਸਿੰਘ ਥਾਪਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਸੇਵਾਵਾਂ ਦਿੰਦੇ ਰਹੇ। ਇਹਨਾਂ ਨੇ ਮਾਧਿਅਮ ਨਾਲ ਹੀ ਗੋਰਖੀਆਂ ਦੀ ਸਿੱਖ ਫੌਜ  ਵਿਚ ਭਰਤੀ ਹੋ ਸਕੀ ਸੀ। 19ਵੀਂ  ਸਦੀ ਦੇ ਤੀਜੇ ਦਹਾਕੇ ਨਿਪਾਲ ਅਤੇ ਪੰਜਾਬ ਦੇ ਸਬੰਧਾਂ ਵਿਚ ਨੇੜਤਾ ਲਾਉਣ ਦੀਆਂ ਕੋਸ਼ਿਸ਼ਾਂ ਵਿਚ ਥਾਪਾ ਭਰਾਵਾਂ ਦਾ ਯੋਗਦਾਨ ਮੰਨਿਆ ਜਾ ਸਕਦਾ ਹੈ 

1834

1834 ਤੋਂ ਬਾਅਦ ਨਿਪਾਲੀ ਰਾਜਦੂਤ ਲਾਹੌਰ ਆਉਂਦੇ ਰਹੇ। ਜਿਸ ਤੇ ਅੰਗਰੇਜ਼ਾਂ ਦੀ ਤਿੱਖੀ ਨਜ਼ਰ ਹੁੰਦੀ ਅਤੇ ਉਹ ਆਪਣਾ ਏਜੰਟ ਨਾਲ ਭੇਜਦੇ ਸਨ। ਇਹਨਾਂ ਮਿਸ਼ਨਾ ਵਿਚ ਤੇਜ਼ੀ ਆਉਣ ਦਾ ਇਕ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਸਮੇ ਤੱਕ ਅੰਗਰੇਜ਼ਾਂ ਨੇ ਰਣਜੀਤ ਸਿੰਘ ਦੇ ਰਾਜ ਨੂੰ ਮਿੱਤਰ ਮੁਸਲਿਮ ਸਟੇਟਾਂ (ਬਿਹਾਵਾਲਪੁਰ, ਸਿੰਧ ਅਤੇ ਕਾਬਲ) ਨਾਲ ਗਠਜੋੜ ਕਰਕੇ ਘੇਰਾ ਕਾਇਮ ਕਰ ਲਿਆ ਸੀ। ਅਤੇ ਐਂਗਲੋ-ਗੋਰਖਾ ਜੰਗ ਹਾਰਨ ਤੋਂ ਬਾਅਦ ਗੋਰਖੇ ਅੰਗਰੇਜ਼ ਵਿਰੋਧੀ ਗਠਜੋੜ ਦੀ ਭਾਲ ਵਿਚ ਸਨ।

1834 ਵਿਚ ਨਿਪਾਲ ਦਰਬਾਰ ਵਲੋਂ, ਕੈਪਟਨ ਕਬੀਰ ਸਿੰਘ ਲਾਹੌਰ ਆਇਆ। ਜਿਸ ਤੇ ਅੰਗਰੇਜ਼ਾਂ ਦੇ ਲੁਧਿਆਣੇ ਦੇ ਏਜੰਟ ਵਲੋਂ ਨਿਗ੍ਹਾ ਰੱਖੀ ਜਾ ਰਹੀ ਸੀ। ਕੈਪਟਨ ਵੇਡ ਨੇ ਮਹਾਰਾਜੇ ਨੂੰ ਨਿਪਾਲੀ ਰਾਜਦੂਤ ਨਾਲ ਮੁਲਾਕਾਤ ਨਾ ਕਰਨ ਦੀ ਸਲਾਹ ਦਿੱਤੀ ਸੀ । 

1835

1835 ਵਿਚ ਵੀ ਇਸੇ ਤਰਾਂ ਹੋਇਆ ਜਦੋਂ ਕਬੀਰ ਸਿੰਘ ਨਾਲ ਕਾਜ਼ੀ ਕੁਲੂ ਸਿੰਘ ਲਾਹੌਰ ਆਇਆ। ਪਰ ਮਹਾਰਾਜੇ ਨੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਦਿੱਤਾ ਅਤੇ ਉਹਨਾਂ ਨੂੰ ਵਾਪਸ ਜਾਣ ਲਈ ਕਿਹਾ । 

1836

ਹਰੀ ਰਾਮ ਗੁਪਤੇ ਅਨੁਸਾਰ, ਨਿਪਾਲ ਸਰਕਾਰ ਨੇ ਹੁਣ ਗ਼ੈਰ ਰਸਮੀ ਤਰੀਕੇ ਨਾਲ ਰਾਜਦੂਤ ਭੇਜੇ ਤਾਂ ਜੋ ਸਿੱਖਾਂ ਨਾਲ ਨੇੜਤਾ ਵਧਾਈ ਜਾਵੇ। ਫਰਵਰੀ 1836 ਵਿਚ , ਨਿਪਾਲੀ ਰਾਜੇ ਦੇ ਭਰੋਸੇਯੋਗ ਪਸ਼ਮੀਨਾ (ਕੋਮਲ ਉਂਨ ਤੋਂ ਬਣਿਆ ਕਪੜਾ) ਖਰੀਦਣ ਅੰਮ੍ਰਿਤਸਰ ਆਏ। ਜਿਨ੍ਹਾਂ ਨੂੰ ਧਿਆਨ ਸਿੰਘ ਨੇ ਮਹਾਰਾਜੇ ਰਣਜੀਤ ਸਿੰਘ ਨਾਲ ਮਿਲਵਾਇਆ। ਮਹਾਰਾਜੇ ਨੇ ਉਹਨਾਂ ਨੇ ਲੀਡਰ ਨੂੰ ਦੁਸ਼ਾਲਾ, ਦੋ ਹੋਰਾਂ ਨੂੰ ਚਾਦਰ ਅਤੇ ਬਾਕੀ ਵਫ਼ਦ ਨੂੰ ਦੁੱਪਟੇ ਭੇਟ ਕੀਤੇ।

ਐੰਗਲੋ ਗੋਰਖਾ ਜੰਗ ਤੋਂ ਬਾਅਦ ਅਤੇ ਪਹਿਲਾ ਦਾ ਨਿਪਾਲ

ਜੂਨ 1836 ਵਿਚ , ਈਕੋ ਸ਼ਾਹ, ਨਿਪਾਲ ਦੇ ਮਹਾਰਾਜੇ ਦਾ ਵਕੀਲ, 2 ਹਾਥੀ, 1 ਘੋੜੇ, ਗਲ ਦੇ ਹਾਰ ਅਤੇ ਚੀਨ ਨੇ ਬਣੇ ਕਪੜਿਆਂ ਦੀਆਂ ਦੋ ਪੰਡਾਂ ਲੈ ਕੇ ਲਾਹੌਰ ਹਾਜ਼ਰ ਹੋਇਆ। ਅੰਗਰੇਜ਼ਾਂ ਦੇ ਡਰੋਂ ਉਹ ਆਪਣੇ ਨਾਲ ਕੋਈ ਵੀ ਚਿੱਠੀ ਪੱਤਰ ਨਾ ਲੈ ਕੇ ਆ ਸਕਿਆ। ਸਿੱਖ ਰਾਜ ਵਲੋਂ ਉਸ ਨੂੰ 250 ਰੁਪਏ ਸੈਰ ਸਪਾਟੇ ਲਈ, 200 ਸਨਮਾਣ ਵਜੋਂ, ਦੋ ਹਾਥੀ ਅਤੇ ਘੋੜੇ ਨਾਲ ਨਿਵਾਜਿਆ ਗਿਆ। ਥੋੜੇ ਦਿਨਾਂ ਬਾਅਦ ਈਕੋ ਸ਼ਾਹ ਦੀ ਵਿਦਾਇਗੀ ਸਮੇਂ ਉਸ ਨੂੰ 9 ਗਹਿਣੇ, ਸੋਨੇ ਦੀਆਂ ਵੰਗਾਂ ਦਾ ਜੋੜਾ, 500 ਨਗਦ ਅਤੇ 11 ਖੂਬਸੂਰਤ ਦੁਸ਼ਾਲੇ ਵਿਦਾਇਗੀ ਸੌਗਾਤਾਂ ਵਜੋਂ ਦਿੱਤੇ ਗਏ ਅਤੇ ਨਾਲ ਹੀ ਨਿਪਾਲ ਦੇ ਰਾਜੇ ਲਈ ਦੋ ਘੋੜੇ ਭੇਜੇ ਗਏ।  

1837

ਮਈ 1837 ਵਿਚ, ਕਾਲੂ ਸਿੰਘ ਅਤੇ ਕੈਪਟਨ ਕਬੀਰ ਸਿੰਘ ਲਾਹੌਰ ਜਾਂਦੇ ਸਮੇਂ ਲੁਧਿਆਣੇ ਪਹੁੰਚੇ। ਉਨ੍ਹਾਂ ਕੈਪਟਨ ਵੇਡ, ਬਰਤਾਨਵੀ ਪੋਲੀਟੀਕਲ ਏਜੰਟ, ਨੂੰ ਕਿਹਾ, ਕਿ ਉਹਨਾਂ ਦਾ ਸਤਲੁਜ ਪਾਰ ਜਾਣ ਦਾ ਮਕਸਦ ਇੱਕ ਧਾਰਮਿਕ ਟੱਲੀ ਹੈ। ਜਿਸ ਨੂੰ ਜਵਾਲਾ ਜੀ ਮੰਦਰ ਭੇਟ ਕਰਨਾ ਚਾਹੁੰਦੇ ਹਨ। ਕੈਪਟਨ ਵੇਡ ਨੇ ਉਨ੍ਹਾਂ ਨੂੰ ਇਸ ਸ਼ਰਤ ਤੇ ਲਾਹੌਰ ਜਾਣ ਦਿੱਤਾ ਕਿ ਉਨ੍ਹਾਂ ਦੇ ਨਾਲ ਬਰਤਾਨਵੀ ਏਜੰਟ ਜਾਏਗਾ ਜੋ ਕਿ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਨੋਟ ਕਰਦਾ ਰਹਿਗਾ। ਲਾਹੌਰ ਪਹੁੰਚਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਸੰਬੋਧਨ ਹੁੰਦੇ  ਕਿਹਾ ਕਿ ਦੋਵੇਂ ਸਰਕਾਰਾਂ ਦੇ ਹਿੱਤ ਸਾਂਝੇ ਹਨ ਅਤੇ ਉਨ੍ਹਾਂ ਨੂੰ ਇੱਕ ਦੂਜੇ ਨਾਲ ਸੁਗਾਤਾਂ ਦੇ ਲੈਣ ਦੇਣ ਅਤੇ ਗੱਲਬਾਤ ਨੂੰ ਵਧਾਉਣਾ ਚਾਹੀਦਾ ਹੈ

ਨੇਪਾਲੀਆਂ ਦੀ ਸਿੱਖ ਰਾਜ ਨਾਲ ਵੱਧਦੀ ਮਿੱਤਰਤਾਈ ਤੇ ਕੈਪਟਨ ਵੇਡ ਨੇ ਬਰਤਾਨਵੀ ਸਰਕਾਰ ਅੱਗੇ ਆਪਣਾ ਖਦਸ਼ਾ ਜ਼ਾਹਿਰ ਕੀਤਾ ਅਤੇ ਕਿਹਾ ਕਿ ਨੇਪਾਲ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਰ ਵੀ ਭਾਰਤੀ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਨਾਲ ਨੇੜਤਾ ਵਧਾ ਸਕਦੀਆਂ ਹਨ।  

ਮਹਾਰਾਜਾ ਰਣਜੀਤ ਸਿੰਘ

ਜੂਨ 1837 ਵਿੱਚ ਇੱਕ ਵਾਰ ਫਿਰ ਨੇਪਾਲ ਦੇ ਰਾਜੇ ਦੇ ਕੁਝ ਭਰੋਸੇਯੋਗ ਅੰਮ੍ਰਿਤਸਰ ਆਏ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਲਾਹੌਰ ਪਹੁੰਚਣ ਤੇ ਸਵਾਗਤ ਕੀਤਾ ਜਾਏਗਾ। ਇਸ ਕੰਮ ਲਈ ਉਨ੍ਹਾਂ ਨੇ ਨੂਰ ਉਦ ਦੀਨ ਦੀ ਡਿਊਟੀ ਲਗਾਈ। 2 ਜੁਲਾਈ 1837 ਨੂੰ ਕਾਂਜੀ ਕਾਹਨੂੰ ਅਤੇ ਨੇਪਾਲ ਦੇ ਰਾਜੇ ਦੇ ਕੈਪਟਨ ਨੇ ਨਿੱਜੀ ਤੌਰ ਤੇ ਇੱਕ ਹਾਥੀ, ਦੋ ਘੋੜੇ, ਗਲੇ ਦਾ ਹਾਰ, ਦੋ ਫ਼ਾਰਸੀ ਬੰਦੂਕਾਂ, ਦੋ ਕਿਰਪਾਨਾਂ, ਪੰਜ ਪੱਗਾਂ ਦੇ ਥਾਨ ਅਤੇ ਪੱਚੀ ਕੱਪੜੇ ਦੇ ਥਾਨ ਮਹਾਰਾਜੇ ਨੂੰ ਭੇਟ ਕੀਤੇ। ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ 900 ਰੁਪਏ ਨਗਦਮਠਿਆਈ ਅਤੇ ਫਲਾਂ ਨਾਲ ਨਿਵਾਜਿਆ। 24 ਜੁਲਾਈ 1837 ਨੂੰ ਨੇਪਾਲ ਦੇ ਰਾਜੇ ਦੇ ਵਕੀਲ ਨੂੰ ਜਨਰਲ ਵੈਨਤੁਰਾ ਵੱਲੋਂ ਫੌਜ ਦੀ ਡਰਿੱਲ ਦਿਖਾਈ ਗਈ। ਵਿਦਾਇਗੀ ਸੁਗਾਤਾਂ ਵਿੱਚ ਉਸ ਨੂੰ ਇੱਕ ਹਾਥੀ, 11 ਚੰਗੇ ਚੀਨ ਦੇ ਬਣੇ ਹੋਏ ਕੱਪੜੇ ਅਤੇ 225 ਰੁਪਈਏ ਸਿਰਨਾਵਾਂ ਦਿੱਤਾ ਗਿਆ। ਨੇਪਾਲੀ ਵਫਦ ਨੂੰ 1 ਅਕਤੂਬਰ 1837 ਨੂੰ ਵਿਦਾਇਗੀ ਦਿੱਤੀ ਗਈ।  

ਮਾਥਵਰ ਸਿੰਘ ਥਾਪਾ ਨੇਪਾਲ ਦੇ ਪ੍ਰਧਾਨ ਮੰਤਰੀ, ਭੀਮ ਸੈਨ, ਦਾ ਭਤੀਜਾ ਸੀ ਜੋ ਕਿ ਲਾਹੌਰ ਜਾਣਾ ਚਾਹੁੰਦਾ ਸੀ ਉਸ ਨੂੰ ਲੁਧਿਆਣੇ ਪੁੱਛ-ਪੜਤਾਲ ਲਈ ਫੜ ਲਿਆ ਗਿਆ ਅਤੇ ਮਹਾਰਾਜੇ ਨੇ ਕਾਜੀ ਅਮਰ ਸਿੰਘ ਤੋਂ ਮਾਥਵਰ ਸਿੰਘ ਬਾਰੇ ਪੁੱਛਿਆ ਜੋ ਕਿ ਉਸ ਵੇਲੇ ਦਰਬਾਰ ਵਿੱਚ ਮੌਜੂਦ ਸੀ ਉਸ ਨੇ ਜਵਾਬ ਦਿੱਤਾ ਕਿ ਮਾਥਵਰ ਸਿੰਘ ਇੱਕ ਮਸ਼ਹੂਰ ਗੋਰਖਾ ਜਰਨੈਲ ਹੈ। ਜੋ ਕਿ ਇੱਕ ਲੱਖ ਪ੍ਰਤੀ ਵਰ੍ਹਾ ਤਨਖਾਹ ਲੈਂਦਾ ਹੈ। 

ਨੇਪਾਲ ਦਾ ਪ੍ਰਧਾਨ ਮੰਤਰੀ ਭੀਮਸੇਨ ਥਾਪਾ।

ਮਹਾਰਾਜਾ ਰਣਜੀਤ ਸਿੰਘ ਨੇ ਕੈਪਟਨ ਵੇਡ ਨੂੰ ਲਿਖਿਆ ਕਿ ਮਾਥਵਰ ਸਿੰਘ ਨੂੰ ਪਾਸਪੋਰਟ ਜਾਰੀ ਕੀਤਾ ਜਾਵੇ।  

ਕੈਪਟਨ ਵੇਡ ਨੇ ਸਾਰਾ ਮਸਲਾ ਗਵਰਨਰ ਜਨਰਲ ਲਾਰਡ ਆਕਲੈਂਡ ਕੋਲ ਪਹੁੰਚਾਇਆ। ਗਵਰਨਰ ਜਨਰਲ ਨੇ 20 ਸਤੰਬਰ 1837 ਨੂੰ ਪਾਸਪੋਰਟ ਜਾਰੀ ਕਰਨ ਤੋਂ ਨਾ ਕਰ ਦਿੱਤੀ ਅਤੇ ਉਸ ਨੇ ਕੈਪਟਨ ਵੇਡ ਤੋਂ ਪੁੱਛਿਆ ਕਿ ਸਰਕਾਰ (ਰਣਜੀਤ ਸਿੰਘ) ਵੱਲੋਂ ਕਿੱਥੇ ਚੜ੍ਹਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਲਈ ਮਾਥਵਰ ਸਿੰਘ ਦੀਆਂ ਸੇਵਾਵਾਂ ਲੋੜੀਂਦੀਆਂ ਹਨ?। 

ਨੇਪਾਲ ਦੇ ਰਾਜੇ ਵੱਲੋਂ ਵੀ ਗਵਰਨਰ ਜਨਰਲ ਨੂੰ ਲਿਖਿਆ ਗਿਆ ਕਿ ਮਾਥਵਰ ਸਿੰਘ ਆਪਣੀ ਇੱਛਾ ਦੇ ਅਨੁਸਾਰ ਧਾਰਮਿਕ ਯਾਤਰਾ ਤੇ ਨਿਕਲਿਆ ਹੋਇਆ ਹੈ ਜਿਸ ਨੇ ਜਵਾਲਾ ਜੀ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣਾ ਹੈ ਅਤੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਕੇ ਤਿੰਨਾਂ ਸਰਕਾਰਾਂ ਦੀ ਮਿੱਤਰਤਾ ਅਤੇ ਏਕਤਾ ਵਧਾਉਣ ਦਾ ਚਾਹਵਾਨ ਹੈ

ਗਵਰਨਰ ਜਨਰਲ ਨੇ ਜੁਆਬ ਦਿੱਤਾ ਕਿ “ਮਾਥਵਰ ਸਿੰਘ ਗੁਪਤ ਤਰੀਕੇ ਨਾਲ ਆਇਆ ਹੈ ਜਿਹੜਾ ਕਿ ਸਹੀ ਨਹੀਂ ਅਤੇ ਉਸ ਨੂੰ ਕੋਈ ਵੀ ਪਾਸਪੋਰਟ ਜਾਰੀ ਨਹੀਂ ਕੀਤਾ ਜਾਵੇਗਾ

ਮਹਾਰਾਜਾ ਰਣਜੀਤ ਸਿੰਘ ਨੇ ਲੁਧਿਆਣੇ ਆਪਣੇ ਰਾਜਦੂਤ ਰਾਏ ਗੋਬਿੰਦ ਜੱਸ ਨੂੰ ਕੈਪਟਨ ਵੇਡ ਤੋਂ ਮਾਥਵਰ ਸਿੰਘ ਲਈ ਆਗਿਆ ਲੈਣ ਲਈ ਕਿਹਾ ਮਹਾਰਾਜੇ ਨੇ ਲਿਖਿਆ ਕਿ ਮੈਂ ਉਸ ਦੀ ਬਹਾਦਰੀ ਅਤੇ ਹਿੰਮਤ ਬਾਰੇ ਸੁਣਿਆ ਹੈ ਅਤੇ ਉਹ ਸਿਰਫ ਜਾਨਣਾ ਚਾਹੁੰਦਾ ਹੈ ਕਿ ਉਹ ਕਿਸ ਬਹਾਦਰੀ ਅਤੇ ਹਿੰਮਤ ਨਾਲ ਜੰਗਾਂ ਵਿੱਚ ਲੜਿਆ। ਉਹ ਬਰਤਾਨਵੀ ਸਰਕਾਰ ਦੀ ਆਗਿਆ ਤੋਂ ਬਿਨਾਂ ਮਾਥਵਰ ਸਿੰਘ ਦੀਆਂ ਕੋਈ ਵੀ ਸੇਵਾਵਾਂ ਸਿੱਖ ਫ਼ੌਜ ਵਿੱਚ ਨਹੀਂ ਲਵੇਗਾ। 

ਅਖੀਰ ਕੈਪਟਨ ਵੇਡ ਨੇ ਮਾਥਵਰ ਸਿੰਘ ਨੂੰ ਕਿਹਾ ਕਿ ਜੇ ਉਹ ਸਤਲੁਜ ਪਾਰ ਕਰਨਾ ਚਾਹੁੰਦਾ ਹੈ ਤਾਂ ਉਸ ਨਾਲ ਬਰਤਾਨਵੀ ਏਜੰਟ ਜਾਵੇਗਾ ਜੋ ਕਿ ਉਸ ਦੀਆਂ ਸਾਰੀਆਂ ਕਾਰਵਾਈਆਂ ਤੇ ਨਜ਼ਰ ਰੱਖੇਗਾ। ਮਾਥਵਰ ਸਿੰਘ 18 ਅਪ੍ਰੈਲ 1838 ਨੂੰ ਮਹਾਰਾਜੇ ਅੱਗੇ ਪੇਸ਼ ਹੋਇਆ। ਜਲਦੀ ਹੀ ਮਾਰਚ 1839 ਨੂੰ ਬਰਤਾਨਵੀ ਵਿਰੋਧ ਕਰਕੇ ਉਸ ਨੂੰ ਲਾਹੌਰ ਛੱਡਣ ਦੇ ਹੁਕਮ ਦਿੱਤੇ ਗਏ। 

ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਕਾਫੀ ਬੀਮਾਰ ਸੀ ਅਤੇ ਤਿੰਨ ਮਹੀਨਿਆਂ ਬਾਅਦ, 27 ਜੂਨ 1839, ਮਹਾਰਾਜੇ ਰਣਜੀਤ ਸਿੰਘ ਦਾ ਦਿਹਾਂਤ ਹੋ ਗਿਆ। 

ਉੱਪਰ ਦਿੱਤੀਆਂ ਸਾਰੀਆਂ ਘਟਨਾਵਾਂ ਦੇ ਵਿਸ਼ਲੇਸ਼ਣ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਰਾਜ ਅਤੇ ਨੇਪਾਲੀ ਰਾਜ ਇੱਕ ਦੂਜੇ ਨਾਲ ਗੱਠਜੋੜ ਕਰਨ ਦੇ ਇੱਛੁਕ ਸਨ। ਪਰ ਭੂਗੋਲਿਕ ਸਥਿਤੀਆਂ ਕਾਰਨ ਅਤੇ ਬਰਤਾਨਵੀ ਹਕੂਮਤ ਦੇ ਸਾਜਸ਼ੀ ਦਖਲ ਕਾਰਨ ਇਹ ਗਠਜੋੜ ਨੇਪਰੇ ਨਹੀਂ ਚੜ੍ਹ ਸਕਿਆ। ਅੰਗਰੇਜ਼ਾਂ ਨੇ ਦੋਵਾਂ ਸਰਕਾਰਾਂ ਦੀਆਂ ਨਜ਼ਦੀਕੀਆਂ ਨੂੰ ਹਮੇਸ਼ਾ ਕੈਰੀ ਅੱਖ ਨਾਲ ਵੇਖਿਆ ਅਤੇ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕੀਤੀ। 

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਦੀਆਂ ਇਹ ਕੋਸ਼ਿਸ਼ਾਂ ਜਾਰੀ ਰਹੀਆਂ। 

1841 ਦੀ ਬਸੰਤ ਰੁੱਤ ਵਿਚ, ਲੱਦਾਖ ਅਤੇ ਬਾਲਤਿਸਤਾਨ ਨੂੰ ਜਿੱਤਣ ਤੋਂ ਬਾਅਦ ਜ਼ੋਰਾਵਰ ਸਿੰਘ ਨੇ ਪੱਛਮੀ ਤਿੱਬਤ ਤੇ ਚੜ੍ਹਾਈ ਕਰਨ ਦਾ ਫੈਸਲਾ ਕੀਤਾ। ਇਸੇ ਹੀ ਪੱਛਮੀ ਤਿੱਬਤ ਦੇ ਇਲਾਕੇ ਵਿੱਚ ਧਾਰਮਿਕ ਅਸਥਾਨ ਕੈਲਾਸ਼  ਪਰਬਤਅਤੇ ਮਾਨਸਰੋਵਰ ਝੀਲਹੈ ਅਤੇ ਪੱਛਮੀ ਤਿੱਬਤ ਦਾ ਇਲਾਕਾ ਸੋਨੇ ਦੀਆਂ ਖਾਣਾਂ ਲਈ ਵੀ ਮਸ਼ਹੂਰ ਹੈ। 

ਡਾ:ਐੱਲ.ਸੀ ਦੱਤਾ ਮੁਤਾਬਕ, ਇਸ ਮੁਹਿੰਮ ਪਿੱਛੇ ਜਨਰਲ ਜ਼ੋਰਾਵਰ ਸਿੰਘ ਦੇ ਦੋ ਮੁੱਖ ਕਾਰਨ ਸਨ ਇੱਕ ਤਾਂ ਸੋਨੇ ਦੀਆਂ ਖਾਣਾਂ ਵਾਲੇ ਇਲਾਕੇ ਨੂੰ ਸਿੱਖ ਰਾਜ ਦੇ  ਕਬਜ਼ੇ ਅਧੀਨ ਕਰਨਾ ਅਤੇ ਦੂਸਰਾ ਪੱਛਮੀ ਤਿੱਬਤ ਤੋਂ ਕਸ਼ਮੀਰ ਵਾਇਆ ਲੱਦਾਖ ਸ਼ਾਲ-ਵੂਲ (ਉਂਨ) ਦੀ ਸਪਲਾਈ ਨੂੰ ਆਮ ਕਰਨਾ ਸੀ। ਬਰਤਾਨਵੀ ਸਰਕਾਰ ਮੁਤਾਬਕ ਉਸ ਦਾ ਇੱਕ ਤੀਜਾ ਕਾਰਨ ਵੀ ਸੀ ਜੋ ਕਿ ਪੱਛਮ ਤਿੱਬਤ ਰਾਹੀਂ ਪੰਜਾਬ ਨੂੰ ਭੂਗੋਲਿਕ ਤੌਰ ਤੇ,  ਜ਼ਮੀਨੀ ਰਸਤੇ ਰਾਹੀਂ, ਨੇਪਾਲ ਨਾਲ ਜੋੜਿਆ ਜਾ ਸਕੇ। ਜਿਸ ਤੋਂ ਦੋਹਾਂ ਦੇਸ਼ਾਂ ਵਿੱਚ ਰਾਜਨੀਤਿਕ ਗੱਠਜੋੜ ਅਤੇ ਵਪਾਰ ਵਰਗੇ ਮੌਕੇ ਨਿਕਲ ਸਕਣ। ਕਲਕੱਤੇ ਬੈਠੇ ਬਰਤਾਨਵੀ ਨੀਤੀ ਘਾੜੇ ਇਹ ਬਾ-ਖ਼ੂਬ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪੋਤਰਾ ਕੰਵਰ ਨੌਂਨਿਹਾਲ ਸਿੰਘ ਅੰਗਰੇਜ਼ ਵਿਰੋਧੀ ਸਿੱਖ-ਗੋਰਖਾ ਗੱਠਜੋੜ ਦਾ ਵੱਡਾ ਹਮਾਇਤੀ ਹੈ 

ਪਰ ਬਦਕਿਸਮਤੀ ਨਾਲ ਸਿੱਖ ਰਾਜ ਅਤੇ ਨੇਪਾਲੀ ਸਾਮਰਾਜ ਦੀਆਂ ਬੇਅੰਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਿੱਖ ਗੋਰਖਾ ਗਠਜੋੜ ਨੇਪਰੇ ਨਹੀਂ ਚੜ੍ਹ ਸਕਿਆ। ਜੇ ਅਜਿਹਾ ਹੋ ਸਕਿਆ ਹੁੰਦਾ ਤਾਂ ਅੱਜ ਦੱਖਣੀ ਏਸ਼ੀਆ ਦੇ ਹਲਾਤ ਕੁੱਝ ਵੱਖਰੇ ਹੁੰਦੇ। 

ਲੇਖਕ ਨਾਲ ਬਿਜਲ ਪਤੇ inderpsingh@outlook.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,