ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਦੂਸ਼ਿਤ ਨਹਿਰੀ ਪਾਣੀ ਦੇ ਮਸਲੇ ‘ਤੇ ਖਹਿਰਾ ਨੇ ਕੈਪਟਨ ਅਤੇ ਬਾਦਲਾਂ ਨੂੰ ਘੇਰਿਆ

May 16, 2018 | By

ਲੰਬੀ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਧਨੀਆਂ ਨੇੜੇ ਸਰਹਿੰਦ ਫੀਡਰ ਅਤੇ ਰਾਜਸਥਾਨ ਕੈਨਾਲ ’ਚ ਆਉਂਦੇ ਦੂਸ਼ਿਤ ਪਾਣੀਆਂ ਦੇ ਨਮੂਨੇ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ। ਸੁਖਪਾਲ ਖਹਿਰਾ ਪੰਜਾਬ ’ਚ ਸਨਅਤੀ ਕਚਰੇ ਤੇ ਸ਼ਹਿਰੀ ਗੰਦਗੀ ਕਰਕੇ ਮਨੁੱਖੀ ਸਿਹਤ ’ਚ ਘੁਲ ਰਹੀਆਂ ਜ਼ਹਿਰਾਂ ਦਾ ਮੁੱਦਾ ਕੌਮੀ ਗਰੀਨ ਟ੍ਰਿਬਿਊਨਲ ਤੇ ਪੰਜਾਬ ਵਿਧਾਨ ਸਭਾ ’ਚ ਲਿਜਾਣ ਦੇ ਰੌਂਅ ’ਚ ਹਨ। ਦੋਵਾਂ ਨਹਿਰਾਂ ’ਚ 30 ਅਪਰੈਲ ਦੀ ਪਾਣੀ ਬੰਦੀ ਮਗਰੋਂ ਕਾਲਾ, ਬਦਬੂਦਾਰ ਅਤੇ ਤੇਲਯੁਕਤ ਦੂਸ਼ਿਤ ਪਾਣੀ ਆ ਰਿਹਾ ਹੈ, ਜੋ ਫਸਲਾਂ ਤੇ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੈ। ਇਸ ਰੋਸ ਧਰਨੇ ਨਾਲ ਲੰਬੀ ਹਲਕੇ ਦੀ ‘ਆਪ’ ਵੀ ਸਰਗਰਮ ਨਜ਼ਰ ਆਈ।

ਸਰਹਿੰਦ ਫੀਡਰ ਅਤੇ ਰਾਜਸਥਾਨ ਕੈਨਾਲ ਦੇ ਪਾਣੀ ਦੇ ਨਮੂਨੇ ਭਰ ਕੇ ਲਿਜਾਂਦੇ ਹੋਏ ਸੁਖਪਾਲ ਸਿੰਘ ਖਹਿਰਾ

ਨਹਿਰਾਂ ਕੰਢੇ ਆਮ ਆਦਮੀ ਪਾਰਟੀ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਜਨਤਾ ਅਤੇ ਬੱਚਿਆਂ ਨੂੰ ਚੰਗੀ ਸਿਹਤ, ਚੰਗੀ ਸਿੱਖਿਆ ਤੇ ਚੰਗਾ ਭਵਿੱਖ ਦੇਣ ਦੇ ਕਾਬਿਲ ਨਹੀਂ ਤੇ ਨਾ ਹੀ ਸਰਕਾਰ ਪੰਜਾਬ ਵਿੱਚ ਸਨਅਤੀ ਕਚਰਾ ਅਤੇ ਸ਼ਹਿਰੀ ਗੰਦਗੀ ਦੇ ਨਿਬੇੜੇ ਲਈ ਟਰੀਟਮੈਂਟ ਪਲਾਂਟ ਲਗਾ ਸਕੀ ਹੈ ਜਿਸ ਕਾਰਨ ਦੂਸ਼ਿਤ ਨਹਿਰੀ ਪਾਣੀ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਦਸ ਸਾਲ ਅਕਾਲੀ ਸਰਕਾਰ ਅਤੇ ਹੁਣ ਕਾਂਗਰਸ ਸਰਕਾਰ ਬੁੱਢਾ ਨਾਲਾ ਤੋਂ ਨਹਿਰਾਂ ’ਚ ਪੈਂਦੇ ਸਨਅਤੀ ਕਚਰੇ ਬਾਰੇ ਠੋਸ ਕਦਮ ਨਹੀਂ ਚੁੱਕ ਰਹੀ। ਬਾਦਲਾਂ ’ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਲੰਬੀ ਹਲਕੇ ’ਚ ਵਸਦੇ ਸੁਖਬੀਰ ਹੋਰੀਂ ਤਾਂ ਦਿੱਲੀਓਂ ਸਾਫ਼ ਪਾਣੀ ਮੰਗਵਾ ਕੇ ਪੀ ਲੈਂਦੇ ਹੋਣਗੇ ਪਰ ਉਨ੍ਹਾਂ ਨੂੰ ਜਨਤਾ ਦੀ ਫ਼ਿਕਰ ਨਹੀਂ। ‘ਆਪ’ ਆਗੂ ਨੇ ਕਿਹਾ ਕਿ ਲੰਬੀ ਦੇ ਖੇਤਾਂ ਤੇ ਘਰ-ਘਰ ਪੁੱਜਣ ਵਾਲੇ ਦੂਸ਼ਿਤ ਪਾਣੀਆਂ ਦਾ ਮਸਲਾ ਉਠਾਉਣਾ ਪ੍ਰਕਾਸ਼ ਸਿੰਘ ਬਾਦਲ ਦਾ ਫ਼ਰਜ਼ ਬਣਦਾ ਸੀ। ਉਨ੍ਹਾਂ ਨਹਿਰਾਂ ਵਿੱਚੋਂ ਪਾਣੀ ਦੇ ਨਮੂਨਿਆਂ ਬਾਰੇ ਕਿਹਾ ਕਿ ਲੈਬਾਰਟਰੀ ’ਚ ਜਾਂਚ ਕਰਵਾ ਕੇ ਕੌਮੀ ਗਰੀਨ ਟ੍ਰਿਬਿਊਨਲ ਅਤੇ ਵਿਧਾਨ ਸਭਾ ’ਚ ਮਾਮਲਾ ਉਠਾਉਣਗੇ। ਉਨ੍ਹਾਂ ਪਿਛਲੇ 30 ਸਾਲਾਂ ਦੌਰਾਨ ਪੰਜਾਬ ਦੇ ਆਰਥਿਕ, ਸਮਾਜਿਕ ਤੇ ਧਾਰਮਿਕ ਨਿਘਾਰ ਲਈ ਕੈਪਟਨ ਤੇ ਬਾਦਲ ਦੋਵਾਂ ਨੂੰ ਜ਼ਿੰਮੇਵਾਰ ਦੱਸਿਆ।

ਇਸ ਮੌਕੇ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਬਲਦੇਵ ਸਿੰਘ ਆਜ਼ਾਦ, ਜ਼ਿਲ੍ਹਾ ਪ੍ਰਧਾਨ ਜਗਦੀਪ ਸੰਧੂ, ਨਰਿੰਦਰ ਸਿੰਘ ‘ਨਾਟੀ’, ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਗੁਰਮੀਤ ਸਿੰਘ ਪੰਨੀਵਾਲਾ, ਇੰਦਰਜੀਤ ਸਿੰਘ ਡੱਬਵਾਲੀ, ਪ੍ਰਿਤਪਾਲ ਮਿਠੜੀ, ਜਸਵੀਰ ਹਾਕੂਵਾਲਾ, ਕੀਰਤ ਸਿੰਘ ਸੰਧੂ, ਜਸਦੇਵ ਸੰਧੂ, ਬਲਵਿੰਦਰ ਲੰਬੀ ਨੇ ਧਰਨੇ ਨੂੰ ਸੰਬੋਧਨ ਕੀਤਾ।

ਇਸੇ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਲੰਬੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਮਰਿੰਦਰ ਸਿੰਘ ਦੇ ਰਜਵਾੜਾਸ਼ਾਹੀ ਸੁਭਾਅ ਕਾਰਨ ਕਾਂਗਰਸ ਸਰਕਾਰ ਪੰਜ ਸਾਲ ਪੂਰੇ ਨਹੀਂ ਕਰ ਸਕੇਗੀ ਤੇ ਆਉਂਦੇ ਛੇ ਮਹੀਨਿਆਂ ਵਿੱਚ ਹੀ ਕਾਂਗਰਸੀ ਵਿਧਾਇਕਾਂ ਦੀ ਬਗ਼ਾਵਤ ਰਾਹੁਲ ਗਾਂਧੀ ਦੇ ਦਰਬਾਰ ਪੁੱਜ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਕਾਂਗਰਸ ਸਰਕਾਰ ਨੂੰ ਨਵੇਂ ਮੁੱਖ ਮੰਤਰੀ ਨਾਲ ਕਾਰਜਕਾਲ ਪੂਰਾ ਕਰਨਾ ਪਵੇ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਉਹ ਹੁਣ ਪਾਕਿਸਤਾਨ ਦੇ ਗ਼ੁਲਾਮ ਬਣ ਗਏ ਹਨ।

ਪੁਲੀਸ ਅਫ਼ਸਰਾਂ ਨੂੰ ਜ਼ਮੀਰ ਦੀ ਆਵਾਜ਼ ਸੁਣਨ ਦੀ ਨਸੀਹਤ
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਭੌਂ ਮਾਫ਼ੀਆ ਦੀ ਹਕੂਮਤ ਹੈ ਤੇ ਹਾਲਾਤ ਅਣਐਲਾਨੀ ਐਮਰਜੈਂਸੀ ਵਰਗੇ ਬਣੇ ਹੋਏ ਹਨ। ਖਹਿਰਾ ਨੇ ਪੁਲੀਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਜ਼ਮੀਰ ਦੀ ਆਵਾਜ਼ ਅਨੁਸਾਰ ਡਿਊਟੀ ਕਰਨ ਅਤੇ ਕਾਂਗਰਸੀ ਲੀਡਰਾਂ ਦੇ ਗ਼ਲਤ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਨ। ਉਨ੍ਹਾਂ ਇੱਥੇ ਆਖਿਆ ਕਿ ਪੰਜਾਬ ਪੁਲੀਸ ਦਾ ਮਨੋਬਲ ਇਸ ਵੇਲੇ ਡਿੱਗਾ ਹੋਇਆ ਹੈ। ਖਹਿਰਾ ਨੇ ਆਖਿਆ ਫ਼ਿਰੋਜ਼ਪੁਰ ਵਿੱਚ ਪੁਲੀਸ ਦੀ ਕਾਂਗਰਸੀ ਆਗੂਆਂ ਨੇ ਕੁੱਟਮਾਰ ਕਰ ਦਿੱਤੀ ਹੈ ਤੇ ਉਸ ਤੋਂ ਪਹਿਲਾਂ ਥਾਣੇਦਾਰ ਪਰਮਿੰਦਰ ਬਾਜਵਾ ਵਾਲਾ ਮਾਮਲਾ ਸਭ ਦੇ ਸਾਹਮਣੇ ਹੈ। ਉਨ੍ਹਾਂ ਆਖਿਆ ਕਿ ਥਾਣੇਦਾਰ ਅਤੇ ਪੁਲੀਸ ਅਫ਼ਸਰ ਕੈਪਟਨ ਸਰਕਾਰ ਦੇ ‘ਗ਼ਲਤ’ ਕੰਮਾਂ ਵਿੱਚ ਭਾਈਵਾਲ ਨਾ ਬਣਨ, ਬਲਕਿ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣ ਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ। ਖਹਿਰਾ ਨੇ ਆਖਿਆ ਕਿ ਪੰਜਾਬ ਵਿੱਚ ਹੁਣ ਇਕੱਲਾ ‘ਸੈਂਡ ਮਾਫ਼ੀਆ’ ਨਹੀਂ, ਬਲਕਿ ਨਵਾਂ ‘ਲੈਂਡ ਮਾਫ਼ੀਆ’ ਕੰਮ ਕਰਨ ਲੱਗਾ ਹੈ, ਜਿਸ ਦੀ ਸ਼ੁਰੂਆਤ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਕਮ ਧਿਰ ਦੇ ਵਿਧਾਇਕਾਂ ਦੀ ਤਿੱਕੜੀ ਇਸ ਕੰਮ ਵਿੱਚ ਲੱਗੀ ਹੋਈ ਹੈ, ਜਿਸ ਦਾ ਜਨਤਕ ਵਿਰੋਧ ਵੀ ਹੋ ਰਿਹਾ ਹੈ। ਇਸ ਮੌਕੇ ‘ਆਪ’ ਵਿਧਾਇਕ ਗੁਰਜੀਤ ਸਿੰਘ ਕਮਾਲੂ ਅਤੇ ‘ਆਪ’ ਆਗੂ ਦੀਪਕ ਬਾਂਸਲ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,