ਸਿੱਖ ਖਬਰਾਂ

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਖਾਲਸਾ ਸਾਜ਼ਨਾ ਦਿਵਸ

April 15, 2015 | By

ਸੰਗਰੂਰ (14 ਅਪ੍ਰੈਲ, 2015 ): ਖ਼ਾਲਸੇ ਦਾ ਸਿਰਜਨਾ ਦਿਵਸ ਵਿਸਾਖੀ ਦਾ ਪਵਿੱਤਰ ਦਿਹਾੜਾ ਅੱਜ ਜਿੱਥੇ ਪੂਰੀ ਦੁਨੀਆ ‘ਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ, ਓਥੇ ਹੀ ਇਸ ਦਿਹਾੜੇ ‘ਤੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ‘ਚ ਪੁੱਜੀਆਂ ਸੰਗਤਾਂ ਨੇ ਮੱਥਾ ਟੇਕਿਆ।

ਲੱਖਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਗੁਰੂ ਘਰ ਆ ਕੇ ਮੱਥਾ ਟੇਕ ਗੁਰੂ ਦਾ ਆਸ਼ੀਰਵਾਦ ਲਿਆ। ਸਵੇਰ ਤੋਂ ਹੀ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰ ਕੇ ਗੁਰੂ ਦੇ ਦਰਸ਼ਨਾਂ ਲਈ ਮੱਥਾ ਟੇਕਦੇ ਨਜ਼ਰ ਆਏ। ਸ਼੍ਰੋਮਣੀ ਕਮੇਟੀ ਵੱਲੋਂ ਇਸ ਪਵਿੱਤਰ ਦਿਹਾੜੇ ‘ਤੇ ਸ਼ਰਧਾਲੂਆਂ ਦੀ ਆਮਦ ਨੂੰ ਵੇਖਦੇ ਹੋਏ ਲੰਗਰਾਂ ਤੇ ਰਿਹਾਇਸ਼ ਦੇ ਪ੍ਰਬੰਧ ਤੋ ਇਲਾਵਾ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ।

ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਦੇ ਸਾਜਨਾ ਦਿਹਾੜੇ 'ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ

ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਦੇ ਸਾਜਨਾ ਦਿਹਾੜੇ ‘ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ

ਤਖਤ ਸਾਹਿਬ ਦੇ ਦੀਵਾਨ ਹਾਲ ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ। ਪੰਥ ਪ੍ਰਸਿੱਧ ਕੀਰਤਨੀ ਜਥਿਆਂ, ਕਥਾ ਵਾਚਕਾਂ, ਢਾਡੀਆ ਨੇ ਗੁਰਬਾਣੀ ਜਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

ਕਣਕ ਦੀ ਵਾਢੀ ਲੇਟ ਹੋਣ ਕਰਕੇ ਮੇਲੇ ਵਿਚ ਇਸ ਵਾਰ ਵੱਡੀ ਗਿਣਤੀ ‘ਚ ਸੰਗਤਾਂ ਪੁੱਜੀਆਂ। ਸ਼੍ਰੋਮਣੀ ਕਮੇਟੀ ਵਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਮੁੱਖ ਗੁਰਦਆਰਾ ਸਾਹਿਬ ਸਮੇਤ ਸਾਰੇ ਹੀ ਗੁਰਦੁਆਰਿਆਂ ਨੂੰ ਸਜਾਇਆ ਗਿਆ।

ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾਣ ਲਈ ਸਮੁੱਚੇ ਮਾਰਗ ‘ਤੇ ਲੰਮੀਆਂ ਕਤਾਰਾ ਲੱਗੀਆ ਰਹੀਆਂ ਅਤੇ ਥਾਂ-ਥਾਂ ‘ਤੇ ਸੰਗਤਾਂ ਲਈ ਲੰਗਰ ਲਗਾਏ ਗਏ। ਇਸ ਮੌਕੇ ਸ਼ਰਧਾਲੂਆਂ ਵਾਸਤੇ ਵਿਸ਼ੇਸ਼ ਬੱਸਾਂ ਬਠਿੰਡਾ ਅਤੇ ਵੱਖ-ਵੱਖ ਥਾਵਾਂ ਤੋਂ ਚੱਲਦੀਆਂ ਰਹੀਆਂ।

ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਵਿੱਚ ਵੱਡੀ ਗਿਣਤੀ ਵਿੱਚ ਅੰਮ੍ਰਿਤ ਅਭਿਲਾਸ਼ੀਆਂ ਨੇ ਅੰਮ੍ਰਿਤ ਛਕਿਆ ਅਤੇ ਗੁਰੂ ਸਾਹਿਬ ਦੇ ਮਾਰਗ ਦੇ ਪਾਂਦੀ ਬਨਣ ਦਾ ਪ੍ਰਣ ਲ਼ਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: