ਸਿਆਸੀ ਖਬਰਾਂ

ਵਿਦੇਸ਼ਾਂ ‘ਚ ਬੈਠੇ ਖਾਲਿਸਤਾਨੀ ਹੀ ਭੇਜ ਰਹੇ ਨੇ ‘ਆਪ’ ਨੂੰ ਪੈਸੇ: ਹਰਸਿਮਰਤ ਬਾਦਲ

January 14, 2017 | By

ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖਾਲਿਸਤਾਨੀਆਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਖ਼ਾਤਰ ‘ਆਪ’ ਨੂੰ ਫੰਡ ਭੇਜੇ ਜਾ ਰਹੇ ਰਹੇ ਹਨ। ਉਨ੍ਹਾਂ ਕਿਹਾ ਕਿ ਕੱਟੜ ਧਿਰਾਂ ਤੇ ‘ਆਪ’ ਵੱਲੋਂ ਗੁਪਤ ਰਣਨੀਤੀ ਘੜੀ ਗਈ ਹੈ, ਜਿਸ ਵਿੱਚ ਅਕਾਲੀ ਉਮੀਦਵਾਰਾਂ ’ਤੇ ਹਮਲੇ ਕਰਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ’ਤੇ ਹਮਲਾ ਕਰਾਉਣਾ ਵੀ ‘ਆਪ’ ਤੇ ਗਰਮਖਿਆਲੀ ਧਿਰਾਂ ਦੀ ਅਗਾਊਂ ਯੋਜਨਾ ਦਾ ਹਿੱਸਾ ਸੀ। ਉਨ੍ਹਾਂ ਆਖਿਆ ਕਿ ‘ਆਪ’ ਦੇ ਅਰਵਿੰਦ ਕੇਜਰੀਵਾਲ ਅਤੇ ਜਰਨੈਲ ਸਿੰਘ ਇਨ੍ਹਾਂ ਗਰਮਖਿਆਲੀ ਧਿਰਾਂ ਨਾਲ ਕਈ ਮੀਟਿੰਗਾਂ ਕਰ ਚੁੱਕੇ ਹਨ।

ਚੋਣ ਜਲਸੇ ਨੂੰ ਸੰਬੋਧਨ ਕਰਦੀ ਹੋਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ

ਚੋਣ ਜਲਸੇ ਨੂੰ ਸੰਬੋਧਨ ਕਰਦੀ ਹੋਈ ਕੇਂਦਰੀ ਮੰਤਰੀ ਹਰਸਿਮਰਤ ਬਾਦਲ

ਹਰਸਿਮਰਤ ਬਾਦਲ ਨੇ ਕੱਲ੍ਹ ਬਠਿੰਡਾ (ਦਿਹਾਤੀ) ਤੋਂ ਅਕਾਲੀ ਉਮੀਦਵਾਰ ਅਮਿਤ ਰਤਨ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਆਖਿਆ ਕਿ ਪਾਕਿਸਤਾਨ ਦੀ ਆਈਐਸਆਈ ਵੱਲੋਂ ਦਹਿਸ਼ਤ ਫੈਲਾਉਣ ਲਈ ਵਿਦੇਸ਼ਾਂ ਵਿੱਚ ਬੈਠੇ ਖ਼ਾਲਿਸਤਾਨ ਪੱਖੀਆਂ ਨੂੰ ਫੰਡ ਦਿੱਤੇ ਜਾ ਰਹੇ ਹਨ, ਜੋ ਅੱਗੇ ਇਹੋ ਫੰਡ ‘ਆਪ’ ਨੂੰ ਭੇਜ ਰਹੇ ਹਨ ਤੇ ‘ਆਪ’ ਦੇ ਆਗੂ ਪੰਜਾਬ ਵਿੱਚ ਹਿੰਸਾ ਭੜਕਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਬੁਢਲਾਡਾ ਵਿੱਚ ਕੋਈ ਭੜਕਾਊ ਟਿੱਪਣੀ ਨਹੀਂ ਕੀਤੀ ਸੀ। ਕੇਂਦਰੀ ਮੰਤਰੀ ਨੇ ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਧਿਰ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਤੋਂ ਇਨਕਾਰ ਕਰਦੇ ਹੋਏ ਆਖਿਆ ਕਿ ਐਤਕੀਂ ਅਕਾਲੀ ਦਲ 2012 ਤੋਂ ਵੀ ਚੰਗੀ ਲੀਡ ਲਵੇਗਾ।

ਕੇਂਦਰੀ ਮੰਤਰੀ ਨੇ ਆਖਿਆ ਕਿ ‘ਆਪ’ ਇਸ ਵੇਲੇ ਕਾਂਗਰਸ ਦੀ ‘ਬੀ’ ਟੀਮ ਹੈ। ਇਸ ਕਰਕੇ ਕੈਪਟਨ ਅਮਰਿੰਦਰ ਅਤੇ ਬੀਬੀ ਭੱਠਲ ਖ਼ਿਲਾਫ਼ ‘ਆਪ’ ਨੇ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਹਨ। ਕਾਂਗਰਸ ਨੇ ਹੀ ਉਨ੍ਹਾਂ ਦੇ ਘਰ ਵਿੱਚ ਫੁੱਟ ਪਾ ਕੇ ਮਨਪ੍ਰੀਤ ਨੂੰ ਪੀਪੀਪੀ ਬਣਵਾ ਕੇ ਖੜ੍ਹਾ ਕੀਤਾ ਸੀ ਅਤੇ ਇਵੇਂ ਹੀ ਦਿੱਲੀ ਵਿੱਚ ਭਾਜਪਾ ਦੇ ਰਾਹ ਰੋਕਣ ਖ਼ਾਤਰ ਕੇਜਰੀਵਾਲ ਨੂੰ ਖੜ੍ਹਾ ਕੀਤਾ ਸੀ। ਕੇਂਦਰੀ ਮੰਤਰੀ ਨੇ ਭਗਵੰਤ ਮਾਨ ਨੂੰ ਜੋਕਰ ਦੱਸਦਿਆਂ ਕਿਹਾ ਕਿ ਉਨ੍ਹਾਂ ਵਿੱਚ ਸੰਜੀਦਾ ਸਿਆਸਤਦਾਨ ਵਾਲੀ ਕੋਈ ਗੱਲ ਨਹੀਂ ਹੈ।

ਉਨ੍ਹਾਂ ਆਖਿਆ ਕਿ ਮਨਪ੍ਰੀਤ ਬਾਦਲ ਬੌਖਲਾਹਟ ਵਿੱਚ ਉਨ੍ਹਾਂ ਦੇ ਪਰਿਵਾਰ ’ਤੇ ਨਿੱਜੀ ਹਮਲੇ ਕਰ ਰਿਹਾ ਹੈ। ਹਰਸਿਮਰਤ ਨੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਅਕਾਲੀ ਵਰਕਰਾਂ ਨੂੰ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ‘ਆਪ’ ਦੇ ਵਾਲੰਟੀਅਰਾਂ ਵਾਂਗ ਕੰਮ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਕੈਪਟਨ ਅਮਰਿੰਦਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਕਰਜ਼ਾ ਮੁਆਫ਼ੀ ਦੇ ਫਾਰਮ ਭਰਵਾ ਕੇ ਕਿਸਾਨਾਂ ਨੂੰ ਮੂਰਖ ਬਣਾ ਰਹੀ ਹੈ। ਇਸ ਮੌਕੇ ਅਕਾਲੀ ਉਮੀਦਵਾਰ ਅਮਿਤ ਰਤਨ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,