ਸਿੱਖ ਖਬਰਾਂ

ਬਹਿਬਲ ਕਲਾਂ ਗੋਲੀਕਾਂਡ: ਜਸਟਿਸ ਕਾਟਜੂ ਕਮਿਸ਼ਨ ਨੇ ਘਟਨਾ ਸਥਾਨ ‘ਤੇ ਪਹੰਚ ਕੇ ਜਾਂਚ ਕੀਤੀ ਸ਼ੁਰੂ

January 31, 2016 | By

ਕੋਟਕਪੂਰਾ ( 30 ਜਨਵਰੀ, 2016): ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੋਂ ਬਾਅਦ ਪਿੰਡ ਬਹਿਬਲ ਕਲਾਂ ਵਿੱਚ ਵਾਪਰੇ ਗੋਲੀ ਕਾਂਡ ਦੀ ਜਾਂਚ ਲਈ ਜਸਟਿਸ ਮਾਰਕੰਡੇ ਕਾਟਜੂ ਕਮਿਸ਼ਨ ਪਿੰਡ ਬਹਿਬਲ ਕਲਾਂ ਵਿੱਚ ਪਹੁੰਚਿਆ।

ਜਸਟਿਸ ਕਾਟਜੂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਜਿੱਥੇ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਦੋ ਸਿੱਖ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ ਸਨ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ ਸਨ।

ਪਿੰਡ ਬਹਿਬਲ ਕਲਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਜਸਟਿਸ ਕਾਟਜੂ ਅਤੇ ਨਾਲ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਹੋਰ

ਪਿੰਡ ਬਹਿਬਲ ਕਲਾਂ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਜਸਟਿਸ ਕਾਟਜੂ ਅਤੇ ਨਾਲ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਹੋਰ

ਅੱਜ ਉਹ ਕਰੀਬ ਡੇਢ ਘੰਟਾ ਪਿੰਡ ਵਿੱਚ ਰਹੇ ਅਤੇ ਲੋਕਾਂ ਤੋਂ ਘਟਨਾ ਬਾਰੇ ਮੁੱਢਲੇ ਤੱਥ ਇਕੱਠੇ ਕੀਤੇ। ਭਲਕੇ ਐਤਵਾਰ ਨੂੰ ਉਹ ਪਿੰਡ ਬਹਿਬਲ ਕਲਾਂ ਦੇ ਗੁਰੂ ਘਰ ਵਿੱਚ ਗੋਲੀ ਕਾਂਡ ਦੇ ਚਸ਼ਮਦੀਦਾਂ ਅਤੇ ਘਟਨਾ ਦੀ ਜਾਣਕਾਰੀ ਰੱਖਣ ਵਾਲਿਆਂ ਤੋਂ ਵੇਰਵੇ ਲੈਣਗੇ।

ਜਸਟਿਸ ਕਾਟਜੂ ਕਮਿਸ਼ਨ ਗ਼ੈਰ ਸਰਕਾਰੀ ਤੌਰ ’ਤੇ ਇਸ ਘਟਨਾ ਦੀ ਜਾਂਚ ਕਰੇਗਾ। ਸਿੱਖਸ ਫ਼ਾਰ ਹਿਊਮਨ ਰਾਈਟਸ ਤੇ ਹੋਰ ਜਥੇਬੰਦੀਆਂ ਵੱਲੋਂ ੳੁਨ੍ਹਾਂ ਨੂੰ ਘਟਨਾ ਦੀ ਨਿਰਪੱਖ ਜਾਂਚ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਮਗਰੋਂ ਉਨ੍ਹਾਂ ਇਹ ਜ਼ਿੰਮੇਵਾਰੀ ਸੰਭਾਲੀ ਹੈ। ਉਨ੍ਹਾਂ ਦੀ ਆਮਦ ਮੌਕੇ ਸਿੱਖਸ ਫ਼ਾਰ ਹਿਊਮਨ ਰਾਈਟਸ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਅਤੇ ਲਾਅਰਜ਼ ਫ਼ਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਪ੍ਰਤੀਨਿਧ ਵੀ ਉਨ੍ਹਾਂ ਦੇ ਨਾਲ ਸਨ।

ਨੁਮਾਇੰਦਿਆਂ ਨੇ ਕਿਹਾ ਕਿ ਬਹਿਬਲ ਕਲਾਂ ਕਾਂਡ ’ਚ ਕਾਨੂੰਨ ਦੀ ਵਿਆਪਕ ਉਲੰਘਣਾ ਹੋਈ ਹੈ, ਜਿਸ ਵਿੱਚ ਦੋ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਪੜਤਾਲ ਬਾਅਦ ‘ਦੋਸ਼ੀਆਂ’ ਨੂੰ ਜਨਤਕ ਤੌਰ ’ਤੇ ਬੇਪਰਦ ਕੀਤਾ ਜਾਵੇਗਾ।

ਫਿਲਹਾਲ ਇਸ ਪੜਤਾਲ ਨੂੰ ਭਾਵੇਂ ਗੋਲੀ ਕਾਂਡ ਤੱਕ ਹੀ ਮਹਿਦੂਦ ਰੱਖਿਆ ਗਿਆ ਹੈ ਜੇਕਰ ਇਸ ਦੀਆਂ ਤੰਦਾਂ ਕੋਟਕਪੂਰਾ ਲਾਠੀਚਾਰਜ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜਦੀਆਂ ਹੋਈਆਂ ਤਾਂ ਪੜਤਾਲ ਦੇ ਘੇਰੇ ਨੂੰ ਵਧਾੳੁਣ ਤੋਂ ਸੰਕੋਚ ਨਹੀਂ ਕੀਤਾ ਜਾਵੇਗਾ। ਭਲਕੇ ਬਹਿਬਲ ਕਲਾਂ ਦੇ ਗੁਰਦੁਆਰਾ ਸਾਹਿਬ ’ਚ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਜਸਟਿਸ ਕਾਟਜੂ ਲੋਕਾਂ ਨੂੰ ਮਿਲ ਕੇ ਘਟਨਾਵਾਂ ਦੀ ਜਾਣਕਾਰੀ ਲੈਣਗੇ। ਜਾਂਚ ਦੀ ਵਿਲੱਖਣਤਾ ਹੈ ਕਿ ਜੇਕਰ ਘਟਨਾਵਾਂ ਬਾਰੇ ਪੁਲੀਸ ਆਪਣਾ ਪੱਖ ਰੱਖਣਾ ਚਾਹੇ ਤਾਂ ਉਸ ਦਾ ਵੀ ਸੁਆਗਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਉਹ ਸਰਕਾਰ ਵੱਲੋਂ ਗਠਿਤ ਕੀਤੇ ਕਿਸੇ ਵੀ ਸਰਕਾਰੀ ਕਮਿਸ਼ਨ ਸਬੰਧੀ ਕੋਈ ਟਿੱਪਣੀ ਨਹੀਂ ਕਰਨਗੇ । ਉਨ੍ਹਾਂ ਦਾ ਕਿਸੇ ਵੀ ਸਿਆਸੀ ਪਾਰਟੀ ਜਾਂ ਕਿਸੇ ਸੰਗਠਨ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਉਹ ਕਿਸੇ ਦੇ ਦਬਾਅ ਹੇਠ ਆਪਣੀ ਜਾਂਚ ਕਰਨਗੇ । ਉਹ ਬਹੁਤ ਜਲਦੀ ਆਪਣੀ ਜਾਂਚ ਦੀ ਰਿਪੋਰਟ ਲੋਕਾਂ ਸਾਹਮਣੇ ਰੱਖਣਗੇ । ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਰਗਾੜੀ ਅਤੇ ਹੋਰਨਾਂ ਸਥਾਨਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੀ ਘਟਨਾਵਾਂ ਬਹੁਤ ਮੰਦਭਾਗੀਆਂ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਧਰਮਾਂ ਦੇ ਸਾਂਝੇ ਹਨ ਅਤੇ ਸਾਰੇ ਧਰਮਾਂ ਦੇ ਲੋਕ ਇਨ੍ਹਾਂ ਦਾ ਸਤਿਕਾਰ ਕਰਦੇ ਹਨ ।

ਇਸ ਮੌਕੇ ਜਸਟਿਸ ਮਾਰਕੰਡੇ ਕਾਟਜੂ ਦੇ ਨਾਲ ਐਡਵੋਕੇਟ ਹਰਪਾਲ ਸਿੰਘ ਚੀਮਾ, ਸਾਬਕਾ ਡੀ.ਜੀ. ਪੀ. (ਜੇਲ੍ਹਾਂ) ਸ਼ਸ਼ੀ ਕਾਂਤ, ਐਡਵੋਕੇਟ ਜਤਿੰਦਰ ਰਾਏ ਖੱਟੜ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਗੁਰਦੀਪ ਸਿੰਘ ਬਠਿੰਡਾ, ਸੁਰਜੀਤ ਸਿੰਘ ਅਰਾਈਆਂ ਵਾਲਾ, ਪ੍ਰੀਤਪਾਲ ਸਿੰਘ ਭਲੂਰੀਆ, ਜਸਵਿੰਦਰ ਸਿੰਘ ਸਾਹੋ ਕੇ, ਇਕਬਾਲ ਸਿੰਘ ਸੰਧੂ, ਗੁਰਾ ਸਿੰਘ, ਮਾਸਟਰ ਗੁਰਚਰਨ ਸਿੰਘ, ਸੁਖਪਾਲ ਸਿੰਘ, ਸੁਖਮੰਦਰ ਸਿੰਘ, ਰਾਮਚਰਨ ਸਿੰਘ, ਕੁਲਦੀਪ ਸਿੰਘ ਸਮੇਤ ਕਈ ਮੋਹਤਬਰ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ  12 ਅਕਤੂਬਰ, 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਵਿਰੋਧ ਕਰ ਰਹੇ ਸਿੱਖ ਕਾਰਕੁਨਾਂ ‘ਤੇ ਕੋਟਕਪੂਰਾ ਦੇ ਮੇਨ ਚੌਂਕ ਅਤੇ ਬਹਿਬਲ ਕਲਾਂ ਵਿਖੇ ਪੰਜਾਬ ਪੁਲੀਸ ਵੱਲੋਂ ਲਾਠੀਚਾਰਜ ਅਤੇ ਗੋਲੀਬਾਰੀ ਦੀ ਘਟਨਾਵਾਂ ਵਾਪਰੀਆਂ ਜਿਸ ਦੌਰਾਨ ਬਹਿਬਲ ਕਲਾਂ ਤੇ ਨਿਆਮੀਆਂ ਵਾਲਾ ਦੇ ਵਸਨੀਕ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸ਼ਹੀਦ ਹੋ ਗਏ ਸਨ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਹੋਏ ਸਨ, ਜਿਸ ਦਾ ਵਿਰੋਧ ਪੂਰੇ ਪੰਜਾਬ ਵਿਚ ਫੈਲ ਗਿਆ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,